CM Mann’s video is fake! CM ਮਾਨ ਦੀ ਵੀਡੀਓ Fake! ਕਿਸੇ ਐਕਟਰ ਨੂੰ ਖੜ੍ਹਾ ਕਰਕੇ ਤਿਆਰ ਕਰਵਾਈ ਗਈ ਸੀ Video; ਹਰਪਾਲ ਚੀਮਾ ਵੱਲੋਂ ਫੋਰੈਂਸਿਕ ਰਿਪੋਰਟਾਂ ਜਨਤਕ

On: ਜੂਨ 18, 2026 7:17 ਬਾਃ ਦੁਃ

 

CM Mann’s video is fake! ਕਿਸੇ ਐਕਟਰ ਨੂੰ ਖੜ੍ਹਾ ਕਰਕੇ ਤਿਆਰ ਕਰਵਾਈ ਗਈ ਸੀ Video; ਹਰਪਾਲ ਚੀਮਾ ਵੱਲੋਂ ਫੋਰੈਂਸਿਕ ਰਿਪੋਰਟਾਂ ਜਨਤਕ

ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਪੰਜਾਬ ਤੋਂ ਬਾਹਰ ਦੀਆਂ 2 ਲੈਬਾਂ ਨੇ 1191 ਵੱਖ-ਵੱਖ ਐਂਗਲਾਂ ਤੋਂ ਕੀਤਾ ਵੀਡੀਓ ਦਾ ਵਿਸ਼ਲੇਸ਼ਣ

ਚਿਹਰੇ ਦੇ ਹਾਵ-ਭਾਵ, ਲੰਬਾਈ ਅਤੇ ਤੁਰਨ ਦੇ ਸਟਾਈਲ ਦਾ ਨਹੀਂ ਹੋਇਆ ਮਿਲਾਨ, ਬਦਨਾਮ ਕਰਨ ਲਈ ਰਚੀ ਗਈ ਸਾਜ਼ਿਸ਼

“ਸੁਖਬੀਰ ਬਾਦਲ ਐਂਡ ਕੰਪਨੀ ਪੰਥ ਵਿਰੋਧੀ, ਧਾਰਮਿਕ ਭਾਵਨਾਵਾਂ ਭੜਕਾ ਕੇ ਪੰਜਾਬ ‘ਚ ਅਸ਼ਾਂਤੀ ਫੈਲਾਉਣਾ ਚਾਹੁੰਦਾ ਹੈ ਅਕਾਲੀ ਦਲ” – ਵਿੱਤ ਮੰਤਰੀ

ਚੰਡੀਗੜ੍ਹ, 18 ਜੂਨ 2026:

CM Mann’s video is fake! ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਇੱਕ ਬਹੁਤ ਵੱਡਾ ਭੂਚਾਲ ਆ ਗਿਆ, ਜਦੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਜਨਰਲ ਸਕੱਤਰ ਬਲਤੇਜ ਸਿੰਘ ਪੰਨੂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਦਨਾਮ ਕਰਨ ਦੀ ਇੱਕ ਕਥਿਤ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਦੋ ਵੱਡੀਆਂ ਫੋਰੈਂਸਿਕ ਰਿਪੋਰਟਾਂ ਜਨਤਕ ਕੀਤੀਆਂ ਗਈਆਂ। ਚੰਡੀਗੜ੍ਹ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਕਰਦਿਆਂ ਹਰਪਾਲ ਚੀਮਾ ਨੇ ਸ਼ਿਰੋਮਣੀ ਅਕਾਲੀ ਦਲ (ਬਾਦਲ) ‘ਤੇ ਤਿੱਖੇ ਹਮਲੇ ਕੀਤੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਅਕਸ ਨੂੰ ਖ਼ਰਾਬ ਕਰਨ ਲਈ ਅਕਾਲੀ ਦਲ ਵੱਲੋਂ ਇੱਕ ਨਕਲੀ ਅਤੇ ਫਰਜ਼ੀ ਵੀਡੀਓ ਤਿਆਰ ਕਰਵਾਈ ਗਈ ਸੀ, ਜੋ ਕਿ ਜਾਂਚ ਰਿਪੋਰਟਾਂ ਵਿੱਚ ਪੂਰੀ ਤਰ੍ਹਾਂ ਝੂਠੀ ਸਾਬਤ ਹੋਈ ਹੈ। ਮੀਡੀਆ ਸਾਹਮਣੇ ਰਿਪੋਰਟਾਂ ਦੇ ਤੱਥ ਪੇਸ਼ ਕਰਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਇਸ ਫਰਜ਼ੀ ਵੀਡੀਓ ਦੀ ਸੱਚਾਈ ਸਾਹਮਣੇ ਲਿਆਉਣ ਲਈ ਪੰਜਾਬ ਤੋਂ ਬਾਹਰ ਦੀਆਂ ਦੋ ਸੁਤੰਤਰ (Independent) ਲੈਬਾਰਟਰੀਆਂ ਤੋਂ ਉੱਚ-ਪੱਧਰੀ ਜਾਂਚ ਕਰਵਾਈ ਗਈ ਹੈ, ਜੋ ਕਿ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹਨ।

ਇਨ੍ਹਾਂ ਰਿਪੋਰਟਾਂ ਵਿੱਚ ਬਾਰੀਕੀ ਨਾਲ ਵਿਸ਼ਲੇਸ਼ਣ ਕਰਦੇ ਹੋਏ ਕੁੱਲ 1191 ਵੱਖ-ਵੱਖ ਕੋਣਾਂ (Different Angles) ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਮੁੱਖ ਮੰਤਰੀ ਦੇ ਫੇਸ ਐਂਗਲ (ਚਿਹਰੇ ਦੇ ਹਾਵ-ਭਾਵ), ਹਾਈਟ (ਲੰਬਾਈ), ਬੋਡੀ ਪੋਸਚਰ (ਸਰੀਰਕ ਬਣਤਰ), ਫਰੇਮ ਐਕਸਟਰੈਕਸ਼ਨ, ਫੇਸ਼ੀਅਲ ਰਿਕੋਗਨੀਸ਼ਨ ਅਤੇ ਉਨ੍ਹਾਂ ਦੇ ਤੁਰਨ-ਖੜ੍ਹਨ ਦੇ ਸਟਾਈਲ ਦਾ ਮਿਲਾਨ ਕੀਤਾ ਗਿਆ। ਫੋਰੈਂਸਿਕ ਰਿਪੋਰਟਾਂ ਮੁਤਾਬਕ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਬਿਲਕੁਲ ਵੀ ਮੈਚ ਨਹੀਂ ਕਰਦਾ।

ਇਹ ਵੀਡੀਓ ਕਿਸੇ ਹੋਰ ਐਕਟਰ ਨੂੰ ਖੜ੍ਹਾ ਕਰਕੇ ਸਿਰਫ਼ ਤੇ ਸਿਰਫ਼ ਸੀਐਮ ਮਾਨ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਫਰਜ਼ੀ ਤਰੀਕੇ ਨਾਲ ਬਣਾਈ ਗਈ ਸੀ। ਅਕਾਲੀ ਦਲ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ‘ਆਪ’ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਲਗਾਤਾਰ ਸਾਜ਼ਿਸ਼ ਦਰ ਸਾਜ਼ਿਸ਼ ਰਚਣ ਦਾ ਮਾਹਰ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਅਤੇ ਨਜ਼ਾਕਤ ਦਾ ਮੁੱਦਾ ਉੱਠਿਆ ਹੈ, ਉਸੇ ਸਮੇਂ ਤੋਂ ਇਹ ਲੋਕ ਭਗਵੰਤ ਸਿੰਘ ਮਾਨ ਦੇ ਪਿੱਛੇ ਪਏ ਹੋਏ ਹਨ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਪਹਿਲਾਂ ਅਕਾਲੀ ਦਲ ਨੇ ਉਸੇ ਫਰਜ਼ੀ ਵੀਡੀਓ ਦੇ ਆਧਾਰ ‘ਤੇ ਮੁੱਖ ਮੰਤਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਅੱਜ ਦੇਸ਼ ਦੀਆਂ ਚੋਟੀ ਦੀਆਂ ਲੈਬਾਂ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ। ਬਿਆਨ ਵਿੱਚ ਹਰਪਾਲ ਚੀਮਾ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਸਮੁੱਚੀ ਪਾਰਟੀ ਨੂੰ ਪੰਥ ਵਿਰੋਧੀ ਅਤੇ ਪੰਥ ਦਾ ਦੋਖੀ ਗਰਦਾਨਦਿਆਂ ਕਿਹਾ ਗਿਆ ਕਿ ਅੱਜ ਪੰਜਾਬ ਦੀ ਜਨਤਾ ਅਤੇ ਸਿੱਖ ਨਾਮ ਲੇਵਾ ਸੰਗਤ ਦੇ ਸਾਹਮਣੇ ਅਕਾਲੀ ਦਲ ਦਾ ਅਸਲ ਚਿਹਰਾ ਨੰਗਾ ਹੋ ਚੁੱਕਾ ਹੈ।

ਇਨ੍ਹਾਂ ਨੇ ਹਮੇਸ਼ਾ ਧਰਮ ਅਤੇ ਪੰਥ ਦੇ ਨਾਂ ‘ਤੇ ਵੋਟਾਂ ਬਟੋਰੀਆਂ, ਪਰ ਅਸਲ ਵਿੱਚ ਸਾਡੇ ਪੰਥ ਨੂੰ ਬਦਨਾਮ ਕਰਨ ਅਤੇ ਧਰਮ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਅਤੇ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਸੂਬੇ ਦੇ ਅੰਦਰ ਅਸ਼ਾਂਤੀ ਦਾ ਮਾਹੌਲ ਪੈਦਾ ਕਰਨਾ ਚਾਹੁੰਦਾ ਹੈ, ਜਿਸ ਨੂੰ ਪੰਜਾਬ ਦੇ ਸੂਝਵਾਨ ਲੋਕ ਕਦੇ ਕਾਮਯਾਬ ਨਹੀਂ ਹੋਣ ਦੇਣਗੇ।

 

Join WhatsApp

Join Now

Leave a Comment