Punjab Government Jobs! ਪੰਜਾਬ ਦੇ ਬੇਰੁਜ਼ਗਾਰਾਂ ਲਈ ਵੱਡੀ ਖ਼ੁਸ਼ਖ਼ਬਰੀ: PSPCL ‘ਚ 2327 ਅਸਿਸਟੈਂਟ ਲਾਈਨਮੈਨ ਕੀਤੇ ਜਾਣਗੇ ਭਰਤੀ; ਹਰਪਾਲ ਚੀਮਾ ਦਾ ਵੱਡਾ ਐਲਾਨ
CM ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਅਪ੍ਰੈਂਟਸ਼ਿਪ ਕਰ ਰਹੇ ਸਿਖਿਆਰਥੀਆਂ ਨੂੰ ਪੱਕਾ ਰੁਜ਼ਗਾਰ ਦੇਣ ਦਾ ਲਿਆ ਇਤਿਹਾਸਕ ਫੈਸਲਾ
ਪੰਜਾਬੀ ਭਾਸ਼ਾ ਦਾ ਪੇਪਰ ਪਾਸ ਕਰਨ ਅਤੇ ਬਾਕੀ ਲੋੜੀਂਦੀਆਂ ਯੋਗਤਾਵਾਂ ਪੂਰੀਆਂ ਹੋਣ ਤੋਂ ਬਾਅਦ ਮਿਲੇਗੀ ਤਾਇਨਾਤੀ
ਗਰਮੀ ਦੇ ਪੀਕ ਸੀਜ਼ਨ ਅਤੇ ਮਾਨਸੂਨ ਦੀ ਦਸਤਕ ਦੇ ਮੱਦੇਨਜ਼ਰ ਪਾਵਰਕੌਮ ਵਿੱਚ ਮਿਲੇਗੀ ਨਵੀਂ ਫ਼ੋਰਸ: ਹਰਪਾਲ ਸਿੰਘ ਚੀਮਾ
ਚੰਡੀਗੜ੍ਹ, 20 ਜੂਨ 2026:
Punjab Government Jobs! ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਵਚਨਬੱਧਤਾ ਤਹਿਤ ਅੱਜ ਇੱਕ ਹੋਰ ਵੱਡਾ ਇਤਿਹਾਸਕ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (PSPCL) ਵਿੱਚ 2327 ਅਸਿਸਟੈਂਟ ਲਾਈਨਮੈਨ (ALM) ਸ਼ਾਮਿਲ ਕੀਤੇ ਜਾ ਰਹੇ ਹਨ। ਇਨ੍ਹਾਂ ਲਾਈਨਮੈਨਾਂ ਨੂੰ ਪੰਜਾਬੀ ਭਾਸ਼ਾ ਦੀ ਲਾਜ਼ਮੀ ਪ੍ਰੀਖਿਆ ਪਾਸ ਕਰਨ ਅਤੇ ਸਾਰੀਆਂ ਲੋੜੀਂਦੀਆਂ ਸਰਕਾਰੀ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਵਿਭਾਗ ਵਿੱਚ ਪੱਕੇ ਤੌਰ ‘ਤੇ ਨਿਯੁਕਤ ਕੀਤਾ ਜਾਵੇਗਾ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਸਤਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਵਰਕੌਮ ਵੱਲੋਂ ਲਗਭਗ 8-9 ਮਹੀਨੇ ਪਹਿਲਾਂ ਆਈ.ਟੀ.ਆਈ. (ITI) ਪਾਸ ਸਿਖਿਆਰਥੀਆਂ ਦੀ ਅਪ੍ਰੈਂਟਸ਼ਿਪ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਤਹਿਤ 2600 ਸੀਟਾਂ ਰਾਖਵੀਆਂ ਰੱਖੀਆਂ ਗਈਆਂ ਸਨ, ਜਿਸ ਲਈ ਇੱਕ ਕੰਪਿਊਟਰ ਬੇਸਡ ਟੈਸਟ (CBT) ਲਿਆ ਗਿਆ ਸੀ। ਇਸ ਟੈਸਟ ਨੂੰ ਪਾਸ ਕਰਕੇ ਕੁੱਲ 2437 ਸਿਖਿਆਰਥੀਆਂ ਨੇ ਅਪ੍ਰੈਂਟਸ਼ਿਪ ਪ੍ਰੋਗਰਾਮ ਜੁਆਇਨ ਕੀਤਾ ਸੀ, ਜਿਨ੍ਹਾਂ ਨੂੰ ਟ੍ਰੇਨਿੰਗ ਲੈਂਦਿਆਂ ਹੁਣ 6 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਪਿੱਛੇ ਜੇ ਨਵੀਆਂ ਪੋਸਟਾਂ ਕੱਢੀਆਂ ਗਈਆਂ, ਤਾਂ ਸਰਕਾਰ ਨੇ ਫੈਸਲਾ ਕੀਤਾ ਕਿ ਪਹਿਲਾਂ ਤੋਂ ਹੀ ਟ੍ਰੇਨਿੰਗ ਲੈ ਰਹੇ ਇਨ੍ਹਾਂ ਯੋਗ ਨੌਜਵਾਨਾਂ ਨੂੰ ਵੀ ਪਾਵਰਕੌਮ ਦੇ ਰਿਕਰੂਟਮੈਂਟ ਪ੍ਰੋਸੈਸ (ਭਰਤੀ ਪ੍ਰਕਿਰਿਆ) ਵਿੱਚ ਸ਼ਾਮਿਲ ਕਰਕੇ ਸਿੱਧਾ ਰੁਜ਼ਗਾਰ ਦਿੱਤਾ ਜਾਵੇ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹਮੇਸ਼ਾ ਇਹ ਸੁਪਨਾ ਰਿਹਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਰਕਾਰੀ ਅਦਾਰਿਆਂ ਵਿੱਚ ਸ਼ਾਮਿਲ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਪੰਜਾਬ ਦੇ ਲੋਕਾਂ ਦੇ ਲੇਖੇ ਲਾਈਆਂ ਜਾਣ ਅਤੇ ‘ਬਰੇਨ ਡਰੇਨ’ (ਨੌਜਵਾਨਾਂ ਦਾ ਵਿਦੇਸ਼ ਜਾਣਾ) ਨੂੰ ਰੋਕਿਆ ਜਾਵੇ। ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਇਸ ਵੱਡੇ ਪ੍ਰੋਸੈਸ ਨੂੰ ਪਾਰਦਰਸ਼ੀ ਅਤੇ ਕਾਨੂੰਨੀ ਤੌਰ ‘ਤੇ ਮਜ਼ਬੂਤ ਬਣਾਉਣ ਲਈ ਪੰਜਾਬ ਦੇ ਐਡਵੋਕੇਟ ਜਨਰਲ (AG) ਦੀ ਸਲਾਹ ਵੀ ਲਈ ਗਈ ਸੀ।
ਐਡਵੋਕੇਟ ਜਨਰਲ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ, ਇਹ ਯਕੀਨੀ ਬਣਾਉਂਦੇ ਹੋਏ ਕਿ ਸਾਰੇ ਬੱਚੇ ਘੱਟੋ-ਘੱਟ ਵਿੱਦਿਅਕ ਅਤੇ ਤਕਨੀਕੀ ਯੋਗਤਾਵਾਂ ਪੂਰੀਆਂ ਕਰਦੇ ਹੋਣ, ਹੁਣ 2327 ਸਿਖਿਆਰਥੀਆਂ ਨੂੰ ਬਤੌਰ ਏ.ਐਲ.ਐਮ. (ALM) ਸ਼ਾਮਿਲ ਕਰਨ ਦਾ ਪ੍ਰੋਸੈਸ ਲਗਭਗ ਪੂਰਾ ਕਰ ਲਿਆ ਗਿਆ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਗਰਮੀ ਦਾ ਸੀਜ਼ਨ ਆਪਣੇ ਪੀਕ (Peak) ‘ਤੇ ਹੈ ਅਤੇ ਦੂਜੇ ਪਾਸੇ ਮਾਨਸੂਨ ਵੀ ਪੰਜਾਬ ਦੇ ਬੂਹੇ ‘ਤੇ ਦਸਤਕ ਦੇ ਰਿਹਾ ਹੈ। ਅਜਿਹੇ ਸਮੇਂ ਬਿਜਲੀ ਸਪਲਾਈ ਨੂੰ ਨਿਰਵਿਘਨ ਚਾਲੂ ਰੱਖਣ ਲਈ ਫੀਲਡ ਸਟਾਫ਼ ਦੀ ਬਹੁਤ ਵੱਡੀ ਲੋੜ ਹੁੰਦੀ ਹੈ। ਇਹ ਨਵੇਂ ਅਸਿਸਟੈਂਟ ਲਾਈਨਮੈਨ ਵਿਭਾਗ ਵਿੱਚ ਸ਼ਾਮਿਲ ਹੋ ਕੇ ਆਪਣੀ ਅਹਿਮ ਭੂਮਿਕਾ ਨਿਭਾਉਣਗੇ, ਜਿਸ ਨਾਲ ਪਾਵਰਕੌਮ ਦੀ ਕਾਰਜਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ ਅਤੇ ਖਪਤਕਾਰਾਂ ਨੂੰ ਵੀ ਬਿਹਤਰ ਸੇਵਾਵਾਂ ਮਿਲਣਗੀਆਂ।















