ED ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ: ਗੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ 1,023 ਕਰੋੜ ਦੀ ਜਾਇਦਾਦ ਜ਼ਬਤ
‘ਸਾਲਗਾਓਕਰ ਗਰੁੱਪ ਐਂਡ ਐਸੋਸੀਏਟਸ’ ਖ਼ਿਲਾਫ਼ ਮਨੀ ਲਾਂਡਰਿੰਗ ਐਕਟ (PMLA) ਤਹਿਤ ਵੱਡੀ ਕਾਰਵਾਈ- ਭਾਰਤ ਵਿੱਚ 459 ਕਰੋੜ ਦੀਆਂ 99 ਅਤੇ ਸਿੰਗਾਪੁਰ ਵਿੱਚ 471 ਕਰੋੜ ਦੀਆਂ 31 ਅਚੱਲ ਸੰਪਤੀਆਂ ਕੁਰਕ

ਨਵੀਂ ਦਿੱਲੀ/ਪਣਜੀ, 22 ਜੂਨ 2026:
ਦੇਸ਼ ਵਿੱਚ ਗੈਰ-ਕਾਨੂੰਨੀ ਮਾਈਨਿੰਗ ਅਤੇ ਮਨੀ ਲਾਂਡਰਿੰਗ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਹੁਣ ਤੱਕ ਦੀ ਇੱਕ ਬਹੁਤ ਵੱਡੀ ਅਤੇ ਇਤਿਹਾਸਕ ਕਾਰਵਾਈ ਕੀਤੀ ਹੈ। ਈ.ਡੀ. (ED) ਨੇ ਗੋਆ ਵਿੱਚ ਲੋਹੇ ਦੇ ਗੈਰ-ਕਾਨੂੰਨੀ ਮਾਈਨਿੰਗ (Iron Ore Mining) ਮਾਮਲੇ ਵਿੱਚ ਕਾਰਵਾਈ ਕਰਦਿਆਂ ‘ਸਾਲਗਾਓਕਰ ਗਰੁੱਪ ਐਂਡ ਐਸੋਸੀਏਟਸ’ (AVS Group) ਦੀ 1,023 ਕਰੋੜ ਰੁਪਏ ਤੋਂ ਵੱਧ ਦੀ ਚੱਲ-ਅਚੱਲ ਸੰਪਤੀ ਜ਼ਬਤ ਕਰ ਲਈ ਹੈ। ਇਸ ਜ਼ਬਤ ਕੀਤੀ ਗਈ ਜਾਇਦਾਦ ਵਿੱਚ ਭਾਰਤ ਤੋਂ ਇਲਾਵਾ ਸਿੰਗਾਪੁਰ ਵਿੱਚ ਮੌਜੂਦ ਕਰੋੜਾਂ ਰੁਪਏ ਦੀਆਂ ਆਲੀਸ਼ਾਨ ਪ੍ਰਾਪਰਟੀਆਂ ਵੀ ਸ਼ਾਮਲ ਹਨ।
ਈ.ਡੀ. ਵੱਲੋਂ ਜਾਰੀ ਅਧਿਕਾਰਤ ਬਿਆਨ ਮੁਤਾਬਕ, ਵੱਡੇ ਪੱਧਰ ‘ਤੇ ਕੀਤੀ ਗਈ ਇਸ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ 19 ਜੂਨ ਨੂੰ ਇੱਕ ਅਸਥਾਈ ਕੁਰਕੀ ਦਾ ਹੁਕਮ ਜਾਰੀ ਕੀਤਾ ਗਿਆ ਸੀ। ਜਾਂਚ ਏਜੰਸੀ ਅਨੁਸਾਰ ਕੁਰਕ ਕੀਤੀ ਗਈ ਕੁੱਲ 1,023.85 ਕਰੋੜ ਰੁਪਏ ਦੀ ਸੰਪਤੀ (ਭਾਰਤ ਵਿੱਚ 459.10 ਕਰੋੜ ਰੁਪਏ ਦੀ ਕੀਮਤ ਦੀਆਂ 99 ਅਚੱਲ ਸੰਪਤੀਆਂ। ਸਿੰਗਾਪੁਰ ਵਿੱਚ 471.32 ਕਰੋੜ ਰੁਪਏ ਦੀ ਕੀਮਤ ਦੀਆਂ 31 ਅਚੱਲ ਸੰਪਤੀਆਂ। ਭਾਰਤੀ ਕੰਪਨੀਆਂ ਵਿੱਚ 93.42 ਕਰੋੜ ਰੁਪਏ ਦੇ ਸ਼ੇਅਰ) ਹੈ।
ਇਹ ਸਾਰੀਆਂ ਸੰਪਤੀਆਂ ਮਰਹੂਮ ਅਨਿਲ ਸਾਲਗਾਓਕਰ ਦੀ ਜਾਇਦਾਦ ਦੇ ਨਾਂ ‘ਤੇ (ਉਨ੍ਹਾਂ ਦੇ ਪ੍ਰਸ਼ਾਸਕ ਲਕਸ਼ਮੀ ਅਨਿਲ ਸਾਲਗਾਓਕਰ ਰਾਹੀਂ), ਸਾਲਗਾਓਕਰ ਮਾਈਨਿੰਗ ਇੰਡਸਟਰੀਜ਼, ਸ਼ਾਂਤੀਲਾਲ ਖੁਸ਼ਾਲਦਾਸ ਐਂਡ ਬ੍ਰਦਰਜ਼, ਐੱਸ ਕਾਂਤੀਲਾਲ ਐਂਡ ਕੰਪਨੀ, ਸਲੀਥੋ ਓਰਸ, ਵਰਟੈਕਸ ਨਿਊਟਨ ਪ੍ਰੋਜੈਕਟਸ ਅਤੇ ਸੁਬਰਨਰੇਖਾ ਪੋਰਟ ਦੇ ਨਾਂ ‘ਤੇ ਦਰਜ ਹਨ।
ਈ.ਡੀ. ਦੀ ਇਹ ਮਨੀ ਲਾਂਡਰਿੰਗ ਜਾਂਚ ਗੋਆ ਪੁਲਿਸ ਦੀ ਸੀ.ਆਈ.ਡੀ. (CID) ਵੱਲੋਂ ਦਰਜ ਕੀਤੀ ਗਈ ਇੱਕ ਐਫ.ਆਈ.ਆਰ. (FIR) ‘ਤੇ ਅਧਾਰਿਤ ਹੈ। ਏਜੰਸੀ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਨੇ ਆਪਣੇ 2014 ਅਤੇ 2018 ਦੇ ਇਤਿਹਾਸਕ ਫੈਸਲਿਆਂ ਵਿੱਚ ਇਹ ਸਾਫ਼ ਕਰ ਦਿੱਤਾ ਸੀ ਕਿ 22 ਨਵੰਬਰ 2007 ਤੋਂ ਬਾਅਦ (ਜਦੋਂ ਤੱਕ ਨਵੇਂ ਮਾਈਨਿੰਗ ਪੱਟੇ ਜਾਰੀ ਨਹੀਂ ਹੁੰਦੇ) ਗੋਆ ਵਿੱਚ ਕੀਤੀ ਗਈ ਸਾਰੀ ਮਾਈਨਿੰਗ ਪੂਰੀ ਤਰ੍ਹਾਂ ਗੈਰ-ਕਾਨੂੰਨੀ ਸੀ।
ਜਾਂਚ ਏਜੰਸੀ ਨੇ ਦੋਸ਼ ਲਗਾਇਆ ਹੈ ਕਿ ‘AVS Group’ ਨੇ ਸਾਲ 2007 ਤੋਂ 2012 ਦੌਰਾਨ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ 10 ਮਾਈਨਿੰਗ ਪੱਟਿਆਂ (Mining Leases) ਦਾ ਸੰਚਾਲਨ ਕੀਤਾ। ਇਸ ਦੌਰਾਨ ਲੋਹੇ ਦੀ ਗੈਰ-ਕਾਨੂੰਨੀ ਖੁਦਾਈ, ਘਰੇਲੂ ਬਾਜ਼ਾਰ ਵਿੱਚ ਵਿਕਰੀ ਅਤੇ ਵਿਦੇਸ਼ਾਂ ਵਿੱਚ ਬਰਾਮਦ (Export) ਰਾਹੀਂ ਕਰੀਬ 2,492.95 ਕਰੋੜ ਰੁਪਏ ਦੀ ਅੰਨ੍ਹੇਵਾਹ ਕਾਲੀ ਕਮਾਈ ਹਾਸਲ ਕੀਤੀ ਗਈ ਸੀ, ਜਿਸ ‘ਤੇ ਹੁਣ ਈ.ਡੀ. ਨੇ ਆਪਣਾ ਸ਼ਿਕੰਜਾ ਕੱਸ ਦਿੱਤਾ ਹੈ।
















