ਹਾਲ-ਏ-ਬਦਲਾਅ! ਇੱਕ ਹਫ਼ਤੇ ਤੋਂ ਸਾਈਟ ਬੰਦ, ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਦੀ ਰਜਿਸਟਰੇਸ਼ਨ ਨਾ ਹੋਣ ਕਾਰਨ ਸੇਵਾ ਕੇਂਦਰਾਂ ‘ਚ ਹੰਗਾਮਾ!
ਸਵੇਰੇ 5 ਵਜੇ ਤੋਂ ਲਾਈਨਾਂ ਵਿੱਚ ਲੱਗ ਰਹੀਆਂ ਔਰਤਾਂ; ਇੱਕ ਹਫ਼ਤੇ ਤੋਂ ਸਾਈਟ ਬੰਦ ਹੋਣ ਕਰਕੇ ਬਿਨਾਂ ਕੰਮ ਕਰਵਾਏ ਮੁੜ ਰਹੀਆਂ ਵਾਪਸ
ਮੁੱਖ ਮੰਤਰੀ ਦੇ 3000 ਰੁਪਏ ਦੇ ਐਲਾਨ ਮਗਰੋਂ ਉਮੜੀ ਭੀੜ; ਹੋਰ ਸੇਵਾਵਾਂ ਲਈ ਆਉਣ ਵਾਲੇ ਆਮ ਲੋਕ ਵੀ ਪਰੇਸ਼ਾਨ
ਸੇਵਾ ਕੇਂਦਰ ਦੇ ਅਧਿਕਾਰੀਆਂ ਦਾ ਦਾਅਵਾ- “5-6 ਦਿਨਾਂ ਤੋਂ ਸਰਵਰ ਡਾਊਨ, ਜਲਦ ਠੀਕ ਹੋਵੇਗੀ ਸਾਈਟ”
ਗੁਰਦਾਸਪੁਰ, 24 ਜੂਨ 2026-

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਔਰਤਾਂ ਲਈ ਸ਼ੁਰੂ ਕੀਤੀ ਗਈ ‘ਮਾਵਾਂ ਧੀਆਂ ਸਤਿਕਾਰਯੋਗ ਯੋਜਨਾ’ ਪ੍ਰਸ਼ਾਸਨਿਕ ਨਾਕਾਮੀ ਕਾਰਨ ਫਿਲਹਾਲ ਮਾਵਾਂ-ਧੀਆਂ ਲਈ ਵੱਡੀ ਪਰੇਸ਼ਾਨੀ ਦਾ ਸਬੱਬ ਬਣਦੀ ਨਜ਼ਰ ਆ ਰਹੀ ਹੈ। ਗੁਰਦਾਸਪੁਰ ਦੇ ਸੇਵਾ ਕੇਂਦਰਾਂ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਇਸ ਯੋਜਨਾ ਦੀ ਰਜਿਸਟਰੇਸ਼ਨ ਨਾ ਹੋਣ ਕਾਰਨ ਦੂਰ-ਦੂਰਾਡੇ ਪਿੰਡਾਂ ਤੋਂ ਆਉਣ ਵਾਲੀਆਂ ਔਰਤਾਂ ਅਤੇ ਆਮ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ ਹੈ, ਜਿਸ ਕਾਰਨ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਆਪਣੀ ਭੜਾਸ ਕੱਢੀ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਐਲਾਨ ਕੀਤਾ ਗਿਆ ਸੀ ਕਿ ‘ਮਾਵਾਂ ਧੀਆਂ ਸਤਿਕਾਰਯੋਗ ਯੋਜਨਾ’ ਦੇ ਤਹਿਤ ਯੋਗ ਔਰਤਾਂ ਦੇ ਖਾਤੇ ਵਿੱਚ 3000 ਰੁਪਏ ਪ੍ਰਤੀ ਮਹੀਨਾ ਪਾਏ ਜਾਣਗੇ। ਇਸ ਐਲਾਨ ਤੋਂ ਬਾਅਦ ਆਪਣੇ ਫਾਰਮ ਆਨਲਾਈਨ ਕਰਵਾਉਣ ਲਈ ਸੇਵਾ ਕੇਂਦਰਾਂ ਵਿੱਚ ਔਰਤਾਂ ਦੀ ਭਾਰੀ ਭੀੜ ਉਮੜ ਰਹੀ ਹੈ।
ਪਰੇਸ਼ਾਨ ਔਰਤਾਂ ਨੇ ਦੱਸਿਆ ਕਿ ਉਹ ਸਵੇਰੇ 5 ਵਜੇ ਹੀ ਘਰਾਂ ਤੋਂ ਚੱਲ ਕੇ ਸੇਵਾ ਕੇਂਦਰਾਂ ਦੇ ਬਾਹਰ ਲਾਈਨਾਂ ਵਿੱਚ ਲੱਗ ਜਾਂਦੀਆਂ ਹਨ, ਪਰ ਪਿਛਲੇ ਸੱਤ-ਅੱਠ ਦਿਨਾਂ ਤੋਂ ਸਾਈਟ (ਪੋਰਟਲ) ਪੂਰੀ ਤਰ੍ਹਾਂ ਬੰਦ ਪਈ ਹੈ। ਦਿਨ ਭਰ ਉਡੀਕ ਕਰਨ ਤੋਂ ਬਾਅਦ ਔਰਤਾਂ ਨੂੰ ਬਿਨਾਂ ਰਜਿਸਟਰੇਸ਼ਨ ਕਰਵਾਏ ਹੀ ਮਾਯੂਸ ਹੋ ਕੇ ਵਾਪਸ ਪਰਤਣਾ ਪੈਂਦਾ ਹੈ।
ਸੇਵਾ ਕੇਂਦਰਾਂ ਵਿੱਚ ਸਿਰਫ਼ ਔਰਤਾਂ ਹੀ ਨਹੀਂ, ਬਲਕਿ ਹੋਰ ਜ਼ਰੂਰੀ ਸੇਵਾਵਾਂ ਜਿਵੇਂ ਕਿ ਜਨਮ-ਮੌਤ ਦੇ ਸਰਟੀਫਿਕੇਟ, ਆਧਾਰ ਕਾਰਡ, ਰਿਹਾਇਸ਼ੀ ਸਰਟੀਫਿਕੇਟ ਆਦਿ ਬਣਵਾਉਣ ਆਉਣ ਵਾਲੇ ਆਮ ਸ਼ਹਿਰੀ ਵੀ ਬੁਰੀ ਤਰ੍ਹਾਂ ਪਰੇਸ਼ਾਨ ਹੋ ਰਹੇ ਹਨ। ਯੋਜਨਾ ਦੇ ਫਾਰਮਾਂ ਕਾਰਨ ਲੱਗੀ ਬੇਤਹਾਸ਼ਾ ਭੀੜ ਅਤੇ ਸਰਵਰ ਦੇ ਜਾਮ ਹੋਣ ਕਾਰਨ ਸੇਵਾ ਕੇਂਦਰਾਂ ਦੇ ਬਾਕੀ ਕੰਮ ਵੀ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਏ ਹਨ, ਜਿਸ ਕਾਰਨ ਰੋਜ਼ਾਨਾ ਹੰਗਾਮੇ ਵਾਲੀ ਸਥਿਤੀ ਬਣੀ ਹੋਈ ਹੈ।
ਇਸ ਸਬੰਧੀ ਜਦੋਂ ਸੇਵਾ ਕੇਂਦਰ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਪਿਛਲੇ 5-6 ਦਿਨਾਂ ਤੋਂ ਮੁੱਖ ਪੋਰਟਲ/ਸਾਈਟ ‘ਤੇ ਤਕਨੀਕੀ ਖ਼ਰਾਬੀ ਚੱਲ ਰਹੀ ਹੈ, ਜਿਸ ਕਾਰਨ ਰਜਿਸਟਰੇਸ਼ਨ ਦੀ ਪ੍ਰਕਿਰਿਆ ਰੁਕੀ ਹੋਈ ਹੈ। ਉਨ੍ਹਾਂ ਕਿਹਾ ਕਿ ਉੱਚ ਪੱਧਰ ‘ਤੇ ਤਕਨੀਕੀ ਟੀਮ ਵੱਲੋਂ ਸਾਈਟ ਨੂੰ ਤੇਜ਼ੀ ਨਾਲ ਠੀਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਸਰਵਰ ਚਾਲੂ ਹੋ ਜਾਵੇਗਾ, ਜਿਸ ਤੋਂ ਬਾਅਦ ਕੰਮ ਪਹਿਲਾਂ ਵਾਂਗ ਸੁਚਾਰੂ ਰੂਪ ਨਾਲ ਸ਼ੁਰੂ ਕਰ ਦਿੱਤਾ ਜਾਵੇਗਾ।

















