Punjab Voter List 2027! ਪੰਜਾਬ ਦੇ 2.14 ਕਰੋੜ ਵੋਟਰਾਂ ਦੀ ਜਾਂਚ ਲਈ 25,000 BLO ਘਰ-ਘਰ ਜਾ ਕੇ ਵੰਡ ਰਹੇ ਹਨ ਗਣਨਾ ਫਾਰਮ
30 ਲੱਖ ‘ਲਾਪਤਾ’ ਵੋਟਰਾਂ ਦੀ ਵੇਰੀਫਿਕੇਸ਼ਨ ਲਈ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਮੁਹਿੰਮ
ਲੁਧਿਆਣਾ/ਚੰਡੀਗੜ੍ਹ, 28 ਜੂਨ 2026-
ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ (Assembly Elections) ਨੂੰ ਮੁੱਖ ਰੱਖਦਿਆਂ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਨੂੰ ਪੂਰੀ ਤਰ੍ਹਾਂ ਅੱਪਡੇਟ ਅਤੇ ਦਰੁਸਤ ਕਰਨ ਲਈ ‘ਸਪੈਸ਼ਲ ਇੰਟੈਂਸਿਵ ਰਿਵੀਜ਼ਨ’ (SIR) ਮੁਹਿੰਮ ਵਿੱਢੀ ਗਈ ਹੈ।
ਇਸ ਵਿਸ਼ੇਸ਼ ਮੁਹਿੰਮ ਤਹਿਤ ਸੂਬੇ ਦੇ ਲਗਭਗ 25,000 ਬੂਥ ਲੈਵਲ ਅਫ਼ਸਰ (BLO) ਘਰ-ਘਰ ਜਾ ਕੇ ‘ਗਣਨਾ ਫਾਰਮ’ ਵੰਡ ਰਹੇ ਹਨ। ਪੰਜਾਬ ਦੇ ਕੁੱਲ 2.14 ਕਰੋੜ ਵੋਟਰਾਂ ਵਿੱਚੋਂ 1.84 ਕਰੋੜ ਦੀ ਡਿਜੀਟਲ ਮੈਪਿੰਗ ਹੋ ਚੁੱਕੀ ਹੈ, ਜਦਕਿ 30 ਲੱਖ ਵੋਟਰ ਅਜੇ ਵੀ ਸੂਚੀ ਵਿੱਚ ‘ਲਾਪਤਾ’ (unverified) ਹਨ। ਇਨ੍ਹਾਂ ਵੋਟਰਾਂ ਦੀ ਪਛਾਣ ਅਤੇ ਵੇਰੀਫਿਕੇਸ਼ਨ ਇਸੇ ਮੁਹਿੰਮ ਰਾਹੀਂ ਕੀਤੀ ਜਾਵੇਗੀ।
ਹਾਲਾਂਕਿ, ਆਮ ਲੋਕਾਂ ਵਿੱਚ ਇਸ ਨਵੇਂ ਫਾਰਮ ਨੂੰ ਭਰਨ ਨੂੰ ਲੈ ਕੇ ਕਾਫ਼ੀ ਉਲਝਣ ਦੇਖਣ ਨੂੰ ਮਿਲ ਰਹੀ ਹੈ। ਲੁਧਿਆਣਾ ਦੇ ਬੀਐਲਓ ਜਸਵਿੰਦਰ ਸਿੰਘ ਅਨੁਸਾਰ ਇਹ ਫਾਰਮ ਭਰਨਾ ਬਹੁਤ ਹੀ ਆਸਾਨ ਹੈ। ਉਨ੍ਹਾਂ ਨੇ ਇਸ ਨੂੰ ਭਰਨ ਦਾ ਸਟੈਪ-ਬਾਈ-ਸਟੈਪ ਤਰੀਕਾ ਸਾਂਝਾ ਕੀਤਾ ਹੈ… ਔਫਲਾਈਨ (Offline) ਫਾਰਮ ਭਰਨ ਦਾ ਤਰੀਕਾ… ਇਸ ਫਾਰਮ ਨੂੰ ਮੁੱਖ ਤੌਰ ‘ਤੇ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ।
ਭਾਗ 1: ਉੱਪਰਲਾ ਹਿੱਸਾ (ਪ੍ਰੀ-ਪ੍ਰਿੰਟਡ ਵੇਰਵੇ):
ਫਾਰਮ ਦੇ ਸਭ ਤੋਂ ਉੱਪਰਲੇ ਹਿੱਸੇ ਵਿੱਚ ਤੁਹਾਡੇ ਇਲਾਕੇ ਦੇ BLO ਦਾ ਨਾਮ, ਮੋਬਾਈਲ ਨੰਬਰ ਅਤੇ ਪਰਿਵਾਰ ਦੇ ਮੁਖੀ ਦੇ ਵੇਰਵੇ (ਨਾਮ, ਪਤਾ ਅਤੇ ਪੁਰਾਣਾ ਵੋਟਰ ਕਾਰਡ ਨੰਬਰ) ਪਹਿਲਾਂ ਹੀ ਛਪੇ ਹੋਏ ਹਨ। ਸੁਰੱਖਿਆ ਲਈ ਇਸ ਵਿੱਚ ਇੱਕ QR ਕੋਡ ਅਤੇ ਫੋਟੋ ਵੀ ਸ਼ਾਮਲ ਹੈ। ਇਸ ਭਾਗ ਵਿੱਚ ਤੁਹਾਨੂੰ ਆਪਣੇ ਵੱਲੋਂ ਕੁਝ ਵੀ ਲਿਖਣ ਦੀ ਲੋੜ ਨਹੀਂ ਹੈ।
ਭਾਗ 2: ਖੱਬਾ ਕਾਲਮ (ਪੁਰਾਣੇ ਵੋਟਰਾਂ ਲਈ):
ਇਹ ਹਿੱਸਾ ਸਿਰਫ਼ ਉਨ੍ਹਾਂ ਨਾਗਰਿਕਾਂ ਲਈ ਹੈ ਜਿਨ੍ਹਾਂ ਦੇ ਨਾਮ 2003 ਦੀ ਵੋਟਰ ਸੂਚੀ ਵਿੱਚ ਮੌਜੂਦ ਹਨ (ਜਿਨ੍ਹਾਂ ਦੀ ਉਮਰ 40 ਸਾਲ ਜਾਂ ਇਸ ਤੋਂ ਵੱਧ ਹੈ)। ਇੱਥੇ ਵੋਟਰ ਆਪਣਾ ਨਾਮ, ਵੋਟਰ ਕਾਰਡ (EPIC) ਨੰਬਰ, ਪਿਤਾ ਜਾਂ ਪਤੀ ਦਾ ਨਾਮ, ਲਿੰਗ, ਮੌਜੂਦਾ ਉਮਰ ਅਤੇ ਵਿਧਾਨ ਸਭਾ ਹਲਕਾ ਦਰਜ ਕਰਨਗੇ। ਹੇਠਾਂ ਦਿੱਤੇ ਛੋਟੇ ਬਕਸੇ ਵਿੱਚ ਪੁਰਾਣਾ ਵਿਧਾਨ ਸਭਾ ਨੰਬਰ, ਭਾਗ (Part) ਨੰਬਰ ਅਤੇ ਲੜੀ (Serial) ਨੰਬਰ ਭਰਨਾ ਹੋਵੇਗਾ, ਜੋ ਪੁਰਾਣੇ ਵੋਟਰ ਕਾਰਡ ‘ਤੇ ਮਿਲ ਜਾਵੇਗਾ।
ਭਾਗ 3: ਸੱਜਾ ਕਾਲਮ (ਨਵੇਂ ਵੋਟਰਾਂ ਲਈ):
ਇਹ ਕਾਲਮ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਜਾਂ ਉਨ੍ਹਾਂ ਲਈ ਹੈ ਜਿਨ੍ਹਾਂ ਦਾ ਨਾਮ 2003-2004 ਦੀ ਸੂਚੀ ਵਿੱਚ ਨਹੀਂ ਸੀ (ਜਿਵੇਂ ਕਿ ਨਵੀਆਂ ਵਿਆਹੀਆਂ ਨੂੰਹਾਂ ਜਾਂ 18 ਸਾਲ ਤੋਂ ਉੱਪਰ ਦੇ ਨੌਜਵਾਨ)। ਇੱਥੇ ਨਵੇਂ ਮੈਂਬਰ ਦਾ ਨਾਮ, ਉਮਰ, ਲਿੰਗ ਅਤੇ ਹਲਕਾ ਭਰੋ। ਵੋਟਰ ਕਾਰਡ ਨੰਬਰ ਵਾਲੀ ਜਗ੍ਹਾ ‘ਤੇ “N/A” ਲਿਖੋ ਜਾਂ ਖਾਲੀ ਛੱਡ ਦਿਓ। ਹੇਠਾਂ ਦਿੱਤੇ ਛੋਟੇ ਬਕਸੇ ਵਿੱਚ ਪਰਿਵਾਰ ਦੇ ਮੁਖੀ ਦਾ ਭਾਗ ਅਤੇ ਲੜੀ ਨੰਬਰ ਲਿਖੋ ਤਾਂ ਜੋ ਨਵਾਂ ਨਾਮ ਪਰਿਵਾਰ ਨਾਲ ਲਿੰਕ (Link) ਹੋ ਸਕੇ। ਜੇ ਕੋਈ ਨਵਾਂ ਵੋਟਰ ਨਹੀਂ ਹੈ, ਤਾਂ ਇਸ ਨੂੰ ਖਾਲੀ ਛੱਡ ਦਿਓ।
ਭਾਗ 4: ਹੇਠਲਾ ਹਿੱਸਾ ਅਤੇ ਘੋਸ਼ਣਾ (ਸਾਰਿਆਂ ਲਈ ਲਾਜ਼ਮੀ):
ਫਾਰਮ ਦੇ ਹੇਠਲੇ ਹਿੱਸੇ ਵਿੱਚ ਸਾਰੇ ਬਿਨੈਕਾਰਾਂ ਨੂੰ ਆਪਣੀ ਜਨਮ ਮਿਤੀ, 12 ਅੰਕਾਂ ਦਾ ਆਧਾਰ ਨੰਬਰ [Aadhaar Number] ਅਤੇ ਚਾਲੂ ਮੋਬਾਈਲ ਨੰਬਰ ਭਰਨਾ ਪਵੇਗਾ। ਇਸ ਤੋਂ ਬਾਅਦ ਮਾਤਾ-ਪਿਤਾ ਜਾਂ ਜੀਵਨ ਸਾਥੀ ਦਾ ਨਾਮ ਵੱਡੇ ਅੱਖਰਾਂ (Capital Letters) ਵਿੱਚ ਲਿਖੋ ਅਤੇ ਉਨ੍ਹਾਂ ਦਾ ਵੋਟਰ ਕਾਰਡ ਨੰਬਰ ਪਾਓ। ਅਖੀਰ ਵਿੱਚ, ਦਿੱਤੀ ਗਈ ਕਾਨੂੰਨੀ ਘੋਸ਼ਣਾ ਦੇ ਹੇਠਾਂ ਵੋਟਰ ਜਾਂ ਪਰਿਵਾਰ ਦੇ ਕਿਸੇ ਬਾਲਗ ਮੈਂਬਰ ਦੇ ਦਸਤਖਤ (Signature) ਜਾਂ ਅੰਗੂਠੇ ਦਾ ਨਿਸ਼ਾਨ ਲਗਾ ਕੇ ਮਿਤੀ ਦਰਜ ਕਰੋ।

ਗਣਨਾ ਫਾਰਮ ਔਨਲਾਈਨ (Online) ਭਰਨ ਦੀ ਪ੍ਰਕਿਰਿਆ
ਜੇਕਰ ਤੁਸੀਂ ਘਰ ਬੈਠੇ ਡਿਜੀਟਲ ਤਰੀਕੇ ਨਾਲ ਇਹ ਫਾਰਮ ਭਰਨਾ ਚਾਹੁੰਦੇ ਹੋ, ਤਾਂ ਇਨ੍ਹਾਂ ਸਟੈਪਸ ਦੀ ਪਾਲਣਾ ਕਰੋ:
ਵੈੱਬਸਾਈਟ ਜਾਂ ਐਪ ‘ਤੇ ਜਾਓ: ਸਭ ਤੋਂ ਪਹਿਲਾਂ ਚੋਣ ਕਮਿਸ਼ਨ ਦੇ ਅਧਿਕਾਰਤ ਪੋਰਟਲ voters.eci.gov.in ‘ਤੇ ਜਾਓ। ਪੰਜਾਬ ਦੇ ਵੋਟਰ ਸਿੱਧੇ ceopunjab.nic.in ‘ਤੇ ਵੀ ਲੋਗਿਨ ਕਰ ਸਕਦੇ ਹਨ। ਮੋਬਾਈਲ ਯੂਜ਼ਰਸ ‘Voter Helpline’ App ਡਾਊਨਲੋਡ ਕਰ ਸਕਦੇ ਹਨ।

Sign Up ਅਤੇ Login: ਪੋਰਟਲ ‘ਤੇ ਆਪਣੇ ਮੋਬਾਈਲ ਨੰਬਰ ਅਤੇ ਈਮੇਲ ਰਾਹੀਂ ਨਵਾਂ ਖਾਤਾ (ਪਾਸਵਰਡ) ਬਣਾ ਕੇ Login ਕਰੋ।
SIR ਪੋਰਟਲ ਦੀ ਚੋਣ: ਹੋਮਪੇਜ ‘ਤੇ ਦਿਖਾਈ ਦੇ ਰਹੇ “Special Intensive Revision (SIR) – ਗਣਨਾ ਫਾਰਮ” ਲਿੰਕ ‘ਤੇ ਕਲਿੱਕ ਕਰੋ ਅਤੇ ਆਪਣਾ EPIC ਨੰਬਰ ਦਰਜ ਕਰੋ।
ਡਾਟਾ ਵੇਰੀਫਿਕੇਸ਼ਨ ਅਤੇ ਨਵੇਂ ਮੈਂਬਰ ਜੋੜਨਾ: ਆਪਣਾ ਰਾਜ, ਜ਼ਿਲ੍ਹਾ ਅਤੇ ਹਲਕਾ ਚੁਣਨ ਤੋਂ ਬਾਅਦ ਤੁਹਾਡੇ ਪਰਿਵਾਰ ਦੇ ਪੁਰਾਣੇ ਵੇਰਵੇ ਸਕ੍ਰੀਨ ਦੇ ਖੱਬੇ ਪਾਸੇ ਆਪਣੇ ਆਪ (Auto-populate) ਦਿਖਾਈ ਦੇਣਗੇ। ਜੇਕਰ ਪਰਿਵਾਰ ਵਿੱਚ ਕੋਈ ਨਵਾਂ ਮੈਂਬਰ ਜੋੜਨਾ ਹੈ, ਤਾਂ “Add Family Member” ਜਾਂ “ਨਵੀਂ ਗਣਨਾ ਐਂਟਰੀ” ‘ਤੇ ਕਲਿੱਕ ਕਰਕੇ ਉਸ ਦਾ ਨਾਮ, ਉਮਰ, ਲਿੰਗ ਅਤੇ ਮੁਖੀ ਨਾਲ ਸਬੰਧ ਦਰਜ ਕਰੋ।
ਆਧਾਰ, ਮੋਬਾਈਲ ਅਤੇ ਦਸਤਾਵੇਜ਼: ਫਾਰਮ ਦੇ ਅਗਲੇ ਹਿੱਸੇ ਵਿੱਚ ਆਪਣਾ 12 ਅੰਕਾਂ ਦਾ ਆਧਾਰ ਨੰਬਰ [Aadhaar Number], ਮੋਬਾਈਲ ਨੰਬਰ ਅਤੇ ਜੀਵਨ ਸਾਥੀ/ਮਾਤਾ-ਪਿਤਾ ਦੇ ਵੇਰਵੇ ਭਰੋ। ਲੋੜੀਂਦੇ ਦਸਤਾਵੇਜ਼ (Documents) ਅਤੇ ਫੋਟੋ ਨੂੰ PDF ਜਾਂ Image ਫਾਰਮੈਟ ਵਿੱਚ ਔਨਲਾਈਨ ਅਪਲੋਡ ਕਰੋ।
Final Submit: ਫਾਰਮ ਜਮ੍ਹਾਂ ਕਰਨ ਤੋਂ ਬਾਅਦ ਸਕ੍ਰੀਨ ‘ਤੇ ਮਿਲੇ ਹਵਾਲਾ ਨੰਬਰ (Reference Number) ਦਾ ਸਕ੍ਰੀਨਸ਼ੌਟ ਲੈ ਕੇ ਸੁਰੱਖਿਅਤ ਰੱਖੋ।
ਔਨਲਾਈਨ ਫਾਰਮ ਭਰਨ ਦਾ ਫਾਇਦਾ..
ਔਨਲਾਈਨ ਫਾਰਮ ਸਪਮਿਟ ਹੋਣ ਤੋਂ ਬਾਅਦ ਇਹ ਡਾਟਾ ਸਿੱਧਾ ਤੁਹਾਡੇ ਖੇਤਰ ਦੇ BLO ਦੇ ਮੋਬਾਈਲ ਐਪ (ਵੋਟਰ ਮਿੱਤਰ) ਵਿੱਚ ਚਲਿਆ ਜਾਵੇਗਾ। ਇਸ ਤੋਂ ਬਾਅਦ, ਬੀਐਲਓ ਸਿਰਫ਼ ਇੱਕ ਵਾਰ ਤੁਹਾਡੇ ਘਰ ਆ ਕੇ ਸਰੀਰਕ ਤਸਦੀਕ (Physical Verification) ਕਰੇਗਾ ਅਤੇ ਤੁਹਾਡੀ ਵੋਟ ਨੂੰ ਡਿਜੀਟਲੀ ਮੈਪ ਕਰ ਦਿੱਤਾ ਜਾਵੇਗਾ, ਜਿਸ ਨਾਲ ਤੁਹਾਨੂੰ ਵਾਰ-ਵਾਰ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ।















