AAP ਪੰਜਾਬ ਨੂੰ ਵੱਡਾ ਝਟਕਾ! 20 ਤੋਂ ਵੱਧ ਆਗੂਆਂ ਨੇ ਛੱਡੀ ਪਾਰਟੀ; ਮਾਨ ਸਰਕਾਰ ‘ਤੇ ਲਾਏ ਗੰਭੀਰ ਦੋਸ਼
ਪਰਮਿੰਦਰ ਸਿੰਘ ਝੋਟੇ ਦੀ ਮੌਤ ਤੋਂ ਬਾਅਦ ‘ਆਪ’ ‘ਚ ਬਗ਼ਾਵਤ: 20 ਤੋਂ ਵੱਧ ਆਗੂਆਂ ਨੇ ਛੱਡੀ ਪਾਰਟੀ, ਕਿਹਾ- ਨਸ਼ਿਆਂ ਦੀ ਪੁਸ਼ਤਪਨਾਹੀ ਕਰ ਰਹੀ ਸਰਕਾਰ
ਸ਼ੁਤਰਾਣਾ ‘ਚ ਆਮ ਆਦਮੀ ਪਾਰਟੀ ‘ਚ ਵੱਡੀ ਫੁੱਟ! ਜ਼ਿਲ੍ਹਾ ਮੀਤ ਪ੍ਰਧਾਨ ਸਮੇਤ ਪ੍ਰਮੁੱਖ ਆਗੂਆਂ ਨੇ ਦਿੱਤੇ ਅਸਤੀਫ਼ੇ- ਸੰਗਰੂਰ ਰੋਡ ‘ਤੇ ਹੋਟਲ ‘ਚ ਮੀਟਿੰਗ ਤੋਂ ਬਾਅਦ ‘ਆਪ’ ‘ਚ ਧਮਾਕਾ: ਹਾਈਕਮਾਂਡ ਦੀ ਅਣਦੇਖੀ ਤੋਂ ਖਫ਼ਾ ਹੋ ਕੇ ਵਰਕਰਾਂ ਕੀਤਾ ਕਿਨਾਰਾ
ਚੰਡੀਗੜ੍ਹ/ਸ਼ੁਤਰਾਣਾ, 17 ਅਕਤੂਬਰ 2026: ਪੰਜਾਬ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿੱਚ ਆਮ ਆਦਮੀ ਪਾਰਟੀ (AAP) ਨੂੰ ਇੱਕ ਬਹੁਤ ਵੱਡਾ ਰੋੜਾ ਅਟਕਦਾ ਨਜ਼ਰ ਆ ਰਿਹਾ ਹੈ। ਅੱਜ ਹਲਕੇ ਵਿੱਚ ਉਸ ਸਮੇਂ ਰਾਜਨੀਤਿਕ ਹਲਚਲ ਤੇਜ਼ ਹੋ ਗਈ, ਜਦੋਂ ਵੱਡੀ ਪੱਧਰ ‘ਤੇ ‘ਆਪ’ ਦੇ ਵਲੰਟੀਅਰਾਂ, ਅਹੁਦੇਦਾਰਾਂ ਅਤੇ ਨਸ਼ਾ ਮੁਕਤੀ ਦੀ ਮੁਹਿੰਮ ਨਾਲ ਜੁੜੇ ਪ੍ਰਮੁੱਖ ਆਗੂਆਂ ਨੇ ਇੱਕਜੁੱਟ ਹੋ ਕੇ ਪਾਰਟੀ ਦੀ ਪ੍ਰਾਥਮਿਕ ਮੈਂਬਰਸ਼ਿਪ ਅਤੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਆਗੂ ਦੀ ਅਗਵਾਈ ਹੇਠ ਸੰਗਰੂਰ ਰੋਡ ਸਥਿਤ ‘ਹੋਟਲ ਰੁਤਬਾ’ ਵਿੱਚ ਇੱਕ ਵਿਸ਼ੇਸ਼ ਮੀਟਿੰਗ ਸੱਦੀ ਗਈ ਸੀ। ਇਸ ਮੀਟਿੰਗ ਤੋਂ ਬਾਅਦ ਪਾਰਟੀ ਦੇ ‘ਯੁੱਧ ਨਸ਼ਿਆਂ ਵਿਰੁੱਧ’ ਸੈੱਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਨੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਛੱਡਣ ਦਾ ਰਸਮੀ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸਮੇਤ ਲਗਭਗ 20 ਦੇ ਕਰੀਬ ਪ੍ਰਮੁੱਖ ਆਗੂਆਂ ਅਤੇ ਵਰਕਰਾਂ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਸੂਬੇ ਵਿੱਚ ਚਰਚਿਤ ਨਸ਼ਾ ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟੇ ਦੀ ਮੌਤ ਤੋਂ ਬਾਅਦ ਤੋਂ ਹੀ ਆਮ ਆਦਮੀ ਪਾਰਟੀ ‘ਚ ਅੰਦਰੂਨੀ ਬਗ਼ਾਵਤ ਅਤੇ ਸੰਕਟ ਦੇ ਬੱਦਲ ਮੰਡਰਾ ਰਹੇ ਸਨ। ਪ੍ਰੈੱਸ ਕਾਨਫ਼ਰੰਸ ਦੌਰਾਨ ਰਣਜੀਤ ਸਿੰਘ ਨੇ ਦੋਸ਼ ਲਾਇਆ ਕਿ ਜਦੋਂ ਵੀ ਉਹ ਪਿੰਡਾਂ ਵਿੱਚ ਲੋਕਾਂ ਦੇ ਵਿਚਕਾਰ ਜਾਂਦੇ ਹਨ, ਤਾਂ ਆਮ ਜਨਤਾ ਉਨ੍ਹਾਂ ਤੋਂ ਤਿੱਖੇ ਸਵਾਲ ਪੁੱਛਦੀ ਹੈ। ਲੋਕ ਸਵਾਲ ਕਰਦੇ ਹਨ ਕਿ ਜਦੋਂ ਪਰਮਿੰਦਰ ਸਿੰਘ ਝੋਟੇ ਦਾ ਕਤਲ ਹੋਇਆ ਸੀ, ਤਾਂ ਉਸ ਸਮੇਂ ‘ਆਪ’ ਸਰਕਾਰ ਅਤੇ ਇਸ ਦੇ ਨੁਮਾਇੰਦੇ ਕਿੱਥੇ ਸਨ? ਇਸ ਤੋਂ ਇਲਾਵਾ ਝੋਟੇ ਵੱਲੋਂ ਪੁਲਿਸ ਨੂੰ ਦਿੱਤੀਆਂ ਗਈਆਂ ਲਗਾਤਾਰ ਸ਼ਿਕਾਇਤਾਂ ‘ਤੇ ਸਮੇਂ ਸਿਰ ਕੋਈ ਠੋਸ ਕਾਰਵਾਈ ਕਿਉਂ ਨਹੀਂ ਕੀਤੀ ਗਈ?
ਅਸਤੀਫ਼ਾ ਦੇਣ ਵਾਲੇ ਆਗੂਆਂ ਨੇ ਸਰਕਾਰ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ, ਜਿਸ ਕਾਰਨ ਨਸ਼ੇ ਵਿਰੁੱਧ ਲੜਾਈ ਕਮਜ਼ੋਰ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਾਰਟੀ ਹਾਈਕਮਾਂਡ ਨੂੰ ਕਈ ਵਾਰ ਲਿਖਤੀ ਅਤੇ ਜ਼ਬਾਨੀ ਬੇਨਤੀ ਕੀਤੀ ਸੀ ਕਿ ਉਹ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਹਨ, ਇਸ ਲਈ ਸਥਾਨਕ ਲੋਕਾਂ ਨਾਲ ਮੀਟਿੰਗਾਂ ਕਰਕੇ ਇੱਕ ਠੋਸ ਅਤੇ ਕਾਰਗਰ ਨੀਤੀ ਬਣਾਈ ਜਾਵੇ। ਪ੍ਰੰਤੂ ਹਾਈਕਮਾਂਡ ਨੇ ਉਨ੍ਹਾਂ ਦੀਆਂ ਅਪੀਲਾਂ ‘ਤੇ ਕੋਈ ਧਿਆਨ ਨਹੀਂ ਦਿੱਤਾ ਅਤੇ ਪੂਰੀ ਤਰ੍ਹਾਂ ਅਣਦੇਖੀ ਕੀਤੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਹਲਕੇ ਵਿੱਚੋਂ ਤਿੰਨ ਪ੍ਰਮੁੱਖ ਅਸਤੀਫ਼ੇ ਸਾਹਮਣੇ ਆ ਚੁੱਕੇ ਸਨ, ਜਿਨ੍ਹਾਂ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ, ਗੋਲਡੀ ਬਰਾਸ ਅਤੇ ‘ਆਪ’ ਦੇ ਬਲਾਕ ਪ੍ਰਧਾਨ ਅਮਰਿੰਦਰ ਸਿੰਘ ਹਰਿਆਊ ਸ਼ਾਮਲ ਹਨ। ਹੁਣ 20 ਹੋਰ ਆਗੂਆਂ ਦੇ ਅਸਤੀਫ਼ੇ ਨਾਲ ਪਾਰਟੀ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਕਿੰਨੇ ਆਗੂ ਜਾਂ ਵਰਕਰ ਅਸਤੀਫ਼ੇ ਦੇਣਗੇ, ਪਰ ਇਹ ਗੱਲ ਯਕੀਨੀ ਹੈ ਕਿ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿੱਚ ਆਮ ਆਦਮੀ ਪਾਰਟੀ ਦੇ ਸੰਗਠਨ ਨੂੰ ਇਹ ਬਹੁਤ ਵੱਡੀ ਸੱਟ ਵੱਜੀ ਹੈ।
















