ਪੰਜਾਬ ‘ਚ ਵੱਡੀ ਸਿਆਸੀ ਹਲਚਲ! ਸੀਨੀਅਰ ਅਕਾਲੀ ਲੀਡਰ ਕੱਲ੍ਹ AAP ਵਿੱਚ ਹੋਣਗੇ ਸ਼ਾਮਲ
ਪਾਤੜਾਂ/ਸ਼ੁਤਰਾਣਾ, 30 ਜੂਨ 2026
ਪੰਜਾਬ ਦੀ ਸਿਆਸਤ ਅਤੇ ਖਾਸ ਕਰਕੇ ਹਲਕਾ ਸ਼ੁਤਰਾਣਾ ਵਿੱਚ ਇੱਕ ਵੱਡਾ ਸਿਆਸੀ ਉਲਟਫੇਰ ਹੋਣ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਦੇ ਸੀਨੀਅਰ ਆਗੂ ਅਤੇ ਮੋਢੀ ਮੈਂਬਰ ਕਰਨ ਸਿੰਘ ਡੀ.ਟੀ.ਓ. ਪਹਿਲੀ ਜੁਲਾਈ ਨੂੰ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ (AAP) ਵਿੱਚ ਸ਼ਾਮਲ ਹੋਣ ਜਾ ਰਹੇ ਹਨ।
ਇਸ ਸਿਆਸੀ ਪ੍ਰੋਗਰਾਮ ਨੂੰ ਲੈ ਕੇ ਪਾਰਟੀ ਵੱਲੋਂ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਪਾਤੜਾਂ ਦੀ ਅਨਾਜ ਮੰਡੀ ਵਿੱਚ ਪਹੁੰਚ ਕੇ ਕਰਨ ਸਿੰਘ ਡੀ.ਟੀ.ਓ. ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨਗੇ। ਇਸ ਮੌਕੇ ਮੁੱਖ ਮੰਤਰੀ ਮਾਨ ਇੱਕ ਵਿਸ਼ਾਲ ਜਨਸਭਾ ਨੂੰ ਵੀ ਸੰਬੋਧਨ ਕਰਨਗੇ।
ਸਿਆਸੀ ਗਲਿਆਰਿਆਂ ਵਿੱਚ ਚੱਲ ਰਹੀ ਚਰਚਾ ਅਨੁਸਾਰ, ਕਰਨ ਸਿੰਘ ਡੀ.ਟੀ.ਓ. ਹਲਕਾ ਸ਼ੁਤਰਾਣਾ ਤੋਂ ਹੀ ‘ਆਪ’ ਵੱਲੋਂ ਚੋਣ ਲੜਨ ਦੇ ਪੂਰੇ ਰੌਂਅ ਵਿੱਚ ਹਨ। ਜ਼ਿਕਰਯੋਗ ਹੈ ਕਿ ਕਰਨ ਸਿੰਘ ਡੀ.ਟੀ.ਓ. ਦਾ ਪਰਿਵਾਰ ਇਸ ਹਲਕੇ ਵਿੱਚ ਚੰਗਾ ਸਿਆਸੀ ਰਸੂਖ ਰੱਖਦਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਬੀਬੀ ਵਰਿੰਦਰ ਕੌਰ ਲੂੰਬਾ ਸਾਲ 2012 ਵਿੱਚ ਵਿਧਾਨ ਸਭਾ ਹਲਕਾ ਸ਼ੁਤਰਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਚੋਣ ਜਿੱਤ ਕੇ ਵਿਧਾਇਕ ਬਣੇ ਸਨ। ਹਾਲਾਂਕਿ, ਇਸ ਤੋਂ ਬਾਅਦ ਸਾਲ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੀਬੀ ਲੂੰਬਾ ਨੂੰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਸੇ ਦੌਰਾਨ ਸਥਾਨਕ ਰਾਜਨੀਤੀ ਨਾਲ ਜੁੜੀ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਨਗਰ ਕੌਂਸਲ ਪਾਤੜਾਂ ਦੇ ਅਹੁਦੇਦਾਰਾਂ ਦੀ ਚੋਣ ਜੋ ਪਹਿਲਾਂ ਵੱਖ-ਵੱਖ ਕਾਰਨਾਂ ਕਰਕੇ ਤਿੰਨ ਵਾਰ ਰੱਦ ਹੋ ਚੁੱਕੀ ਹੈ, ਹੁਣ ਅਗਲੇ ਮਹੀਨੇ ਦੀ 2 ਤਰੀਕ (2 ਜੁਲਾਈ) ਨੂੰ ਕਰਵਾਈ ਜਾਵੇਗੀ। ਕਰਨ ਸਿੰਘ ਡੀ.ਟੀ.ਓ. ਦੇ ‘ਆਪ’ ਵਿੱਚ ਸ਼ਾਮਲ ਹੋਣ ਤੋਂ ਤੁਰੰਤ ਬਾਅਦ ਹੋਣ ਵਾਲੀ ਇਸ ਚੋਣ ‘ਤੇ ਹੁਣ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
















