Punjab News: ਡਿਫੈਂਸ ਬੰਨ੍ਹ ਦੇ ਵਿਰੋਧ ‘ਚ ਗਵਰਨਰ ਪੰਜਾਬ ਨਾਲ ਅਹਿਮ ਮੀਟਿੰਗ! ਪੰਜਾਬ ਦੇ ਸਰਹੱਦੀ ਪਿੰਡਾਂ ਨੂੰ ਵੱਡੀ ਰਾਹਤ ਦੀ ਉਮੀਦ

On: ਜੁਲਾਈ 2, 2026 1:33 ਬਾਃ ਦੁਃ

 

ਡਿਫੈਂਸ ਬੰਨ੍ਹ ਦੇ ਵਿਰੋਧ ‘ਚ ਗਵਰਨਰ ਪੰਜਾਬ ਨਾਲ ਅਹਿਮ ਮੀਟਿੰਗ! ਪੰਜਾਬ ਦੇ ਸਰਹੱਦੀ ਪਿੰਡਾਂ ਨੂੰ ਵੱਡੀ ਰਾਹਤ ਦੀ ਉਮੀਦ

ਚੰਡੀਗੜ੍ਹ, 2 ਜੁਲਾਈ 2026- ਸਰਹੱਦੀ ਖੇਤਰਾਂ ਵਿੱਚ ਪ੍ਰਸਤਾਵਿਤ ਡਿਫੈਂਸ ਬੰਨ੍ਹ ਦੇ ਮੁੱਦੇ ਨੂੰ ਲੈ ਕੇ ਚੱਲ ਰਿਹਾ ਸੰਘਰਸ਼ ਹੁਣ ਇੱਕ ਨਵੇਂ ਅਤੇ ਨਿਰਣਾਇਕ ਪੜਾਅ ਵਿੱਚ ਦਾਖਲ ਹੋ ਗਿਆ ਹੈ। ਅੱਜ ਚੰਡੀਗੜ੍ਹ ਵਿਖੇ ‘ਬੰਨ ਰੋਕੂ ਚੜ੍ਹਦੀ ਕਲਾ ਸੰਘਰਸ਼ ਮੋਰਚਾ ਕਮੇਟੀ’ ਦੇ ਸੀਨੀਅਰ ਆਗੂਆਂ ਦੀ ਟੀਮ ਨੇ ਸ੍ਰੀ ਕਰਨ ਗਿਹਲੋਤਰਾ ਦੀ ਅਗਵਾਈ ਹੇਠ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨਾਲ ਰਾਜ ਭਵਨ ਵਿਖੇ ਇੱਕ ਅਹਿਮ ਅਤੇ ਵਿਸ਼ੇਸ਼ ਮੁਲਾਕਾਤ ਕੀਤੀ।

ਇਸ ਉੱਚ-ਪੱਧਰੀ ਟੀਮ ਵਿੱਚ ਕਰਨ ਗਿਹਲੋਤਰਾ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਨੂਰਸ਼ਾਹ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ, ਪ੍ਰਸਿੱਧ ਕਲਾਕਾਰ ਧੀਰਾ ਬਰਾੜ, ਬਾਰਡਰ ਏਰੀਆ ਕਿਸਾਨ ਯੂਨੀਅਨ ਤੋਂ ਸੁਖਦੇਵ ਸਿੰਘ ਸੰਧੂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਕੁਲਵੰਤ ਸਿੰਘ, ਸਰਪੰਚ ਬੀਰਬਲ, ਰਾਣਾ ਘੁਰਕਾ ਅਤੇ ਸਰਪੰਚ ਮਹਿਲ ਸਿੰਘ ਸਮੇਤ ਖੇਤਰ ਦੇ ਕਈ ਮੋਹਤਬਰ ਆਗੂ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਇਸ ਮੀਟਿੰਗ ਦਾ ਮੁੱਖ ਉਦੇਸ਼ ਡਿਫੈਂਸ ਬੰਨ੍ਹ ਕਾਰਨ ਸਰਹੱਦੀ ਪਿੰਡਾਂ ਦੇ ਲੋਕਾਂ, ਖਾਸ ਕਰਕੇ ਕਿਸਾਨਾਂ, ਨੂੰ ਪੇਸ਼ ਆ ਰਹੀਆਂ ਗੰਭੀਰ ਮੁਸ਼ਕਿਲਾਂ ਅਤੇ ਭਵਿੱਖ ਦੇ ਖਦਸ਼ਿਆਂ ਬਾਰੇ ਗਵਰਨਰ ਸਾਹਿਬ ਨੂੰ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਉਣਾ ਸੀ।

ਮੀਟਿੰਗ ਦੌਰਾਨ ਕਰਨ ਗਿਹਲੋਤਰਾ ਅਤੇ ਉਨ੍ਹਾਂ ਦੇ ਨਾਲ ਗਏ ਸਾਥੀ ਪ੍ਰਤੀਨਿਧਾਂ ਨੇ ਤੱਥਾਂ ਸਮੇਤ ਗਵਰਨਰ ਸਾਹਿਬ ਅੱਗੇ ਆਪਣਾ ਪੱਖ ਰੱਖਿਆ। ਉਨ੍ਹਾਂ ਦੱਸਿਆ ਕਿ ਇਹ ਡਿਫੈਂਸ ਬੰਨ੍ਹ ਸਰਹੱਦੀ ਪਿੰਡਾਂ ਦੀ ਹੋਂਦ, ਲੋਕਾਂ ਦੇ ਰੁਜ਼ਗਾਰ ਅਤੇ ਖੇਤੀਬਾੜੀ ਲਈ ਕਿੰਨਾ ਵੱਡਾ ਖਤਰਾ ਬਣ ਸਕਦਾ ਹੈ। ਕਮੇਟੀ ਮੈਂਬਰਾਂ ਨੇ ਸਪੱਸ਼ਟ ਕੀਤਾ ਕਿ ਪਿੰਡ ਵਾਸੀ ਦੇਸ਼ ਦੀ ਸੁਰੱਖਿਆ ਦੇ ਹੱਕ ਵਿੱਚ ਹਨ, ਪਰ ਇਸ ਬੰਨ੍ਹ ਦੀ ਮੌਜੂਦਾ ਤਜਵੀਜ਼ ਕਾਰਨ ਜਿਹੜੇ ਪਿੰਡ ਪਾਣੀ ਦੀ ਮਾਰ ਹੇਠ ਆਉਣਗੇ ਜਾਂ ਜਿਨ੍ਹਾਂ ਦਾ ਉਜਾੜਾ ਹੋਵੇਗਾ, ਉਸਦਾ ਬਦਲਵਾਂ ਅਤੇ ਢੁੱਕਵਾਂ ਹੱਲ ਕੱਢਣਾ ਬੇਹੱਦ ਜ਼ਰੂਰੀ ਹੈ।

ਇਹ ਉੱਚ-ਪੱਧਰੀ ਮੀਟਿੰਗ ਬਹੁਤ ਹੀ ਸੁਖਾਵੇਂ, ਹਾਂ-ਪੱਖੀ ਅਤੇ ਸੰਜੀਦਾ ਮਾਹੌਲ ਵਿੱਚ ਸੰਪੰਨ ਹੋਈ। ਗਵਰਨਰ ਗੁਲਾਬ ਚੰਦ ਕਟਾਰੀਆ ਨੇ ਕਮੇਟੀ ਦੀਆਂ ਸਾਰੀਆਂ ਦਲੀਲਾਂ ਅਤੇ ਚਿੰਤਾਵਾਂ ਨੂੰ ਪੂਰੇ ਧਿਆਨ ਨਾਲ ਸੁਣਿਆ। ਉਨ੍ਹਾਂ ਨੇ ਮੌਕੇ ‘ਤੇ ਹੀ ਵਿਸ਼ਵਾਸ ਦਿਵਾਇਆ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਬੇਘਰ ਜਾਂ ਪਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ।

ਗਵਰਨਰ ਨੇ ਭਰੋਸਾ ਦਿੱਤਾ ਕਿ ਇਸ ਗੰਭੀਰ ਮਸਲੇ ਦਾ ਬਹੁਤ ਜਲਦ, ਨਿਰਪੱਖ ਅਤੇ ਪਿੰਡ ਵਾਸੀਆਂ ਦੇ ਹੱਕ ਵਿੱਚ ਢੁੱਕਵਾਂ ਹੱਲ ਕੱਢਿਆ ਜਾਵੇਗਾ ਤਾਂ ਜੋ ਕਿਸੇ ਵੀ ਪਰਿਵਾਰ ਨੂੰ ਆਰਥਿਕ ਜਾਂ ਮਾਨਸਿਕ ਸੰਤਾਪ ਨਾ ਭੋਗਣਾ ਪਵੇ। ਇਸ ਮੁਲਾਕਾਤ ਤੋਂ ਬਾਅਦ ਸਰਹੱਦੀ ਪਿੰਡਾਂ ਦੇ ਲੋਕਾਂ ਅਤੇ ਕਿਸਾਨਾਂ ਵਿੱਚ ਇੱਕ ਆਸ ਦੀ ਕਿਰਨ ਜਾਗੀ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਉਨ੍ਹਾਂ ਦੀ ਆਵਾਜ਼ ਸੁਣ ਕੇ ਇਸ ਮਸਲੇ ਦਾ ਸਥਾਈ ਹੱਲ ਜ਼ਰੂਰ ਕੱਢਣਗੇ।

 

Join WhatsApp

Join Now

Leave a Comment