Punjab Congress ਦੋਫਾੜ! MP ਮਨੀਸ਼ ਤਿਵਾੜੀ ਨੇ ਚੁੱਕੇ ਸਵਾਲ, ਬੋਲੇ- ਇਮਾਨਦਾਰਾਂ ਦੀ ਇੱਥੇ ਕਦਰ ਨਹੀਂ

On: ਜੁਲਾਈ 2, 2026 7:39 ਬਾਃ ਦੁਃ

 

ਪੰਜਾਬ ਕਾਂਗਰਸ (Punjab Congress) ਦੋਫਾੜ! MP ਮਨੀਸ਼ ਤਿਵਾੜੀ ਨੇ ਚੁੱਕੇ ਸਵਾਲ, ਬੋਲੇ- ਇਮਾਨਦਾਰਾਂ ਦੀ ਇੱਥੇ ਕਦਰ ਨਹੀਂ

ਪੰਜਾਬ ਲਈ ਨਵੇਂ ਕਾਰਜਕਾਰੀ ਪ੍ਰਧਾਨਾਂ ਅਤੇ ਚੋਣ ਕਮੇਟੀਆਂ ਦੇ ਐਲਾਨ ਤੋਂ ਬਾਅਦ ਮਨੀਸ਼ ਤਿਵਾੜੀ ਹਾਸ਼ੀਏ ‘ਤੇ

X (ਟਵਿੱਟਰ) ‘ਤੇ ਪੋਸਟ ਸਾਂਝੀ ਕਰਕੇ ਕਿਹਾ- “ਕਾਂਗਰਸ ਨੇ 45 ਸਾਲਾਂ ‘ਚ ਬਹੁਤ ਕੁਝ ਦਿੱਤਾ, ਜੋ ਹੋਵੇਗਾ ਸੋ ਹੋਵੇਗਾ”

ਚੰਨੀ ਚੋਣ ਪ੍ਰਚਾਰ, ਸਿੰਗਲਾ ਪ੍ਰਬੰਧਨ ਅਤੇ ਰੰਧਾਵਾ ਕੋਰ ਕਮੇਟੀ ਦੇ ਚੇਅਰਮੈਨ ਨਿਯੁਕਤ; ਰਾਜਾ ਵਾਰਿੰਗ ਬਣੇ ਰਹਿਣਗੇ ਪ੍ਰਧਾਨ

ਚੰਡੀਗੜ੍ਹ, 2 ਜੁਲਾਈ 2026- ਆਗਾਮੀ 2027 ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਪਾਰਟੀ (Punjab Congress) ਵੱਲੋਂ ਪੰਜਾਬ ਇਕਾਈ ਵਿੱਚ ਕੀਤੇ ਗਏ ਵੱਡੇ ਸੰਗਠਨਾਤਮਕ ਫੇਰਬਦਲ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਵੱਡੀ ਚਰਚਾ ਛਿੜ ਗਈ ਹੈ।

ਇਸ ਨਵੇਂ ਫੇਰਬਦਲ ਵਿੱਚ ਚੰਡੀਗੜ੍ਹ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੂੰ ਕੋਈ ਸੰਗਠਨਾਤਮਕ ਜ਼ਿੰਮੇਵਾਰੀ ਨਹੀਂ ਸੌਂਪੀ ਗਈ ਹੈ, ਜਿਸ ਕਾਰਨ ਉਹ ਹਾਸ਼ੀਏ ‘ਤੇ ਚਲੇ ਗਏ ਹਨ। ਇਸ ਸਾਰੇ ਮਾਮਲੇ ‘ਤੇ ਵੀਰਵਾਰ ਨੂੰ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ‘X’ (ਪਹਿਲਾਂ ਟਵਿੱਟਰ) ‘ਤੇ ਇੱਕ ਪੋਸਟ ਸਾਂਝੀ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਦਾ ਦਰਦ ਸਾਫ਼ ਝਲਕ ਰਿਹਾ ਹੈ।

ਦਰਅਸਲ, ਇੱਕ ਅਖ਼ਬਾਰ ਦੇ ਲੇਖ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਜਿਸ ਦਾ ਸਿਰਲੇਖ ਸੀ- ‘ਪੰਜਾਬ ਲਈ ਕਾਂਗਰਸ ਵੱਲੋਂ ਨਵੇਂ ਕਾਰਜਕਾਰੀ ਪ੍ਰਧਾਨਾਂ ਅਤੇ ਚੋਣ ਕਮੇਟੀਆਂ ਦੀ ਨਿਯੁਕਤੀ ਤੋਂ ਬਾਅਦ ਮਨੀਸ਼ ਤਿਵਾੜੀ ਹਾਸ਼ੀਏ ‘ਤੇ ਚਲੇ ਗਏ’, ਸੰਸਦ ਮੈਂਬਰ ਤਿਵਾਰੀ ਨੇ ਲਿਖਿਆ, “ਕਾਸ਼ ਮੇਰੇ ਕੋਲ ਵਿਅਕਤੀਆਂ ਅਤੇ ਸੰਸਥਾਵਾਂ ਦੀਆਂ ਅਸੁਰੱਖਿਆਵਾਂ (Insecurities) ਦਾ ਕੋਈ ਇਲਾਜ ਹੁੰਦਾ! ਫਿਰ ਵੀ, ਕਾਂਗਰਸ ਨੇ ਪਿਛਲੇ 45 ਸਾਲਾਂ ਵਿੱਚ ਮੈਨੂੰ ਬਹੁਤ ਕੁਝ ਦਿੱਤਾ ਹੈ ਅਤੇ ਮੈਂ ਦਹਾਕਿਆਂ ਤੋਂ ਆਪਣਾ ਪੂਰਾ ਜੀਵਨ ਭਾਰਤੀ ਰਾਸ਼ਟਰੀ ਕਾਂਗਰਸ ਦੀ ਸੇਵਾ ਵਿੱਚ ਸਮਰਪਿਤ ਕੀਤਾ ਹੈ, ਜੋ ਹੋਵੇਗਾ ਸੋ ਹੋਵੇਗਾ।”

ਕੀ ਹੈ ਪੂਰਾ ਮਾਮਲਾ?

ਇਹ ਟਿੱਪਣੀ ਆਲ ਇੰਡੀਆ ਕਾਂਗਰਸ ਕਮੇਟੀ (AICC) ਵੱਲੋਂ ਬੁੱਧਵਾਰ ਨੂੰ ਪੰਜਾਬ ਚੋਣਾਂ ਲਈ ਅਹਿਮ ਕਮੇਟੀਆਂ ਦੇ ਚੇਅਰਮੈਨਾਂ ਅਤੇ ਸਹਿ-ਚੇਅਰਮੈਨਾਂ ਦੇ ਕੀਤੇ ਐਲਾਨ ਤੋਂ ਬਾਅਦ ਆਈ ਹੈ। ਚੰਡੀਗੜ੍ਹ ਤੋਂ ਮੌਜੂਦਾ ਸੰਸਦ ਮੈਂਬਰ ਮਨੀਸ਼ ਤਿਵਾਰੀ, ਜੋ 2019 ਵਿੱਚ ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਅਤੇ ਇਸ ਤੋਂ ਪਹਿਲਾਂ ਲੁਧਿਆਣਾ ਤੋਂ ਵੀ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ, ਨੂੰ ਇਸ ਵਾਰ ਕਿਸੇ ਵੀ ਕਮੇਟੀ ਵਿੱਚ ਜਗ੍ਹਾ ਨਹੀਂ ਮਿਲੀ।

AICC ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਨ੍ਹਾਂ ਨਿਯੁਕਤੀਆਂ ਨੂੰ ਤੁਰੰਤ ਪ੍ਰਭਾਵ ਨਾਲ ਮਨਜ਼ੂਰੀ ਦੇ ਦਿੱਤੀ ਹੈ। ਚੋਣ ਪ੍ਰਚਾਰ ਕਮੇਟੀ (Campaign Committee)- ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੇਅਰਮੈਨ ਬਣਾਇਆ ਗਿਆ ਹੈ। ਚੋਣ ਪ੍ਰਬੰਧਨ ਅਤੇ ਤਾਲਮੇਲ ਕਮੇਟੀ: ਵਿਜੇ ਇੰਦਰ ਸਿੰਗਲਾ ਨੂੰ ਇਸ ਕਮੇਟੀ ਦੀ ਕਮਾਨ ਸੌਂਪੀ ਗਈ ਹੈ। ਸੁਖਜਿੰਦਰ ਸਿੰਘ ਰੰਧਾਵਾ ਨੂੰ ਕੋਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਡਾ. ਅਮਰ ਸਿੰਘ ਮੈਨੀਫੈਸਟੋ ਕਮੇਟੀ (Manifesto Committee) ਦੀ ਅਗਵਾਈ ਕਰਨਗੇ।

ਰਾਜਾ ਵਾਰਿੰਗ ਅਤੇ ਪ੍ਰਤਾਪ ਬਾਜਵਾ ਦੇ ਅਹੁਦੇ ਬਰਕਰਾਰ

ਹਾਈਕਮਾਂਡ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਅਮਰਿੰਦਰ ਸਿੰਘ ਰਾਜਾ ਵਾਰਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਬਣੇ ਰਹਿਣਗੇ, ਜਦੋਂ ਕਿ ਪ੍ਰਤਾਪ ਸਿੰਘ ਬਾਜਵਾ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕ ਦਲ (CLP) ਦੇ ਨੇਤਾ ਵਜੋਂ ਕੰਮ ਕਰਦੇ ਰਹਿਣਗੇ। ਇਸ ਤੋਂ ਇਲਾਵਾ, ਪੰਜਾਬ ਕਾਂਗਰਸ ਲਈ ਤਿੰਨ ਨਵੇਂ ਕਾਰਜਕਾਰੀ ਪ੍ਰਧਾਨਾਂ- ਸੁਖਵਿੰਦਰ ਸਿੰਘ ਡੈਨੀ, ਰਾਜ ਕੁਮਾਰ ਵੇਰਕਾ ਅਤੇ ਸੰਗਤ ਸਿੰਘ ਗਿਲਜੀਆਂ ਦੀ ਨਿਯੁਕਤੀ ਦਾ ਵੀ ਐਲਾਨ ਕੀਤਾ ਗਿਆ ਹੈ।

 

Join WhatsApp

Join Now

Leave a Comment