ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ; PF ਖਾਤੇ ‘ਚੋਂ ਪੈਸੇ ਕਢਵਾਉਣਾ ਹੋਇਆ ਬੇਹੱਦ ਅਸਾਨ- ਕੇਂਦਰ ਵੱਲੋਂ ਨਵੀਂ EPF ਯੋਜਨਾ ਨੋਟੀਫਾਈ
29 ਜੂਨ ਤੋਂ ਲਾਗੂ ਹੋਏ ਨਵੇਂ ਨਿਯਮ; ਹੁਣ ਸਿਰਫ਼ 12 ਮਹੀਨਿਆਂ ਦੀ ਸਰਵਿਸ ਤੋਂ ਬਾਅਦ ਵੀ ਕਢਵਾ ਸਕੋਗੇ PF ਦਾ ਪੈਸਾ
ਖਾਤੇ ਵਿੱਚ 25% ਮਿਨੀਮਮ ਬੈਲੈਂਸ ਰੱਖਣਾ ਹੋਵੇਗਾ ਲਾਜ਼ਮੀ; ਬਾਕੀ 75% ਰਾਸ਼ੀ ਦੀ ਕਰ ਸਕੋਗੇ ਨਿਕਾਸੀ
ਬੀਮਾਰੀ, ਪੜ੍ਹਾਈ ਅਤੇ ਵਿਆਹ ਲਈ 100% ਤੱਕ ਨਿਕਾਸੀ ਦੀ ਮਨਜ਼ੂਰੀ; WhatsApp ‘ਤੇ ਪੰਜਾਬੀ ਸਮੇਤ ਖੇਤਰੀ ਭਾਸ਼ਾਵਾਂ ‘ਚ ਮਿਲੇਗਾ ਬੈਲੈਂਸ ਤੇ ਕਲੇਮ ਸਟੇਟਸ
ਨਵੀਂ ਦਿੱਲੀ, 2 ਜੁਲਾਈ 2026:
ਦੇਸ਼ ਦੇ ਕਰੋੜਾਂ ਨੌਕਰੀਪੇਸ਼ਾ ਲੋਕਾਂ ਅਤੇ ਪੀ.ਐੱਫ. (PF) ਖਾਤਾ ਧਾਰਕਾਂ ਲਈ ਕੇਂਦਰ ਸਰਕਾਰ ਵੱਲੋਂ ਇੱਕ ਬਹੁਤ ਹੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਸਰਕਾਰ ਨੇ ਕਰਮਚਾਰੀ ਭਵਿੱਖ ਨਿਧੀ (ਈ.ਪੀ.ਐੱਫ.) ਯੋਜਨਾ, 2026 ਨੂੰ ਨੋਟੀਫਾਈ ਕਰ ਦਿੱਤਾ ਹੈ, ਜਿਸ ਤਹਿਤ 29 ਜੂਨ ਤੋਂ ਖਾਤੇ ਵਿੱਚੋਂ ਅੰਸ਼ਕ ਪੈਸੇ ਕਢਵਾਉਣ (Partial Withdrawal) ਦੇ ਨਿਯਮਾਂ ਵਿੱਚ ਕਈ ਅਹਿਮ ਅਤੇ ਮੁਲਾਜ਼ਮ ਪੱਖੀ ਬਦਲਾਅ ਕੀਤੇ ਗਏ ਹਨ।
ਇਨ੍ਹਾਂ ਨਵੇਂ ਨਿਯਮਾਂ ਨਾਲ ਹੁਣ ਮੁਲਾਜ਼ਮਾਂ ਲਈ ਲੋੜ ਵੇਲੇ PF ਦਾ ਪੈਸਾ ਕਢਵਾਉਣਾ ਪਹਿਲਾਂ ਨਾਲੋਂ ਬਹੁਤ ਸੌਖਾ ਹੋ ਜਾਵੇਗਾ। ਨਵੀਂ ਵਿਵਸਥਾ ਅਨੁਸਾਰ, ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਮੈਂਬਰ ਹੁਣ ਆਪਣੇ ਖਾਤੇ ਵਿੱਚੋਂ ਉਦੋਂ ਹੀ ਅੰਸ਼ਕ ਨਿਕਾਸੀ ਕਰ ਸਕਣਗੇ, ਜੇਕਰ ਉਨ੍ਹਾਂ ਦੇ ਖਾਤੇ ਵਿੱਚ ਕੁੱਲ ਰਾਸ਼ੀ (Eligible Member Balance) ਦਾ ਘੱਟੋ-ਘੱਟ 25% ਹਿੱਸਾ ਸੁਰੱਖਿਅਤ ਬਚਿਆ ਰਹੇਗਾ।
ਯਾਨੀ ਕਿਸੇ ਵੀ ਅੰਸ਼ਕ ਨਿਕਾਸੀ ਦੀ ਗਣਨਾ (Calculation) ਇਸ 25% ਰਾਸ਼ੀ ਨੂੰ ਵੱਖ ਰੱਖਣ ਤੋਂ ਬਾਅਦ ਹੀ ਕੀਤੀ ਜਾਵੇਗੀ। ਇਹ ਨਿਯਮ ਕਰਮਚਾਰੀ (Employee) ਅਤੇ ਨਿਯੋਕਤਾ (Employer) ਦੋਵਾਂ ਦੇ ਯੋਗਦਾਨ ‘ਤੇ ਬਰਾਬਰ ਲਾਗੂ ਹੋਵੇਗਾ। ਉਦਾਹਰਨ ਵਜੋਂ: ਜੇਕਰ ਕਿਸੇ ਮੈਂਬਰ ਦੇ ਪੀ.ਐੱਫ. ਖਾਤੇ ਵਿੱਚ ਕੁੱਲ 10 ਲੱਖ ਰੁਪਏ ਜਮ੍ਹਾਂ ਹਨ, ਤਾਂ ਉਸ ਨੂੰ 2,50,000 ਰੁਪਏ (25%) ਖਾਤੇ ਵਿੱਚ ਬਰਕਰਾਰ ਰੱਖਣੇ ਪੈਣਗੇ। ਇਸ ਤੋਂ ਬਾਅਦ ਉਹ ਨਿਯਮਾਂ ਮੁਤਾਬਕ ਵੱਧ ਤੋਂ ਵੱਧ 7,50,000 ਰੁਪਏ (75%) ਤੱਕ ਦੀ ਨਿਕਾਸੀ ਆਸਾਨੀ ਨਾਲ ਕਰ ਸਕੇਗਾ।
ਘਰ ਬਣਾਉਣ, ਵਿਆਹ ਅਤੇ ਪੜ੍ਹਾਈ ਲਈ ਮਿਲੇਗੀ ਵੱਡੀ ਰਾਹਤ
ਨਵੀਂ ਯੋਜਨਾ ਤਹਿਤ ਉਨ੍ਹਾਂ ਹਾਲਾਤਾਂ ਦਾ ਦਾਇਰਾ ਵੀ ਵਧਾ ਦਿੱਤਾ ਗਿਆ ਹੈ, ਜਿਨ੍ਹਾਂ ਲਈ ਮੈਂਬਰ ਪੈਸੇ ਕਢਵਾ ਸਕਦੇ ਹਨ। ਹੁਣ ਮੈਂਬਰ ਮਕਾਨ ਜਾਂ ਫਲੈਟ ਖਰੀਦਣ, ਘਰ ਬਣਾਉਣ ਲਈ ਪਲਾਟ ਖਰੀਦਣ, ਨਵਾਂ ਘਰ ਬਣਾਉਣ, ਹੋਮ ਲੋਨ ਚੁਕਾਉਣ ਜਾਂ ਘਰ ਦੀ ਮੁਰੰਮਤ (Repairing) ਵਰਗੇ ਰਿਹਾਇਸ਼ੀ ਉਦੇਸ਼ਾਂ ਲਈ ਰਾਸ਼ੀ ਕਢਵਾ ਸਕਣਗੇ।
ਇਸ ਤੋਂ ਇਲਾਵਾ ਗੰਭੀਰ ਬੀਮਾਰੀ, ਉੱਚ ਸਿੱਖਿਆ (Higher Education) ਅਤੇ ਵਿਆਹ ਵਰਗੇ ਜ਼ਰੂਰੀ ਖਰਚਿਆਂ ਲਈ ਮੈਂਬਰ ਆਪਣੀ ਯੋਗ ਬਾਕੀ ਰਾਸ਼ੀ ਦਾ 100% ਤੱਕ ਕਢਵਾ ਸਕਦੇ ਹਨ। ਹੁਣ ਮਹਿਜ਼ 12 ਮਹੀਨਿਆਂ (1 ਸਾਲ) ਦੀ ਸਰਵਿਸ ਪੂਰੀ ਹੋਣ ‘ਤੇ ਵੀ ਅੰਸ਼ਕ ਨਿਕਾਸੀ ਦੀ ਸੁਵਿਧਾ ਮਿਲੇਗੀ ਅਤੇ ਵਿਸ਼ੇਸ਼ ਹਾਲਾਤਾਂ ਵਿੱਚ ਪੈਸੇ ਕਢਵਾਉਣ ਲਈ ਕਿਸੇ ਵਾਧੂ ਸਪੱਸ਼ਟੀਕਰਨ (Explanation) ਦੀ ਲੋੜ ਨਹੀਂ ਪਵੇਗੀ।
ਹੁਣ UPI ਅਤੇ WhatsApp ਰਾਹੀਂ ਮਿਲਣਗੀਆਂ ਹਾਈਟੈਕ ਸੇਵਾਵਾਂ
ਡਿਜੀਟਲ ਇੰਡੀਆ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦਿਆਂ EPFO ਨੇ ਇੱਕ ਨਵੀਂ ਸੁਵਿਧਾ ਦਾ ਟੈਸਟਿੰਗ (Trial) ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ, ਜਿਸ ਤਹਿਤ ਹੁਣ PF ਦੀ ਰਾਸ਼ੀ ਸਿੱਧੇ UPI ਰਾਹੀਂ ਮੁਲਾਜ਼ਮ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾ ਸਕੇਗੀ।
ਇਸ ਦੇ ਨਾਲ ਹੀ ਅਗਲੇ ਇੱਕ ਮਹੀਨੇ ਦੇ ਅੰਦਰ ਵਟਸਐਪ (WhatsApp) ਆਧਾਰਿਤ ਮੈਂਬਰ ਸੇਵਾਵਾਂ ਵੀ ਸ਼ੁਰੂ ਹੋਣ ਜਾ ਰਹੀਆਂ ਹਨ। ਮੈਂਬਰ EPFO ਦੇ ਵੈਰੀਫਾਈਡ ਵਟਸਐਪ ਨੰਬਰ ‘ਤੇ “Hello” ਲਿਖ ਕੇ ਭੇਜਣਗੇ, ਜਿਸ ਤੋਂ ਬਾਅਦ ਉਹ ਘਰ ਬੈਠੇ ਹੀ ਆਪਣੇ ਖਾਤੇ ਦਾ ਬੈਲੈਂਸ ਦੇਖ ਸਕਣਗੇ, ਪਿਛਲੇ 5 ਲੈਣ-ਦੇਣ (Transactions) ਦੀ ਜਾਣਕਾਰੀ ਲੈ ਸਕਣਗੇ ਅਤੇ ਆਪਣੇ ਕਲੇਮ ਸਟੇਟਸ (Claim Status) ਨੂੰ ਟ੍ਰੈਕ ਕਰ ਸਕਣਗੇ। ਖ਼ਾਸ ਗੱਲ ਇਹ ਹੈ ਕਿ ਵਰਤੋਂਕਾਰਾਂ ਦੀ ਸਹੂਲਤ ਲਈ ਇਹ ਵਟਸਐਪ ਸੇਵਾ ਪੰਜਾਬੀ ਸਮੇਤ ਵਿਭਿੰਨ ਭਾਰਤੀ ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਹੋਵੇਗੀ।
















