Join WhatsApp

Join Now

ਵੱਡੀ ਖ਼ਬਰ: ਭਾਰਤ ‘ਚ ਬੇਹੱਦ ਖ਼ਤਰਨਾਕ ਅਤੇ ਗੰਭੀਰ ਸਥਿਤੀ ਪੈਦਾ ਕਰਨ ਦੀ ਰਚੀ ਜਾ ਰਹੀ ਸਾਜ਼ਿਸ਼- ਨਿਤਿਨ ਨਬੀਨ

On: October 10, 2026 12:07 PM
Nitin Nabin Punjab Visit

 

ਵੱਡੀ ਖ਼ਬਰ: ਭਾਰਤ ‘ਚ ਬੇਹੱਦ ਖ਼ਤਰਨਾਕ ਅਤੇ ਗੰਭੀਰ ਸਥਿਤੀ ਪੈਦਾ ਕਰਨ ਦੀ ਰਚੀ ਜਾ ਰਹੀ ਸਾਜ਼ਿਸ਼- ਨਿਤਿਨ ਨਬੀਨ

ਪ੍ਰਧਾਨ ਮੰਤਰੀ ਮੋਦੀ ਦੇ ‘ਵਿਕਸਿਤ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਰਕਾਰ ਅਤੇ ਦੇਸ਼ ਵਾਸੀ ਪੂਰੀ ਤਰ੍ਹਾਂ ਵਚਨਬੱਧ- ਭਾਜਪਾ

ਨਵੀਂ ਦਿੱਲੀ, 10 ਅਕਤੂਬਰ 2026- ਭਾਜਪਾ (BJP) ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਵਿਰੋਧੀ ਧਿਰਾਂ ‘ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਗਾਇਆ ਹੈ ਕਿ ਅੱਜ ਦੇਸ਼ ਵਿੱਚ ਬੇਹੱਦ ਖ਼ਤਰਨਾਕ ਅਤੇ ਗੰਭੀਰ ਸਥਿਤੀ ਪੈਦਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ 140 ਕਰੋੜ ਜਨਤਾ, ਜੋ ਸ਼ਾਂਤੀ ਅਤੇ ਸੁੱਖ ਨਾਲ ਭਾਰਤ ਦੀ ਤਰੱਕੀ ਵਿੱਚ ਯੋਗਦਾਨ ਪਾ ਰਹੀ ਹੈ, ਉਸ ਨੂੰ ਅਸਥਿਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਮੁਤਾਬਕ ਇਹ ਗੰਭੀਰ ਕੋਸ਼ਿਸ਼ਾਂ ਦੋ ਅਰਾਜਕਤਾਵਾਦੀ ਸਮੂਹਾਂ ਵਲੋਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਦਾ ਨੇਤਾ INDI ਗਠਜੋੜ ਦੇ ਰਾਹੁਲ ਗਾਂਧੀ ਹਨ ਅਤੇ ਦੂਜੇ ਧੜੇ ਦੀ ਅਗਵਾਈ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਕਰ ਰਹੇ ਹਨ।

ਨਿਤਿਨ ਨਬੀਨ ਨੇ ਦੋਵਾਂ ਧੜਿਆਂ ਨੂੰ ਸਪੱਸ਼ਟ ਚੇਤਾਵਨੀ ਦਿੰਦਿਆਂ ਕਿਹਾ ਕਿ ਭਾਰਤ ਦੇ ਲੋਕ ਉਨ੍ਹਾਂ ਦੇ ਇਨ੍ਹਾਂ ਮਨਸੂਬਿਆਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਅੱਜ ਵਿਰੋਧੀ ਧਿਰਾਂ ਵਿੱਚ ਅਰਾਜਕਤਾ ਫੈਲਾਉਣ ਅਤੇ ਦੇਸ਼ ਵਿੱਚ ਅਸਥਿਰਤਾ ਪੈਦਾ ਕਰਨ ਦੀ ਹੌੜ ਲੱਗੀ ਹੋਈ ਹੈ, ਪਰ ਭਾਜਪਾ ਅਤੇ ਦੇਸ਼ ਦੀ ਦੇਸ਼ ਭਗਤ ਜਨਤਾ ਉਨ੍ਹਾਂ ਦੇ ਇਨ੍ਹਾਂ ਮਨਸੂਬਿਆਂ ਨੂੰ ਕਦੇ ਵੀ ਪੂਰਾ ਨਹੀਂ ਹੋਣ ਦੇਵੇਗੀ। ਜਨਤਾ ਨੇ ਰਾਹੁਲ ਗਾਂਧੀ ਦੇ INDI ਗਠਜੋੜ ਅਤੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਲੋਕਤੰਤਰ ਵਲੋਂ ਮਿਲੀ ਇਸ ਹਾਰ ਤੋਂ ਸਬਕ ਲੈਣ ਦੀ ਬਜਾਏ ਇਹ ਆਗੂ ਦੇਸ਼ ਨੂੰ ਅਸਥਿਰ ਕਰਨ ਦਾ ਰਾਹ ਚੁਣ ਰਹੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਇਹ ਕੋਸ਼ਿਸ਼ਾਂ ਸਿਰਫ਼ ਸਿਆਸੀ ਲਾਹਾ ਲੈਣ ਤੱਕ ਸੀਮਤ ਨਹੀਂ ਹਨ, ਸਗੋਂ ਇਹ ਸਭ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ ‘ਤੇ ਹੋ ਰਿਹਾ ਹੈ। ਅੱਜ ਜਦੋਂ ਭਾਰਤ ਵਿਸ਼ਵ ਪੱਧਰੀ ਸੰਕਟਾਂ ਦੇ ਬਾਵਜੂਦ ਲਗਾਤਾਰ ਆਤਮਨਿਰਭਰ ਅਤੇ ਮਜ਼ਬੂਤ ਬਣ ਕੇ ਅੱਗੇ ਵੱਧ ਰਿਹਾ ਹੈ, ਤਾਂ ਇਹ ਗੱਲ ਵਿਰੋਧੀ ਧਿਰਾਂ ਨੂੰ ਹਜ਼ਮ ਨਹੀਂ ਹੋ ਰਹੀ। ਵਿਦੇਸ਼ੀ ਤਾਕਤਾਂ ਨਾਲ ਮਿਲ ਕੇ ਦੇਸ਼ ਨੂੰ ਕਮਜ਼ੋਰ ਕਰਨ ਦੀ ਖੇਡ ਖੇਡੀ ਜਾ ਰਹੀ ਹੈ, ਪਰ ਭਾਰਤੀ ਲੋਕਤੰਤਰ ਅਤੇ ਦੇਸ਼ ਭਗਤ ਲੋਕ ਮਿਲ ਕੇ ਇਨ੍ਹਾਂ ਸਾਰੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰ ਦੇਣਗੇ।

ਬੀਤੇ 12 ਸਾਲਾਂ ਦਾ ਜ਼ਿਕਰ ਕਰਦਿਆਂ ਨਿਤਿਨ ਨਬੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੂੰ ਡਰ ਦੇ ਮਾਹੌਲ ਤੋਂ ਬਾਹਰ ਕੱਢਿਆ ਗਿਆ ਹੈ। ਅੱਤਵਾਦ ਅਤੇ ਨਕਸਲਵਾਦ ਨੂੰ ਜੜ੍ਹੋਂ ਖ਼ਤਮ ਕਰਨ ਲਈ ਇਤਿਹਾਸਕ ਕਦਮ ਚੁੱਕੇ ਗਏ ਹਨ। ਪਰ ਇਸ ਦੇ ਬਾਵਜੂਦ ਕੁਝ ‘ਅਰਬਨ ਨਕਸਲ’ ਮਾਨਸਿਕਤਾ ਵਾਲੇ ਲੋਕ ਅਜੇ ਵੀ ਭਾਰਤ ਦੀ ਸ਼ਾਂਤੀ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਵਲੋਂ ਵਰਤੀ ਜਾ ਰਹੀ ਭਾਸ਼ਾ ‘ਤੇ ਦੇਸ਼ ਦਾ ਯੂਥ ਨਜ਼ਰ ਰੱਖ ਰਿਹਾ ਹੈ। ਭਾਰਤ ਦਾ ਨੌਜਵਾਨ ਆਪਣੀ ਸੰਸਕ੍ਰਿਤੀ, ਲੋਕਤੰਤਰ ਅਤੇ ਸੰਵਿਧਾਨ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ, ਇਸ ਲਈ ਉਹ ਅਜਿਹੀ ਬੋਲੀ ਅਤੇ ਅਰਾਜਕਤਾ ਨੂੰ ਕਦੇ ਪ੍ਰਵਾਨ ਨਹੀਂ ਕਰੇਗਾ।

ਸੰਵਿਧਾਨਕ ਅਹੁਦਿਆਂ ‘ਤੇ ਬੈਠੇ ਵਿਅਕਤੀਆਂ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵਰਤਣ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਨਾਂ ‘ਤੇ ਝੂਠ ਬੋਲਣਾ ਅਤੇ ਜਨਾਦੇਸ਼ ਦਾ ਅਪਮਾਨ ਕਰਨਾ ਦੇਸ਼ ਦੀ ਜਨਤਾ ਨਾਲ ਧੋਖਾ ਹੈ। ਲਗਾਤਾਰ ਹੋ ਰਹੀਆਂ ਚੋਣ ਹਾਰਾਂ ਤੋਂ ਬਾਅਦ ਵਿਰੋਧੀ ਧਿਰ ਨਿਰਾਸ਼ਾ ਵਿੱਚ ਡੁੱਬ ਚੁੱਕੀ ਹੈ। ਭਾਰਤ ਸਰਕਾਰ ਅਜਿਹੀਆਂ ਸਾਰੀਆਂ ਦੇਸ਼-ਵਿਰੋਧੀ ਤਾਕਤਾਂ ਨਾਲ ਸਖ਼ਤੀ ਨਾਲ ਨਿਪਟੇਗੀ ਅਤੇ ਭਾਜਪਾ ਦਾ ਹਰ ਵਰਕਰ ਜਨਤਾ ਦੇ ਵਿਚਕਾਰ ਰਹਿ ਕੇ ਇਨ੍ਹਾਂ ਸਾਜ਼ਿਸ਼ਾਂ ਦਾ ਢੁੱਕਵਾਂ ਜਵਾਬ ਦੇਵੇਗਾ। ਪ੍ਰਧਾਨ ਮੰਤਰੀ ਮੋਦੀ ਦੇ ‘ਵਿਕਸਿਤ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਰਕਾਰ ਅਤੇ ਦੇਸ਼ ਵਾਸੀ ਪੂਰੀ ਤਰ੍ਹਾਂ ਵਚਨਬੱਧ ਹਨ।

 

Leave a Comment