ਪੰਜਾਬ ਵਿੱਚ ਆਂਗਣਵਾੜੀ ਵਰਕਰ ‘ਤੇ ਹਮਲਾ; ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਦਾ ਫਾਰਮ ਭਰਨ ਸਮੇਂ ਕੁੱਟਿਆ
‘ਐਮ-ਸੇਵਾ’ ਐਪ ਦਾ ਸਰਵਰ ਡਾਊਨ ਹੋਣ ਕਰਕੇ ਹੋਈ ਸੀ ਦੇਰੀ; ਗੁੱਸੇ ਵਿੱਚ ਆਏ 4 ਹਮਲਾਵਰਾਂ ਨੇ ਘਰ ਵੜ ਕੇ ਦਿੱਤੀ ਵਾਰਦਾਤ ਨੂੰ ਅੰਜਾਮ
ਗੰਭੀਰ ਹਾਲਤ ਵਿੱਚ ਡੇਰਾਬੱਸੀ ਦੇ ਸਿਵਲ ਹਸਪਤਾਲ ‘ਚ ਦਾਖ਼ਲ ਪੀੜਤ ਗੁਰਦੀਪ ਕੌਰ ਨੇ ਰੋ-ਰੋ ਬਿਆਨ ਕੀਤੀ ਹੱਡਬੀਤੀ; ਪੁਲਿਸ ਜਾਂਚ ਸ਼ੁਰੂ
ਡੇਰਾਬੱਸੀ, 04 ਜੁਲਾਈ 2026-
ਡੇਰਾਬੱਸੀ ਦੇ ਨਜ਼ਦੀਕੀ ਪਿੰਡ ਬਡਾਣਾ ਤੋਂ ਸਰਕਾਰੀ ਮੁਲਾਜ਼ਮਾਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਕਰਨ ਵਾਲੀ ਇੱਕ ਬੇਹੱਦ ਮੰਦਭਾਗੀ ਅਤੇ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ‘ਮਾਵਾਂ ਧੀਆਂ ਸਤਿਕਾਰਯੋਗ ਯੋਜਨਾ’ ਦਾ ਫਾਰਮ ਭਰਨ ਵਿੱਚ ਹੋਈ ਦੇਰੀ ਕਾਰਨ ਇੱਕ ਆਂਗਣਵਾੜੀ ਵਰਕਰ ਦੀ ਉਸ ਦੇ ਹੀ ਗੁਆਂਢੀ ਪਰਿਵਾਰ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਪੀੜਤ ਆਂਗਣਵਾੜੀ ਵਰਕਰ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ ਅਤੇ ਉਹ ਇਸ ਵੇਲੇ ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ।
ਸਿਵਲ ਹਸਪਤਾਲ ਵਿੱਚ ਦਾਖ਼ਲ ਪੀੜਤ ਮਹਿਲਾ ਗੁਰਦੀਪ ਕੌਰ ਦੇ ਪੁੱਤਰ ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਪਿੰਡ ਵਿੱਚ ਸਰਕਾਰੀ ਡਿਊਟੀ ‘ਤੇ ਤਾਇਨਾਤ ਹੈ। ਯੋਜਨਾ ਦੇ ਤਹਿਤ ਔਰਤਾਂ ਦੇ 1000 ਅਤੇ 1500 ਰੁਪਏ ਵਾਲੇ ਸਰਕਾਰੀ ਫਾਰਮ ਭਰੇ ਜਾ ਰਹੇ ਸਨ। ਪਰ ‘ਐਮ-ਸੇਵਾ’ (m-Sewa) ਐਪ ਦੇ ਸਰਵਰ ਵਿੱਚ ਤਕਨੀਕੀ ਖ਼ਰਾਬੀ ਹੋਣ ਕਾਰਨ ਕੱਲ੍ਹ ਸਾਈਟ ਬਹੁਤ ਹੌਲੀ ਚੱਲ ਰਹੀ ਸੀ।
ਇਸੇ ਦੌਰਾਨ ਗੁਆਂਢੀ ਪਰਿਵਾਰ ਦੇ ਚਾਰ ਮੈਂਬਰ, ਜਿਨ੍ਹਾਂ ਵਿੱਚ ਦੋ ਮਰਦ ਅਤੇ ਦੋ ਔਰਤਾਂ ਸ਼ਾਮਲ ਸਨ, ਤੁਰੰਤ ਫਾਰਮ ਭਰਨ ਲਈ ਜ਼ਬਰਦਸਤੀ ਦਬਾਅ ਬਣਾਉਣ ਲੱਗੇ। ਜਦੋਂ ਆਂਗਣਵਾੜੀ ਵਰਕਰ ਨੇ ਸਰਵਰ ਠੀਕ ਹੋਣ ’ਤੇ ਫਾਰਮ ਭਰਨ ਦੀ ਗੱਲ ਕਹੀ, ਤਾਂ ਉਨ੍ਹਾਂ ਨੇ ਨੌਕਰੀ ਤੋਂ ਕਢਵਾਉਣ ਅਤੇ ਘਰ ਵਿੱਚ ਵੜ ਕੇ ਬੰਦੇ ਵੱਢਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਹਸਪਤਾਲ ਦੇ ਬੈੱਡ ’ਤੇ ਪਈ ਪੀੜਤ ਮਹਿਲਾ ਗੁਰਦੀਪ ਕੌਰ ਨੇ ਬੇਹੱਦ ਭਾਵੁਕ ਹੁੰਦਿਆਂ ਦੱਸਿਆ ਕਿ ਉਕਤ ਹਮਲਾਵਰਾਂ ਨੇ ਪਹਿਲਾਂ ਉਸ ਦੇ ਬੇਟੇ ‘ਤੇ ਹਮਲਾ ਕੀਤਾ ਅਤੇ ਫਿਰ ਜ਼ਬਰਦਸਤੀ ਉਨ੍ਹਾਂ ਦੇ ਘਰ ਅੰਦਰ ਵੜ ਗਏ। ਹਮਲਾਵਰਾਂ ਨੇ ਮਹਿਲਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਉਸ ਦੇ ਕੱਪੜੇ ਤੱਕ ਪਾੜ ਦਿੱਤੇ ਅਤੇ ਮੂੰਹ ‘ਤੇ ਇੰਨੇ ਮੁੱਕੇ ਮਾਰੇ ਕਿ ਉਸ ਦੇ ਤਿੰਨ ਦੰਦ ਹਿੱਲ ਗਏ। ਪੀੜਤ ਮਹਿਲਾ ਨੇ ਦੱਸਿਆ ਕਿ ਸੱਟਾਂ ਵੱਜਣ ਕਾਰਨ ਉਸ ਦੀ ਹਾਲਤ ਇੰਨੀ ਖ਼ਰਾਬ ਹੋ ਚੁੱਕੀ ਸੀ ਕਿ ਉਸ ਨੂੰ ਵ੍ਹੀਲਚੇਅਰ ਦੀ ਮਦਦ ਨਾਲ ਹਸਪਤਾਲ ਲਿਆਉਣਾ ਪਿਆ।
ਆਂਗਣਵਾੜੀ ਵਰਕਰ ਮੁਤਾਬਕ ਪੂਰੇ ਪਿੰਡ ਵਿੱਚ ਉਨ੍ਹਾਂ ਦਾ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਹੈ ਅਤੇ ਉਹ ਸਿਰਫ਼ ਆਪਣੀ ਸਰਕਾਰੀ ਡਿਊਟੀ ਨਿਭਾ ਰਹੇ ਸਨ। ਦੂਜੇ ਪਾਸੇ, ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੀੜਤਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਹਮਲਾਵਰਾਂ ਖ਼ਿਲਾਫ਼ ਅਗਲੇਰੀ ਕਾਨੂੰਨੀ ਕਾਰਵਾਈ ਵਿੱਢ ਦਿੱਤੀ ਹੈ।


















