ਪੰਜਾਬ ਭਰ ਚ ਮੁਲਾਜ਼ਮਾਂ ਕੀਤੀ ਹੜਤਾਲ; ਕਾਲੀਆਂ ਪੱਟੀਆਂ ਬੰਨ੍ਹ ਕੇ ਕੀਤਾ ਰੋਸ ਪ੍ਰਦਰਸ਼ਨ!
ਆਰ-ਪਾਰ ਦੀ ਲੜਾਈ! ਪੰਚਾਇਤ ਵਿਭਾਗ ‘ਚ ਪੱਕੇ ਹੋਣ ਦੀ ਮੰਗ: ਨਰੇਗਾ ਮੁਲਾਜ਼ਮਾਂ ਨੇ ADC ਦਫ਼ਤਰ ਘੇਰਿਆ, ਮੰਗ ਨਾ ਮੰਨੀ ਤਾਂ ਵੱਡੇ ਅੰਦੋਲਨ ਦੀ ਚੇਤਾਵਨੀ
ਸੰਗਰੂਰ, 07 ਜੁਲਾਈ 2026-
ਪਿਛਲੇ 35 ਦਿਨਾਂ ਤੋਂ ਆਪਣੀਆਂ ਸੇਵਾਵਾਂ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਮਰਜ਼ (ਸ਼ਾਮਲ) ਕਰਕੇ ਪੱਕੇ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਮਨਰੇਗਾ ਮੁਲਾਜ਼ਮਾਂ ਦਾ ਗੁੱਸਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਸੇ ਕੜੀ ਤਹਿਤ ਨਰੇਗਾ ਮੁਲਾਜ਼ਮਾਂ ਵੱਲੋਂ ਸੋਮਵਾਰ ਨੂੰ ਸੰਗਰੂਰ ਵਿਖੇ ਏਡੀਸੀ ਦਫ਼ਤਰ (ਜ਼ਿਲ੍ਹਾ ਪ੍ਰੀਸ਼ਦ) ਅੱਗੇ ਇਕੱਠੇ ਹੋ ਕੇ ਕਾਲੀਆਂ ਪੱਟੀਆਂ ਬੰਨ੍ਹ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਰੇਗਾ ਐਕਸ਼ਨ ਕਮੇਟੀ ਦੇ ਮੁੱਖ ਆਗੂਆਂ ਰਣਧੀਰ ਸਿੰਘ ਧੀਮਾਨ ਅਤੇ ਸੰਜੀਵ ਕੁਮਾਰ ਕਾਕੜਾ ਨੇ ਦੱਸਿਆ ਕਿ ਬੀਤੀ 2 ਜੁਲਾਈ ਨੂੰ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਵਿੱਚ ਇੱਕ ਅਹਿਮ ਪੈਨਲ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਸਮੇਤ ਵਿਭਾਗ ਦੇ ਉੱਚ ਅਧਿਕਾਰੀ ਸ਼ਾਮਲ ਸਨ।

ਮੀਟਿੰਗ ਦੌਰਾਨ ਦੋਵਾਂ ਕੈਬਨਿਟ ਮੰਤਰੀਆਂ ਨੇ ਮੁਲਾਜ਼ਮਾਂ ਦੀਆਂ ਦਲੀਲਾਂ ਨਾਲ ਸਹਿਮਤੀ ਜਤਾਈ ਸੀ ਅਤੇ ਨਰੇਗਾ ਮੁਲਾਜ਼ਮਾਂ ਨੂੰ ਪੰਚਾਇਤ ਵਿਭਾਗ ਵਿੱਚ ਮਰਜ਼ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਅਗਲੀ ਮੀਟਿੰਗ ਅੱਜ ਯਾਨੀ 7 ਜੁਲਾਈ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੋਹਾਲੀ ਫੇਜ਼ 8 ਸਥਿਤ ਦਫ਼ਤਰ ‘ਵਿਕਾਸ ਭਵਨ’ ਵਿਖੇ ਤੈਅ ਕੀਤੀ ਗਈ ਹੈ। ਇਸ ਮੀਟਿੰਗ ਵਿੱਚ ਵਿਭਾਗ ਦੇ ਡਾਇਰੈਕਟਰ ਅਤੇ ਵਿੱਤ ਸਕੱਤਰ ਸਮੇਤ ਸਾਰੇ ਉੱਚ ਅਧਿਕਾਰੀਆਂ ਨੂੰ ਸ਼ਾਮਲ ਹੋਣ ਲਈ ਬਕਾਇਦਾ ਪੱਤਰ ਜਾਰੀ ਕੀਤਾ ਗਿਆ ਹੈ।
ਟਾਲ-ਮਟੋਲ ਕੀਤੀ ਤਾਂ ਹੋਵੇਗਾ ਬਾਈਕਾਟ ਅਤੇ ਤਿੱਖਾ ਸੰਘਰਸ਼
ਯੂਨੀਅਨ ਆਗੂਆਂ ਨੇ ਸਰਕਾਰ ਨੂੰ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅੱਜ 7 ਜੁਲਾਈ ਦੀ ਮੀਟਿੰਗ ਵਿੱਚ ਵੀ ਵਿਭਾਗ ਵੱਲੋਂ ਕੋਈ ਟਾਲ-ਮਟੋਲ ਵਾਲੀ ਨੀਤੀ ਅਪਣਾਈ ਗਈ ਜਾਂ ਮੁਲਾਜ਼ਮਾਂ ਨੂੰ ਮਰਜ਼ ਕਰਨ ਦੀ ਮੁੱਖ ਮੰਗ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਮੁਲਾਜ਼ਮ ਜਥੇਬੰਦੀ ਵੱਲੋਂ ਇਸ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਅੱਜ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੀ ਹੰਗਾਮੀ ਮੀਟਿੰਗ ਵੀ ਮੋਹਾਲੀ ਵਿਖੇ ਹੀ ਬੁਲਾ ਲਈ ਗਈ ਹੈ। ਜੇਕਰ ਵਿਭਾਗ ਆਪਣੀ ਗੱਲ ਤੋਂ ਪਿੱਛੇ ਹਟਿਆ ਤਾਂ ਸਾਰੇ ਜ਼ਿਲ੍ਹਾ ਪ੍ਰਧਾਨਾਂ ਨਾਲ ਸਲਾਹ-ਮਸ਼ਵਰਾ ਕਰਕੇ ਉੱਥੋਂ ਹੀ ਪੰਜਾਬ ਪੱਧਰ ‘ਤੇ ਅਗਲੇ ਕਰੜੇ ਅਤੇ ਤਿੱਖੇ ਸੰਘਰਸ਼ਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਰੋਸ ਪ੍ਰਦਰਸ਼ਨ ਦੌਰਾਨ ਮੁਲਾਜ਼ਮ ਆਗੂ ਗੁਰਪ੍ਰੀਤ ਸਿੰਘ, ਜਸਵੀਰ ਸਿੰਘ, ਅਮਨਦੀਪ ਸਿੰਘ, ਗੁਰਜੀਤ ਸਿੰਘ, ਬਿੱਕਰ ਸਿੰਘ, ਬਲਜੀਤ ਸਿੰਘ, ਜਸਪ੍ਰੀਤ ਸਿੰਘ ਅਤੇ ਸੁਖਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮਨਰੇਗਾ ਕਰਮਚਾਰੀ ਹਾਜ਼ਰ ਸਨ।
















