ਜਨਗਣਨਾ ਡਿਊਟੀ ਦੌਰਾਨ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਅਧਿਆਪਕਾਂ ਦਾ ਵਫਦ DEOs ਨੂੰ ਮਿਲਿਆ
ਜੇਕਰ ਪੱਤਰ ਜ਼ਾਰੀ ਨਾ ਹੋਇਆ ਤਾਂ ਧਰਨਾ ਦਿੱਤਾ ਜਾਵੇਗਾ
ਮਾਨਸਾ, 21 ਨਵੰਬਰ 2026-
ਮਾਨਸਾ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਨੇ ਅੱਜ ਜਨ ਗਣਨਾ ਡਿਊਟੀ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਅਤੇ ਅਡਿਸ਼ਨਲ ਡਿਪਟੀ ਕਮਿਸ਼ਨਰ ਦੀ ਗ਼ੈਰ ਮੌਜੂਦਗੀ ਵਿੱਚ ਜਿਲ੍ਹਾ ਸਿੱਖਿਆ ਅਫਸਰਾਂ (ਪ੍ਰਾਇਮਰੀ ਅਤੇ ਸੈਕੰਡਰੀ) ਨੂੰ ਮੰਗ ਪੱਤਰ ਦਿੱਤਾ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਆਪਕ ਆਗੂਆਂ ਅਮੋਲਕ ਡੇਲੂਆਣਾ, ਗੁਰਦਾਸ ਰਾਏਪੁਰ, ਕਰਮਜੀਤ ਤਾਮਕੋਟ, ਗੁਰਜੀਤ ਲਾਲਿਆਵਾਲੀ ਅਤੇ ਦਰਸ਼ਨ ਅਲੀਸ਼ੇਰ ਨੇ ਦੱਸਿਆ ਕਿ 01 ਦਸੰਬਰ ਜਨ ਗਣਨਾ ਦਾ ਦੂਜਾ ਫੇਜ਼ ਸ਼ੁਰੂ ਹੋ ਰਿਹਾ ਹੈ, ਜਿਸ ਵਿੱਚ ਪਰਿਵਾਰ ਦੇ ਹਰ ਇੱਕ ਮੈਂਬਰ ਦੇ 40 ਪ੍ਰਸ਼ਨ ਔਨਲਾਈਨ ਐਪ ਉਪਰ ਦਰਜ਼ ਕਰਨੇ ਹਨ ਜੋ ਕਿ ਬਹੁਤ ਜ਼ਿਆਦਾ ਕੰਮ ਹੈ। ਮੌਸਮ ਦੇ ਅਤਿ ਸਰਦੀ, ਦਿਨਾਂ ਦੇ ਛੋਟੇ ਹੋਣ ਕਾਰਨ ਅਤੇ ਅਧਿਆਪਕਾਂ ਦੀ ਜਨ ਗਣਨਾ ਡਿਊਟੀ ਉਹਨਾਂ ਦੀ ਪੋਸਟਿੰਗ ਵਾਲੀ ਥਾਂ ਤੋਂ ਬਹੁਤ ਦੂਰ ਲੱਗਣ ਕਾਰਨ ਉਹਨਾਂ ਨੂੰ ਸਕੂਲ ਤੋਂ ਅੱਧੇ ਦਿਨ ਬਾਅਦ ਜਨ ਗਣਨਾ ਡਿਊਟੀ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜ਼ਿਆਦਾ ਕੰਮ ਹੋਣ ਕਾਰਨ ਇਸ ਕੰਮ ਦਾ ਪੂਰੇ ਦਿਨ ਆਨ ਡਿਊਟੀ ਹੋਏ ਬਿਨਾਂ ਇਹ ਕੰਮ ਨੇਪਰੇ ਚਾੜਨਾ ਮੁਸ਼ਕਿਲ ਹੈ। ਜਿਸ ਕਰਕੇ ਬਾਅਦ ਵਿੱਚ ਅਧਿਆਪਕਾਂ ਉਪਰ ਬੇਲੋੜਾ ਦਬਾਅ ਬਣਾਇਆ ਜਾਵੇਗਾ।
ਅਧਿਆਪਕ ਆਗੂਆਂ ਰਾਜਵਿੰਦਰ ਬੈਹਣੀਵਾਲ, ਲਖਵਿੰਦਰ ਸਿੰਘ ਮਾਨ ,ਨਵੀਨ ਬੋਹਾ ਅਤੇ ਦਰਸ਼ਨ ਜਟਾਣਾ, ਨਵਦੀਪ ਮੱਤੀ ਨੇ ਕਿਹਾ ਕਿ ਮਈ-ਜੂਨ ਵਿੱਚ ਵੀ ਜਨ ਗਣਨਾ ਦੇ ਪਹਿਲੇ ਪੜਾਅ ਸਮੇਂ ਅਧਿਆਪਕਾਂ ਨੂੰ ਸਿਖ਼ਰ ਦੁਪਹਿਰੇ ਘਰਾਂ ਵਿੱਚ ਜਾਣ ਲਈ ਦਬਾਅ ਬਣਾਇਆ ਗਿਆ ਸੀ ਜਿਸ ਕਰਕੇ ਅਧਿਆਪਕਾਂ ਨੇ ਡੀ ਸੀ ਦਫਤਰ ਅੱਗੇ ਧਰਨਾ ਲੱਗਾ ਕੇ ਆਪਣਾ ਮਸਲਾ ਹੱਲ ਕਰਵਾਇਆ ਸੀ|ਆਗੂਆਂ ਨੇ ਕਿਹਾ ਕਿ ਉਹ ਅੱਜ ਇਸ ਲਈ ਮੰਗ ਪੱਤਰ ਦੇਣ ਆਏ ਹਨ ਕਿ ਉਹਨਾਂ ਨੂੰ 01 ਦਸੰਬਰ ਤੋਂ ਪੂਰੇ ਦਿਨ ਲਈ ਆਨ ਡਿਊਟੀ ਕੀਤਾ ਜਾਵੇ।
ਅਧਿਆਪਕ ਆਗੂਆਂ ਨੇ ਕਿਹਾ ਇਸ ਸਾਲ ਵਿੱਚ ਸਕੂਲਾਂ ਵਿੱਚ ਪੜਾਈ ਦਾ ਬਿਲਕੁਲ ਵੀ ਮਹੌਲ ਨਹੀਂ ਬਣ ਪਾਇਆ ਕਿਉਕਿ ਮਈ,ਜੂਨ ਵਿੱਚ ਜਨ ਗਣਨਾ ਦੇ ਪਹਿਲੇ ਫੇਜ਼ ਵਿੱਚ 65000 ਅਧਿਆਪਕਾਂ ਦੀਆਂ ਡਿਊਟੀਆਂ ਲੱਗੀਆ,ਜੁਲਾਈ ਤੋਂ ਅਕਤੂਬਰ ਤੱਕ 25000 ਅਧਿਆਪਕ ਐੱਸ ਆਈ ਆਰ ਦਾ ਕੰਮ ਕਰਦੇ ਰਹੇ, ਹੁਣ, ਫੇਰ ਹਜ਼ਾਰਾਂ ਅਧਿਆਪਕ ਡਰੱਗ ਸਰਵੇ ਕਰਦੇ ਰਹੇ ਅਤੇ ਹੁਣ ਜਨ ਗਣਨਾ ਦੇ ਦੂਜੇ ਫੇਜ਼ ਵਿੱਚ ਵੀ 65000 ਅਧਿਆਪਕਾਂ ਦੀਆਂ ਡਿਊਟੀਆਂ ਲੱਗੀਆਂ ਹਨ ਜੋ 9 ਜਨਵਰੀ ਤੱਕ ਜਾਰੀ ਰਹਿਣਗੀਆਂ ਅਤੇ ਜਨਵਰੀ, ਫਰਵਰੀ ਚ ਅਧਿਆਪਕ ਵਿਧਾਨ ਸਭਾ ਚੋਣਾਂ ਵਿੱਚ ਉਲਝ ਜਾਣਗੇ।
ਅਨੇਕਾਂ ਤਰਾਂ ਦੀਆਂ ਗ਼ੈਰ ਵਿਦਿਅਕ ਡਿਊਟੀਆਂ ਲਗਾਉਣ ਕਰ ਕੇ ਸਕੂਲਾਂ ਵਿੱਚ ਪੜਾਈ ਦਾ ਮਹੌਲ ਖ਼ਤਮ ਹੋ ਚੁੱਕਾ ਹੈ|ਆਗੂਆਂ ਨੇ ਕਿਹਾ ਕਿ ਇਹ ਸੈਸ਼ਨ ਪਿਛਲੇ 25-30 ਸਾਲਾਂ ਵਿੱਚ ਪੜਾਈ ਦੇ ਪੱਖੋਂ ਸਭ ਤੋਂ ਮਾੜਾ ਸੈਸ਼ਨ ਰਿਹਾ ਹੈ|ਆਗੂਆਂ ਨੇ ਕਿਹਾ ਕਿ ਜੇਕਰ ਬੁੱਧਵਾਰ ਤੱਕ ਪੱਤਰ ਜ਼ਾਰੀ ਨਾ ਹੋਇਆ ਤਾਂ ਸਕੂਲ ਟਾਈਮ ਤੋਂ ਬਾਅਦ ਜ਼ਿਲਾ ਪ੍ਰਬੰਧਕੀ ਕੰਪਲੈਕਸ ਘੇਰਿਆ ਜਾਵੇਗਾ।
ਇਸ ਸਮੇਂ ਸੁਖਵੀਰ ਕੌਰ, ਰਿਯ, ਅਮਨਦੀਪ ਕੌਰ, ਰਾਜਪਾਲ ਸਿੰਘ, ਅਨਮੋਲਦੀਪ ਸਿੰਘ, ਗੁਰਵਿੰਦਰ ਮਾਖਾ,ਰਣਜੀਤ ਸਿੰਘ, ਧਰਮਿੰਦਰ ਸਿੰਘ, ਗੁਰਪ੍ਰੀਤ ਭੀਖੀ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਪਲਵਿੰਦਰ ਸਿੰਘ,ਜਸਪ੍ਰੀਤ ਸਿੰਘ ਉੱਲਕ,ਰਾਜਪਾਲ ਸਿੰਘ,ਸੁਖਦੀਪ ਸਿੰਘ, ਗੋਬਿੰਦ ਰਾਮ, ਲੱਖਾ ਸਿੰਘ, ਬਲਵੀਰ ਸਿੰਘ,ਬਵਿੰਦਰ ਕੌਰ, ਰਿੰਪਲ ਮਿੱਤਲ ਅਤੇ ਰੇਨੂੰ, ਚਰਨਜੀਤ ਕੌਈ, ਅਮਨਦੀਪ ਕੌਰ, ਵੀਨੂੰ ਮਿੱਤਲ, ਅੰਜੂ ਗੁਪਤਾ, ਜਤਿੰਦਰ ਕੌਰ, ਕੁਲਵਿੰਦਰ ਕੌਰ, ਅਨੁਪ੍ਰਿਆ, ਮੀਨੂੰ ਮਿੱਤਲ, ਹਵਨਦੀਪ ਸ਼ਰਮਾਂ, ਕੁਲਦੀਪ ਅੱਕਾਂਵਾਲੀ, ਹਾਜ਼ਰ ਸਨ।
















