Opinion: ਗਾਜ਼ਾ ਵਿੱਚ ਸ਼ਾਂਤੀ ਦੀ ਗੱਲ! ਵੱਢ-ਟੁੱਕ ਤੋਂ ਬਾਅਦ ਹੁਣ ਜੰਗਬੰਦੀ?
- ਗੁਰਪ੍ਰੀਤ
ਗਾਜ਼ਾ (Gaza) ਵਿੱਚ ਸ਼ਾਂਤੀ ਲਿਆਉਣ ਦੀ ਗੱਲ ਹੋ ਰਹੀ ਹੈ ਅਤੇ ਇਸ ਦਾ ਕਰੈਡਿਟ ਇਸ ਵਾਰ ਵੀ ਅਮਰੀਕੀ ਰਾਸ਼ਟਰਪਤੀ ਟਰੰਪ (Trump) ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਅਮਰੀਕੀ ਰਾਸ਼ਟਰਪਤੀ ਜਿਹੜਾ ਕਿ ਹਮੇਸ਼ਾ ਹੀ ਵੱਖੋ ਵੱਖਰੇ ਸਮਿਆਂ ‘ਤੇ ਵਿਵਾਦਾਂ ਦੇ ਵਿੱਚ ਕਾਰਨ ਤਾਂ ਰਹਿੰਦਾ ਹੀ ਹੈ, ਨਾਲ ਹੀ ਉਹ ਆਪਣੀਆਂ ਹਾਸੋਹੀਣੀਆਂ ਗੱਲਾਂ ਦੇ ਕਾਰਨ ਵੀ ਮਜ਼ਾਕ ਦਾ ਪਾਤਰ ਬਣਦਾ। ਜਦੋਂ ਭਾਰਤ-ਪਾਕਿਸਤਾਨ (India-Pakistan) ਵਿਚਾਲੇ ਸੀਜਫਾਇਰ ਹੋਇਆ ਸੀ ਤਾਂ, ਉਸ ਵੇਲੇ ਟਰੰਪ ਨੇ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਸੀ ਕਿ ਮੈਂ ਸੀਜਫਾਇਰ ਕਰਾਇਆ, ਜਿਸ ਦਿਨ ਸੀਜਫਾਇਰ ਹੋਇਆ, ਉਸ ਤੋਂ ਕੁੱਝ ਘੰਟੇ ਪਹਿਲਾਂ ਕਿਸੇ ਨੂੰ ਇਹ ਥੋਹ ਪਤਾ ਵੀ ਨਹੀਂ ਸੀ ਕਿ, ਭਾਰਤ-ਪਾਕਿਸਤਾਨ ਵਿਚਾਲੇ ਸੀਜਫਾਇਰ ਹੋਣ ਵਾਲਾ ਹੈ। ਪਰ ਗਾਜ਼ਾ ‘ਤੇ ਇਜਰਾਇਲ ਦੇ ਵੱਲੋਂ ਜੋ ਅਟੈਕ ਕੀਤੇ ਜਾ ਰਹੇ ਸੀ, ਉਸ ਨੂੰ ਲੈ ਕੇ ਟਰੰਪ ਕਈ ਵਾਰ ਧਮਕੀਆਂ ਵੀ ਦੇ ਚੁੱਕਾ ਸੀ। ਟਰੰਪ ਨੇ ਹਮਾਸ ਨੂੰ ਧਮਕੀਆਂ ਦਿੱਤੀਆਂ ਕਿ, ਅਸੀਂ ਖ਼ਤਮ ਕਰ ਦਿਆਂਗੇ ਗਾਜਾ ਨੂੰ, ਫ਼ਲਸਤੀਨੀਆਂ ਨੂੰ, ਵੀ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਟਾਰਗੇਟ ਕੀਤਾ ਗਿਆ..! ਦੁਨੀਆਂ ਦੀ ਅਮਨ ਸ਼ਾਂਤੀ ਪਸੰਦ ਲੋਕਾਂ ਨੇ ਫ਼ਲਸਤੀਨ ਅਤੇ ਗਾਜਾ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ, ਉਨ੍ਹਾਂ ਨੇ ਵੱਡੀਆਂ ਤਾਕਤਾਂ ਇਜਰਾਇਲ ਅਤੇ ਅਮਰੀਕਾ ਨੂੰ ਜਿੱਥੇ ਲਾਹਨਤ ਪਾਈ, ਉੱਥੇ ਹੀ ਇਹਨਾਂ ਨੂੰ ਕਿਹਾ ਕਿ ਇਹ ਤਾਨਾਸ਼ਾਹੀ ਤਾਕਤਾਂ ਗਾਜਾ ਦੇ ਲੋਕਾਂ ਨੂੰ ਲਤਾੜ ਰਹੀਆਂ ਨੇ।
ਦਰਅਸਲ, ਪਿਛਲੇ ਕਰੀਬ ਦੋ-ਢਾਈ ਸਾਲਾਂ ਤੋਂ ਗਾਜਾ ਉੱਪਰ ਜਿਹੜੇ ਅਟੈਕ ਇਜਰਾਇਲ ਦੇ ਵੱਲੋਂ ਕੀਤੇ ਜਾ ਰਹੇ ਹਨ, ਉਸ ਦੇ ਨਾਲ ਹੁਣ ਤੱਕ ਹਜ਼ਾਰਾਂ ਜਾਨਾਂ ਜਾ ਚੁੱਕੀਆਂ ਨੇ। ਬੱਚਿਆਂ ਦੀਆਂ ਸਭ ਤੋਂ ਵੱਧ ਮੌਤਾਂ ਹੈ, ਪਰ ਟਰੰਪ ਸਾਹਿਬ ਕਿੱਥੇ ਮੰਨਦੇ ਨੇ। ਟਰੰਪ ਨੇ ਕੁੱਝ ਦਿਨ ਪਹਿਲਾਂ ਤਾਂ ਗਾਜਾ ਨੂੰ ਧਮਕੀ ਦੇ ਮਾਰੀ ਕਿ, ਅਸੀਂ ਤਾਂ ਭਾਈ ਤੁਹਾਨੂੰ ਇੱਥੋਂ ਖ਼ਤਮ ਕਰਦਾਂਗੇ, ਤੁਸੀਂ ਸੀਜਫਾਇਰ ਕਰੋ। ਪਹਿਲਾਂ ਹਮਾਸ ਉੱਤੇ ਦਬਾਅ ਪਾਇਆ, ਫਿਰ ਉਸ ਤੋਂ ਬਾਅਦ ਗਾਜਾ ਦੇ ਲੋਕਾਂ ਨੂੰ ਸ਼ਾਂਤੀ ਲਈ ਅਪੀਲ ਕੀਤੀ, ਲੇਕਿਨ ਸਵਾਲ ਇਹ ਸੀ ਕਿ ਜਿਹੜਾ ਬੰਦਾ ਹਮਲਾ ਕਰ ਰਿਹਾ ਜਾਂ ਜਿਹੜੀ ਤਾਕਤ ਗਾਜਾ ‘ਤੇ ਅਟੈਕ ਕਰ ਰਹੀ ਹੈ, ਉਨ੍ਹਾਂ ‘ਤੇ ਟਰੰਪ ਕਿਉਂ ਮਿਹਰਬਾਨ ਹੋਏ? ਟਰੰਪ ਦੇ ਵੱਲੋਂ ਉਨ੍ਹਾਂ ਨੂੰ ਕਿਉਂ ਨਹੀਂ ਕੁੱਝ ਕਿਹਾ ਗਿਆ? ਕਈ ਤਾਂ ਜੀਓ ਪਾਲਿਟਿਕਸ ਨੂੰ ਨੇੜਿਉਂ ਵੇਖਣ ਵਾਲੇ ਲੋਕ ਇਹ ਕਹਿੰਦੇ ਨੇ ਕਿ, ਇਜਰਾਇਲ ਅਤੇ ਟਰੰਪ ਇੱਕੋ ਹੀ ਨੇ! ਇਜਰਾਇਲ ਵਾਲੇ ਪ੍ਰਧਾਨ ਮੰਤਰੀ ਦੀ ਅਮਰੀਕਾ ਵਾਲੇ ਨਾਲ ਚੰਗੀ ਬਣਦੀ ਹੈ, ਇਸੇ ਕਰਕੇ ਉਨ੍ਹਾਂ ਦੇ ਵੱਲੋਂ ਜੰਗ-ਬੰਦੀ ਨਹੀਂ ਕੀਤੀ ਜਾ ਰਹੀ।
‘ਅਮਨ ਸ਼ਾਂਤੀ’ ਦੀ ਗੱਲ ਕਰਨ ਵਾਲੇ ਦੇਸ਼ਾਂ ਦੇ ਵੱਲੋਂ ਲਗਾਤਾਰ ਗਾਜਾ ਦੇ ਹੱਕ ਵਿੱਚ ਜਿੱਥੇ ਭੁਗਤਿਆ ਜਾ ਰਿਹਾ, ਉੱਥੇ ਹੀ ਟਰੰਪ ਸਰਕਾਰ ਇਜ਼ਰਾਈਲੀ ਹਕੂਮਤ ਅਤੇ ਹੋਰਨਾਂ ਦੇਸ਼ਾਂ ਦੀਆਂ ਤਾਕਤਾਂ, ਜਿੰਨਾ ਦੇ ਵੱਲੋਂ ਇਸ ਜੰਗਬੰਦੀ ਦਾ ਵਿਰੋਧ ਨਹੀਂ, ਬਲਕਿ ਇਸ ਦੇ ਖ਼ਿਲਾਫ਼ ਇੱਕ ਮੋਰਚਾ ਖੋਲਿਆ ਹੋਇਆ ਸੀ, ਉਨ੍ਹਾਂ ਨੂੰ ਵੀ ਝਾੜ-ਝੰਬ ਪੈ ਗਈ।
ਦਰਅਸਲ ਗਾਜਾ ਵਿੱਚ ਹੁਣ ਤੱਕ ਭੁੱਖਮਰੀ ਦੇ ਨਾਲ ਸੈਂਕੜੇ ਹੀ ਬੱਚੇ, ਮਾਵਾਂ ਅਤੇ ਹੋਰ ਬੰਦੇ ਜਾਨਾਂ ਗਵਾ ਚੁੱਕੇ ਨੇ, ਪਰ ਇਹ ਗੱਲਾਂ ਉਨ੍ਹਾਂ ਲੋਕਾਂ ਨੂੰ ਸਮਝ ਨਹੀਂ ਆਉਂਦੀਆਂ, ਜਿੰਨਾ ਦੇ ਦਿਲ ਪੱਥਰ ਨੇ, ਜਿੰਨਾ ਦਾ ਖ਼ੂਨ ਪਾਣੀ ਹੋ ਚੁੱਕਿਆ, ਜਦੋਂ ਤੱਕ ਇਨਸਾਨਾਂ ਦੇ ਵਿੱਚ ਇਨਸਾਨੀਅਤ ਜਿੰਦਾ ਨਹੀਂ ਰਹੇਗੀ ਤਾਂ ਕਿਵੇਂ ਮੰਨ ਲਿਆ ਜਾਵੇਗਾ ਕਿ, ਇਹ ਲੋਕ ਗਾਜਾ ਦੇ ਉਨ੍ਹਾਂ ਮਜ਼ਲੂਮਾਂ ਦੇ ਹੱਕ ਵਿੱਚ ਨੇ, ਜਿਹੜੇ ਲੋਕ ਕਿਸੇ ਸਮੇਂ ‘ਤੇ ਆਪਣੇ ਹੱਕਾਂ ਲਈ ਲੜਦੇ ਸੀ। ਜਿਹੜਾ ਕੁੱਝ ਅਸੀਂ ਇੱਧਰ ਬੈਠੇ ਭਾਰਤ ਵਿੱਚ ਵੇਖਦੇ ਹਾਂ, ਉਹ ਕੁੱਝ ਉਨ੍ਹਾਂ ਲੋਕਾਂ ਨੂੰ, ਉੱਥੇ ਇੰਨਾ ਭਿਆਨਕ ਤਰੀਕੇ ਦੇ ਨਾਲ ਵਿਖਾਇਆ ਗਿਆ ਕਿ, ਉਹ ਦੁਬਾਰਾ ਜ਼ਿੰਦਗੀ ਜਿਉਂ ਹੀ ਨਾ ਸਕਣ।
ਪਰ ਪਿਛਲੇ ਕੁੱਝ ਸਮੇਂ ਤੋਂ ਜਿਹੜੀਆਂ ਚਰਚਾਵਾਂ ਅੰਤਰਰਾਸ਼ਟਰੀ ਪੱਧਰ ‘ਤੇ ਚੱਲ ਰਹੀਆਂ ਸੀ, ਦੁਨੀਆਂ ਦੇ ਵੱਡੇ ਦੇਸ਼ਾਂ ਵਿੱਚ ਜੰਗਾਂ ਲੱਗੀਆਂ ਹੋਈਆਂ ਸੀ, ਯੁਕਰੇਨ ਅਤੇ ਰੂਸ ਦੀ ਜੰਗ ਜਿਹੜੀ ਲਗਾਤਾਰ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਇਜਰਾਇਲ ਅਤੇ ਫ਼ਲਸਤੀਨ ਦੇ ਵਿਚਾਲੇ ਜਿਹੜੀ ਜੰਗ ਲੱਗੀ ਹੋਈ ਸੀ, ਉਸ ਦੇ ਕਾਰਨ ਸਭ ਤੋਂ ਵੱਡਾ ਨੁਕਸਾਨ ਆਮ ਤਬਕੇ ਦਾ ਹੋ ਰਿਹਾ, ਕਿਉਂਕਿ ਯੁਕਰੇਨ ਦੇ ਵਿੱਚ ਜਿੰਨਾ ਰੂਸ ਦੇ ਵੱਲੋਂ ਅਟੈਕ ਕੀਤਾ ਜਾ ਰਿਹਾ ਸੀ ਜਾਂ ਜਿੰਨਾ ਲੋਕਾਂ ਉੱਪਰ ਅਟੈਕ ਹੋਇਆ ਸੀ, ਆਮ ਬੰਦੇ ਤਾਂ ਇਸ ਜੰਗ ਦੇ ਵਿਚਾਲੇ ਮਰ ਰਹੇ ਸਨ, ਪਰ ਵੱਡੇ ਤੇ ਅਮੀਰ ਘਰਾਣੇ ਇੱਥੋਂ ਚੱਲ ਵਸੇ ਸੀ, ਉਹ ਯਾਨੀ ਕਿ ਦੇਸ਼ ਪ੍ਰਵਾਸ ਕਰ ਚੁੱਕੇ ਸਨ, ਉਹ ਇੱਥੋਂ ਜਾ ਚੁੱਕੇ ਸਨ।
ਰੂਸ ਦੇ ਵਿੱਚ ਜਿਹੜੇ ਲੋਕਾਂ ਦੇ ਘਰ ਢਹਿ ਗਏ, ਉਹ ਵੀ ਉੱਥੋਂ ਨਿਕਲ ਗਏ। ਯੁਕਰੇਨ ਦੇ ਵਿੱਚ ਜਿੰਨਾ ਨਾਲ ਅੱਜ ਅਜਿਹਾ ਭਾਣਾ ਵਾਪਰਿਆ, ਉਹ ਵੀ ਉੱਥੋਂ ਚੱਲ ਵਸੇ… ਇਸੇ ਤਰਾਂ ਹੀ ਗਾਜਾ ਦੇ ਅੰਦਰ ਤਾਂ ਅਸੀਂ ਸਾਰੇ ਜਾਣਦੇ ਹਾਂ, ਕਿਸੇ ਨੂੰ ਨਿਕਲਣ ਦਾ ਮੌਕਾ ਨਹੀਂ ਦਿੱਤਾ ਗਿਆ। ਇਜਰਾਇਲ ਦੇ ਵੱਲੋਂ ਲਗਾਤਾਰ ਕੀਤੇ ਜਾ ਰਹੇ ਅਟੈਕ ਦੇ ਕਾਰਨ ਗਾਜਾ ਦੇ ਵਿੱਚ ਵੱਡੇ ਪੱਧਰ ‘ਤੇ ਤਬਾਹੀ ਮਚੀ! ਵੱਡੇ ਪੱਧਰ ‘ਤੇ ਬੱਚਿਆਂ ਦਾ ਕਤਲੇਆਮ ਕੀਤਾ ਗਿਆ। ਭੋਰਾ ਜ਼ਮੀਨ ਦੀ ਖ਼ਾਤਰ ਇਜਰਾਇਲ ਨੇ ਇੰਨੀ ਤਬਾਹੀ ਮਚਾਈ, ਇੰਨੀ ਗੁੰਡਾਗਰਦੀ ਵਿਖਾਈ ਕਿ, ਕੋਈ ਆਖਣ ਦੀ ਗੱਲ ਨਹੀਂ।
ਇਸ ਵੇਲੇ ਦੁਨੀਆ ਭਰ ਦੇ ਵੱਡੇ ਮੁਲਕ ਜਿਹੜੇ ਨੇ, ਉਹ ਗਾਜਾ ਦੇ ਹੱਕ ਵਿੱਚ ਖੜੇ ਨੇ, ਗਾਜਾ ਦੇ ਹੱਕ ਵਿੱਚ ਖੜਨ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ, ਉੱਥੋਂ ਦੀ ਜਿਹੜੀ ਅਵਾਮ ਹੈ, ਉਹ ਸ਼ਾਂਤੀ ਚਾਹੁੰਦੀ ਹੈ, ਪਰ ਫ਼ਲਸਤੀਨ ਦੇ ਕੁੱਝ ਕੁ ਲੋਕ ਜਾਂ ਕੁੱਝ ਕੁ ਗਰੁੱਪ ਜਿਹੜੇ ਨੇ, ਆਪਣੇ ਹੱਕਾਂ ਦੇ ਲਈ ਪ੍ਰੋਟੈਸਟ ਕਰਦੇ ਨੇ… ਉਹਨੂੰ ਵੱਖਵਾਦੀ ਤਾਕਤਾਂ ਦੇ ਨਾਲ ਜੋੜਿਆ ਜਾ ਰਿਹਾ ਜਾਂ ਫਿਰ ਇਹ ਕਹਿ ਲਓ ਕਿ ਫ਼ਲਸਤੀਨ ਦੇ ਵਿੱਚ ਬੈਠੀਆਂ ਕੁੱਝ ਤਾਕਤਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਕੁੱਝ ਸਰਕਾਰਾਂ ਦੇ ਵੱਲੋਂ ਇੰਨਾ ਬਦਨਾਮ ਕਰ ਦਿੱਤਾ ਗਿਆ ਹੈ ਕਿ, ਉਹ ਆਪਣੇ ਹੱਕ ਵੀ ਮੰਗਦੇ ਨੇ ਤਾਂ, ਵਿਰੋਧੀਆਂ ਨੂੰ ਇੰਜ ਲੱਗਦਾ ਕਿ ਉਹ ਕੋਈ ਵੱਡਾ ਅਟੈਕ ਕਰਨ ਵਾਲੇ ਨੇ।
ਫ਼ਲਸਤੀਨ ਅਤੇ ਇਜਰਾਇਲ ਵਿਚਾਲੇ ਪਿਛਲੇ ਕਰੀਬ ਦੋ ਢਾਈ ਸਾਲਾਂ ਤੋਂ ਜਿਹੜੀ ਜੰਗ ਚੱਲ ਰਹੀ ਸੀ, ਉਹਨੂੰ ਆਖ਼ਿਰਕਾਰ ਵਿਰਾਮ ਲੱਗਣ ਦੀਆਂ ਗੱਲਾਂ ਹੋ ਰਹੀਆਂ ਨੇ। ਟਰੰਪ ਸਾਹਿਬ ਵਿਚੋਲੇ ਬਣੇ ਨੇ, ਟਰੰਪ ਦੀ ਵਿਚੋਲਗੀ ਨੇ, ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਦੀ ਗੱਲ ਕਹਿ ਮਾਰੀ ਹੈ। ਵੈਸੇ, ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਕਹਿੰਦੀਆਂ ਹਨ ਕਿ ਗਾਜਾ ਸ਼ਾਂਤ ਹੈ, ਪਰ ਅਸਲ ਦੇ ਵਿੱਚ ਗਾਜਾ ਸ਼ਾਂਤ ਨਹੀਂ, ਕਿਉਂਕਿ ਗਾਜਾ ਦੇ ਅੰਦਰੋਂ ਜਿੰਨਾ ਜ਼ਿੰਦਗੀਆਂ ਦਾ ਪ੍ਰਵਾਸ ਹੋ ਚੁੱਕਿਆ ਜਾਂ ਫਿਰ ਉਹ ਚਲੀਆਂ ਗਈਆਂ ਨੇ, ਜਾਂ ਫਿਰ ਇਹ ਕਹਿ ਲਓ ਕਿ ਗਾਜਾ ਵਿੱਚ ਜਿੰਨਾ ਲੋਕਾਂ ਦਾ ਰਹਿਣ ਬਸੇਰਾ ਸੀ, ਉਹ ਬਿਲਕੁਲ ਤਬਾਹ ਹੋ ਚੁੱਕਿਆ, ਉਨ੍ਹਾਂ ਲੋਕਾਂ ਦੇ ਲਈ ਇਹ ਸਮਾਂ ਸਭ ਤੋਂ ਖ਼ਤਰਨਾਕ ਤੇ ਭਿਆਨਕ ਤੇ ਮਰਨ ਵਾਲਾ ਹੈ, ਕਿਉਂਕਿ ਉਨ੍ਹਾਂ ਦੇ ਕੋਲ ਨਾ ਤਾਂ ਰਹਿਣ ਲਈ ਜਗ੍ਹਾ, ਨਾ ਖਾਣ ਨੂੰ ਰੋਟੀ ਤੇ ਨਾ ਹੀ ਹੋਰ ਕੁੱਝ.. ਉਹ ਕਰਨ ਤਾਂ ਕਰਨਗੇ ਕੀ?
ਪਰ ਇੱਥੇ ਤਾਂ ਗੱਲ ਇਹ ਆ ਜਾਂਦੀ ਹੈ ਕਿ, ਟਰੰਪ ਜਦੋਂ ਤੱਕ ਜਿਉਂਦੇ ਨੇ, ਉਦੋਂ ਤੱਕ ਕਿਸੇ ਨੂੰ ਮਰ ਨਹੀਂ ਦਿੰਦੇ, ਟਰੰਪ ਕੋਈ ਨਾ ਕੋਈ ਛੁਰਲੀ ਛੱਡ ਦੇਣਗੇ ਅਤੇ ਫਿਰ ਕੋਈ ਨਾ ਕੋਈ ਮਦਦ ਲਈ ਹੱਥ ਆਵੇਗਾ ਗਾਜਾ ਦੇ ਅੱਗੇ। ਪਰ ਗਾਜਾ ਇੰਨੀ ਜਲਦੀ ਖ਼ਤਮ ਹੋਣ ਵਾਲਾ ਨਹੀਂ, ਗਾਜਾ ਨੂੰ ਖ਼ਤਮ ਕਰਨਾ ਤਾਂ ਸਮਝ ਲਿਆ ਜਾਵੇ ਕਿ, ਜਿਹੜੀ ਵੀ ਤਾਕਤ ਇਹਨਾਂ ਨਾਲ ਪੰਗਾ ਲਵੇਗੀ, ਉਹ ਖ਼ੁਦ ਆਪਣੀ ਜ਼ਿੰਮੇਵਾਰ ਹੋਏਗੀ। ਜੇਕਰ ਫ਼ਲਸਤੀਨ ਅਤੇ ਗਾਜਾ ਦੇ ਲੋਕਾਂ ਦੀ ਭਲਾਈ ਵਾਸਤੇ ਟਰੰਪ ਨੇ ਕੋਈ ਚੰਗਾ ਕੰਮ ਕੀਤਾ ਹੈ ਤਾਂ, ਉਹ ਦੀ ਸੋਸ਼ਲ ਮੀਡੀਆ ਉੱਤੇ ‘ਸੀਜਫਾਇਰ’ ਵਾਲੀ ਗੱਲ ਹੈ। ਭਾਵੇਂ ਕਿ ਸੀਜਫਾਇਰ ਦੇ ਨਾਲ ਉਨ੍ਹਾਂ ਲੋਕਾਂ ਦਾ ਕੋਈ ਬਹੁਤਾ ਫ਼ਾਇਦਾ ਹੋਣ ਵਾਲਾ ਨਹੀਂ, ਕਿਉਂਕਿ ਉਨ੍ਹਾਂ ਦੇ ਘਰ-ਬਾਹਰ, ਸਕੂਲ-ਕਾਲਜ, ਹਸਪਤਾਲ ਸਭ ਉੱਜੜ ਗਏ ਨੇ, ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿੰਨਾ ਬੱਚਿਆਂ ਕੋਲੋਂ ਉਨ੍ਹਾਂ ਦੀਆਂ ਮਾਵਾਂ ਖੋਹ ਲਈਆਂ ਗਈਆਂ, ਜਿੰਨਾ ਮਾਵਾਂ ਕੋਲੋਂ ਉਨ੍ਹਾਂ ਦੇ ਬੱਚੇ ਖੋਹ ਲਏ ਗਏ, ਜਿੰਨਾ ਬੱਚਿਆਂ ਅਤੇ ਮਾਵਾਂ ਦੇ ਕੋਲੋਂ ਉਨ੍ਹਾਂ ਦੇ ਪਤੀ ਪਰਿਵਾਰ ਤੇ ਹੋਰ ਮੈਂਬਰ ਖੋਹ ਲਏ ਗਏ, ਉਨ੍ਹਾਂ ਦੀ ਵਾਪਸੀ ਕਿਵੇਂ ਹੋਵੇਗੀ? ਕੀ ਇੱਕ ਸੀਜਫਾਇਰ ਹੋਣ ਦੇ ਨਾਲ, ਇਹ ਸਭ ਕੁੱਝ ਠੀਕ ਹੋ ਜਾਵੇਗਾ? ਜੰਗਬੰਦੀ ਕਰਨ ਦਾ ਤਾਂ ਹੀ ਫ਼ਾਇਦਾ ਹੈ, ਜੇਕਰ ਅੱਗੇ ਵੀ ਸ਼ਾਂਤੀ ਰਵੇ, ਪਰ ਸ਼ਾਂਤੀ ਕਿਵੇਂ ਰਵੇਗੀ, ਕਿਉਂਕਿ ਦੁਨੀਆ ਭਰ ਦੇ ਕਈ ਇਹੋ ਜਿਹੇ ਮੁਲਕ ਨੇ, ਜਿੰਨਾ ਨੂੰ ਸ਼ਾਂਤੀ ਚਾਹੀਦੀ ਨਹੀਂ… ਉਨ੍ਹਾਂ ਦੇ ਕੋਲ ਵੱਡੇ ਹਥਿਆਰ ਨੇ ਅਤੇ ਹਥਿਆਰ ਵੇਚਣ ਦੇ ਕਾਰਨ ਹੀ ਉਹ ਅਜਿਹਾ ਢਕਵੰਜ ਰਚਦੇ ਨੇ।
ਵੈਸੇ ਤਾਂ ਸਾਰੀ ਹਥਿਆਰਾਂ ਦੀ ਗੇਮ ਹੈ। ਹਥਿਆਰ ਜਿਸ ਦੇ ਵੱਡੇ ਨੇ, ਸਾਰੇ ਉਹਦੀ ਜੀ ਜੀ ਕਰਨਗੇ। ਪਰ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ, ਕੀ ਹਥਿਆਰ ਹੀ ਸਭ ਕੁੱਝ ਨੇ, ਨਹੀਂ..। ਕੁੱਝ ਗੱਲਾਂ ਵੱਡੇ ਦੇਸ਼ਾਂ ਦੇ ਲਈ ਵੀ ਛੱਡਣੀਆਂ ਪੈਂਦੀਆਂ ਨੇ, ਜਿੰਨਾ ਦੇ ਕਾਰਨ ਇਹ ਸਾਰਾ ਕੁੱਝ ਹੁੰਦਾ ਹੈ, ਜੀਓ ਪਾਲਿਟਿਕਸ ਦੇ ਤਹਿਤ ਵੇਖੀਏ ਤਾਂ ਬੜਾ ਕੁੱਝ ਇੱਧਰ ਉੱਧਰ ਉਲਟ ਪਲਟ ਹੁੰਦਾ ਰਹਿੰਦਾ, ਇਸ ਦਾ ਸਿੱਧਾ ਸਿੱਧਾ ਫ਼ਾਇਦਾ ਉਸ ਤਾਕਤ ਨੂੰ ਮਿਲਦਾ, ਜਿਹੜੀ ਤਾਕਤ ਚਾਹੁੰਦੀ ਹੈ ਕਿ ਜੰਗ ਲੱਗੀ ਰਵੇ, ਉਹ ਤਾਕਤ ਚੁਆਤੀ ਲਾ ਦਿੰਦੀ ਹੈ ਅਤੇ ਫਿਰ ਚੁੱਪ ਹੋ ਜਾਂਦੀ ਹੈ। ਚੁਆਤੀ ਉਦੋਂ ਤੱਕ ਕੰਮ ਕਰਦੀ ਰਹਿੰਦੀ, ਜਦੋਂ ਤੱਕ ਹਥਿਆਰ ਕੰਮ ਕਰਦੇ ਨੇ, ਚੁਆਤੀ ਜਦੋਂ ਬੁੱਝ ਜਾਂਦੀ, ਫਿਰ ਇੱਕ ਨਵਾਂ ਐਲਾਨ ਕਰ ਦਿੱਤਾ ਜਾਂਦਾ ਹੈ ਕਿ, ਇੰਨੇ ਕਰੋੜ ਅਸੀਂ ਇਸ ਮੁਲਕ ਨੂੰ ਦਿਆਂਗੇ।
ਚਲਾਕ ਮੁਲਕ ਮਾੜੇ ਮੁਲਕਾਂ ਨੂੰ ਕਹਿੰਦੇ ਨੇ ਕਿ ਤੁਸੀਂ ਹਾਰ ਨਾ ਮੰਨੋ, ਚਲਦੇ ਚਲੋ… ਅਮਰੀਕਾ ਅਜਿਹਾ ਕੁੱਝ ਹੀ ਕਰਨ ਵਾਲਾ ਕੋਈ ਇਕਲੌਤਾ ਦੇਸ਼ ਨਹੀਂ। ਹੋਰ ਵੀ ਕਈ ਦੇਸ਼ ਨੇ, ਜਿਹੜੇ ਹਥਿਆਰ ਵੇਚਣ ਵਿੱਚ ਮਾਹਿਰ ਨੇ… ਹਥਿਆਰਾਂ ਦੀ ਗੇਮ ਨੇ, ਜਿੱਥੇ ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਲੈ ਲਈ ਹੈ, ਉੱਥੇ ਹੀ ਦੂਜੇ ਪਾਸੇ ਇਹਨਾਂ ਹਥਿਆਰਾਂ ਦੇ ਕਾਰਨ ਅਵਾਮ ਦੇ ਵਿੱਚ ਸ਼ਾਂਤੀ ਨਹੀਂ ਬਣ ਪਾਉਂਦੀ ਅਤੇ ਸ਼ਾਂਤੀ ਨਾ ਬਣ ਪਾਉਣ ਦਾ ਸਭ ਤੋਂ ਵੱਡਾ ਕਾਰਨ, ਕੁੱਝ ਕੁ ਵੱਡੇ ਘਰਾਣੇ ਵੀ ਨੇ, ਜਿਹੜੇ ਚਾਹੁੰਦੇ ਨੇ ਕਿ ਅਰਥ ਵਿਵਸਥਾ ਅੱਗੇ ਪਿੱਛੇ ਹੁੰਦੀ ਰਵੇ ਅਤੇ ਉਨ੍ਹਾਂ ਨੂੰ ਫ਼ਾਇਦਾ ਮਿਲਦਾ ਰਵੇ।
ਸਾਡੇ ਮੁਲਕ ਵਿੱਚ ਵੀ ਕੁੱਝ ਅਜਿਹੇ ਹੀ ਚਾਰ ਕੁ ਬੰਦੇ ਹੈਗੇ ਨੇ, ਜਿਹੜੇ ਚਾਹੁੰਦੇ ਨੇ ਕਿ ਮੁਲਕ ਅੰਦਰ ਕੋਈ ਨਾ ਕੋਈ ਅੱਗ ਲੱਗੀ ਰਵੇ ਅਤੇ ਉਹ ਆਪਣਾ ਉੱਲੂ ਸਿੱਧਾ ਕਰਦੇ ਰਹਿਣ, ਵੈਸੇ ਤਾਂ ਦੁਨੀਆ ਭਰ ‘ਚ ਅਜਿਹੇ ਕਈ ਬੰਦੇ ਬੈਠੇ ਨੇ, ਜਿਹੜੇ ਚਾਹੁੰਦੇ ਨੇ ਕਿ ਸਭ ਕੁੱਝ ਇੱਦਾਂ ਹੀ ਚੱਲਦਾ ਰਵੇ, ਜਿਵੇਂ ਹੁਣ ਚੱਲ ਰਿਹਾ… ਮਤਲਬ ਕਿ ਜੰਗ ਜੁੰਗ ਲੱਗੀ ਦੇ ਰਵੇ, ਤਾਂ ਜੋ ਉਨ੍ਹਾਂ ਦਾ ਤੋਰੀ ਫੁਲਕਾ ਚੱਲਦਾ ਰਵੇ ਅਤੇ ਉਹ ਦੁਨੀਆ ‘ਤੇ ਆਪਣਾ ਰਾਜਭਾਗ ਕਾਇਮ ਕਰਦੇ ਰਹਿਣ।
ਇਸ ਵੇਲੇ ਨਕਲੀ ਜਿਹਾ ਜੰਗਬੰਦੀ ਦਾ ਐਲਾਨ ਹੋ ਚੁੱਕਿਆ ਹੈ। ਟਰੰਪ ਮੁਤਾਬਿਕ ਗਾਜਾ ਵਿੱਚ ਫ਼ਿਲਹਾਲ ਸ਼ਾਂਤੀ ਦਾ ਝੰਡਾ ਝੂਲ ਰਿਹਾ ਹੈ, ਪਰ ਸਵਾਲ ਇੱਥੇ ਇਹ ਹੈ ਕਿ ਉਨ੍ਹਾਂ ਮਾਵਾਂ ਦਾ ਕੀ ਕੀਤਾ ਜਾਵੇ, ਉਨ੍ਹਾਂ ਮਾਵਾਂ ਨੂੰ ਕਿਵੇਂ ਦਿਲਾਸਾ ਦਿੱਤਾ ਜਾਵੇ, ਜਿੰਨਾ ਦੇ ਮਾਸੂਮ ਬੱਚੇ ਫੜ-ਫੜ ਕੇ ਮਾਰ ਦਿੱਤੇ ਗਏ, ਉਨ੍ਹਾਂ ਬੱਚਿਆਂ ਦਾ ਕੀ ਕਸੂਰ ਸੀ, ਜਿੰਨਾ ਦੀਆਂ ਅੱਖਾਂ ਸਾਹਮਣੇ, ਉਨ੍ਹਾਂ ਦੀਆਂ ਮਾਵਾਂ ਭੈਣਾਂ ਦਾ ਬਲਾਤਕਾਰ ਕੀਤਾ ਗਿਆ, ਉਨ੍ਹਾਂ ਔਰਤਾਂ ਦਾ ਵੀ ਕੀ ਕਸੂਰ ਸੀ, ਜਿੰਨਾ ਦੇ ਅੱਖਾਂ ਸਾਹਮਣੇ ਉਨ੍ਹਾਂ ਦੇ ਪਤੀਆਂ ਅਤੇ ਹੋਰਨਾਂ ਰਿਸ਼ਤੇਦਾਰਾਂ ਨੂੰ ਕੋਹ ਕੋਹ ਕੇ ਮਾਰ ਦਿੱਤਾ ਗਿਆ। ਖ਼ੈਰ, ਟਰੰਪ ਨੇ ਨਕਲੀ ਜਿਹਾ ਸ਼ਾਂਤੀ ਦਾ ਨਾਅਰਾ ਦਿੱਤਾ ਤੇ ਲੱਗਦਾ ਹੈ ਕਿ ਅਗਲੇ ਸਮੇਂ ਦੇ ਵਿੱਚ ਸ਼ਾਂਤੀ ਬਣੀ ਰਵੇਗੀ? ਉਮੀਦ ਤਾਂ ਇਹੀ ਹੈ ਕਿ, ਸ਼ਾਂਤੀ ਬਣੀ ਰਵੇ, ਪਰ ਉਹ ਤਾਕਤਾਂ ਕਿੱਥੇ ਚਾਹੁਣਗੀਆਂ ਕਿ ਸ਼ਾਂਤੀ ਬਣੀ ਰਵੇ, ਜਿਹੜੀਆਂ ਆਪਣੀ ਜੇਬ ਵੱਲ ਹੀ ਹਮੇਸ਼ਾ ਨਿਗਾਹ ਮਾਰਦੀਆਂ ਰਹਿੰਦੀਆਂ ਨੇ।
ਗੁਰਪ੍ਰੀਤ






