Join WhatsApp

Join Now

ਡਾ. ਬਲਰਾਮ ਸ਼ਰਮਾ ਵੱਲੋਂ ‘ਜ਼ਫਰਨਾਮਾ’ ‘ਤੇ ਲਿਖਿਆ ਖੋਜ-ਪ੍ਰਬੰਧ (ਥੀਸਿਸ) ਪੇਸ਼

On: ਜੁਲਾਈ 26, 2026 5:04 ਬਾਃ ਦੁਃ

 

ਡਾ. ਬਲਰਾਮ ਸ਼ਰਮਾ ਵੱਲੋਂ ‘ਜ਼ਫਰਨਾਮਾ’ ‘ਤੇ ਲਿਖਿਆ ਖੋਜ-ਪ੍ਰਬੰਧ (ਥੀਸਿਸ) ਪੇਸ਼

ਡਾ. ਬਲਰਾਮ ਸ਼ਰਮਾ ਵੱਲੋਂ ਕੀਤਾ ਖੋਜ ਕਾਰਜ ਵਿਲੱਖਣ ਅਤੇ ਮਹਾਨ – ਡਾ. ਰੁਬੀਨਾ ਸ਼ਬਨਮ

ਖੰਨਾ, 27 ਜੁਲਾਈ 2026

ਸਿੱਖਿਆ, ਸਾਹਿਤ ਅਤੇ ਰੰਗਮੰਚ ਜਗਤ ਦੀ ਉੱਘੀ ਸ਼ਖਸ਼ੀਅਤ ਨੈਸ਼ਨਲ ਅਵਾਰਡੀ ਡਾ. ਬਲਰਾਮ ਸ਼ਰਮਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਮਹਾਨ ਫ਼ਾਰਸੀ ਰਚਨਾ ‘ਜ਼ਫਰਨਾਮਾ’ ਉੱਪਰ ਲਿਖਿਆ ਖੋਜ-ਪ੍ਰਬੰਧ (ਥੀਸਿਸ) ‘ਜਫਰਨਾਮੇ ਕਾ ਤਨਕੀਦੀ ਮੁਤਾਲਾ (ਜੁਬਾਨ-ਓ- ਬਿਆਨ ਕੇ ਹਵਾਲੇ ਸੇ)’ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧੀਨ ਚੱਲ ਰਹੇ ਨਵਾਬ ਸ਼ੇਰ ਮੁਹੰਮਦ ਖਾਨ ਇੰਸਟੀਚਿਊਟ ਮਲੇਰਕੋਟਲਾ ਦੇ ਅਰਬੀ ਫ਼ਾਰਸੀ ਵਿਭਾਗ ਵਿੱਚ ਮੁਖੀ ਪ੍ਰੋਫੈਸਰ ਡਾ.ਰੁਬੀਨਾ ਸ਼ਬਨਮ ਨੂੰ ਪੇਸ਼ ਕੀਤਾ ਗਿਆ। ਡਾ. ਬਲਰਾਮ ਸ਼ਰਮਾ ਵੱਲੋਂ ਇਹ ਖੋਜ ਕਾਰਜ ਵਿਭਾਗ ਦੇ ਪ੍ਰੋਫੈਸਰ ਡਾ. ਯਾਵਰ ਅਬਾਸ ਮੀਰ ਦੀ ਨਿਗਰਾਨੀ ਹੇਠ ਐਮ.ਏ.ਪਰਸ਼ੀਅਨ (ਆਨਰਜ਼) ਦੀ ਪੜ੍ਹਾਈ ਦੌਰਾਨ ਕੀਤਾ ਗਿਆ।

ਡਾ. ਬਲਰਾਮ ਸ਼ਰਮਾ ਵੱਲੋਂ ਆਪਣੇ ਖੋਜ ਕਾਰਜ ਨੂੰ ਪੰਜ ਅਧਿਆਇ ਵਿੱਚ ਵੰਡਿਆ ਗਿਆ, ਜਿਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਕੀ ਹਯਾਤ ਔਰ ਕਾਰਨਾਮੇ, ਗੁਰੂ ਗੋਬਿੰਦ ਸਿੰਘ ਜੀ ਕੀ ਤਸਨੀਫ਼ਾਤ ਔਰ ਉਨ ਕਾ ਤਨਕੀਦੀ ਜਾਇਜ਼ਾ, ਗੁਰੂ ਗੋਬਿੰਦ ਸਿੰਘ ਜੀ ਕੀ ਫ਼ਾਰਸੀ ਤਸਨੀਫ਼ ‘ਜ਼ਫਰਨਾਮਾ’ ਕਾ ਤਨਕੀਦੀ ਮੁਤਾਲਾ, ਫ਼ਾਰਸੀ ਤਸਨੀਫ਼ ਜਫਰਨਾਮਾ ਜ਼ਬਾਨ-ਓ- ਬਿਆਨ ਕੇ ਹਵਾਲੇ ਸੇ, ਮਾਹਸਲ ਸ਼ਾਮਿਲ ਹਨ।

ਇਸ ਮੌਕੇ ਵਿਭਾਗ ਦੀ ਮੁਖੀ ਡਾ. ਰੁਬੀਨਾ ਸ਼ਬਨਮ ਨੇ ਕਿਹਾ ਕਿ ਕਿ ਸਾਡੇ ਫ਼ਾਰਸੀ ਵਿਭਾਗ ਦੇ ਬਹੁਤ ਹੀ ਹੋਣਹਾਰ ਵਿਦਿਆਰਥੀ ਡਾ. ਬਲਰਾਮ ਸ਼ਰਮਾ ਵੱਲੋਂ ‘ਜ਼ਫਰਨਾਮਾ’ ਉੱਤੇ ਲਿਖਿਆ ਖੋਜ-ਪ੍ਰਬੰਧ ਵਿਲੱਖਣ ਅਤੇ ਮਹਾਨ ਕਾਰਜ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਡਾ. ਬਲਰਾਮ ਸ਼ਰਮਾ ਨੇ ਕਿਹਾ ਕਿ ‘ਜ਼ਫਰਨਾਮਾ’ ਦੇ ਸੰਦਰਭ ਵਿੱਚ ਖੋਜ ਕਾਰਜ ਕਰਨਾ ਮੇਰੀ ਪਹਿਲਾਂ ਤੋਂ ਹੀ ਦਿਲੀ ਤਮੰਨਾ ਸੀ,ਮੇਰੇ ਦਾਦਾ ਪੰਡਿਤ ਰਾਮ ਮੂਰਤੀ ਜੀ ਜੋ ਉਰਦੂ, ਫ਼ਾਰਸੀ ਤੇ ਸੰਸਕ੍ਰਿਤ ਦੇ ਵਿਦਵਾਨ ਸਨ ਉਨ੍ਹਾਂ ਦੇ ‘ਜ਼ਫਰਨਾਮਾ’ ਜ਼ਬਾਨੀ ਯਾਦ ਸੀ, ਮੈਂ ਬਚਪਨ ਤੋਂ ਹੀ ਜ਼ਫਰਨਾਮਾ ਦੇ ਅਸ਼ਾਰ ਉਨ੍ਹਾਂ ਤੋਂ ਸੁਣੇ ਸਨ।

ਵਰਨਣਯੋਗ ਹੈ ਕਿ ਡਾ. ਬਲਰਾਮ ਸ਼ਰਮਾ ਇਸ ਤੋਂ ਪਹਿਲਾਂ ਵੀ ਪਦਮ ਸ੍ਰੀ ਡਾ. ਸੁਰਜੀਤ ਪਾਤਰ ਤੇ ਸਤੀਸ਼ ਕੁਮਾਰ ਵਰਮਾ ਦੀ ਸਾਂਝੀ ਨਿਗਰਾਨੀ ਹੇਠ ‘ਪਾਕਿਸਤਾਨੀ ਪੰਜਾਬੀ ਨਾਟਕ ਵਿੱਚ ਰਾਜਸੀ ਚੇਤਨਾ’ ਵਿਸ਼ੇ ਤੇ ਪੀਐਚ.ਡੀ.ਦੀ ਡਿਗਰੀ ਹਾਸਲ ਕਰ ਚੁੱਕੇ ਹਨ। ਇਸ ਮੌਕੇ ਉਕਤ ਤੋਂ ਇਲਾਵਾ ਅਬਦੁਲ ਗਫੂਰ,ਸਲੀਮ ਅਹਿਮਦ (ਰੀਸਰਚ ਸਕਾਲਰ), ਮੁਹੰਮਦ ਸਾਜਿਦ, ਸ਼ਮਸ਼ਾਦ ਅਲੀ, ਮੁਹੰਮਦ ਅਸ਼ਰਫ਼ ਆਦਿ ਮੌਜੂਦ ਸਨ।

Leave a Comment