ਵੱਡੀ ਖ਼ਬਰ: ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਪਹੁੰਚੇ ਬੇਰੁਜ਼ਗਾਰਾਂ ਅਤੇ ਪੁਲਸ ਵਿਚਾਲੇ ਜ਼ਬਰਦਸਤ ਝੜਪ
ਬੇਰੁਜ਼ਗਾਰਾਂ ਦੇ ਰੋਸ ਮਾਰਚ ‘ਤੇ ਪੁਲੀਸ ਦਾ ਸਖ਼ਤ ਪਹਿਰਾ: ਧੱਕਾ-ਮੁੱਕੀ ਦੌਰਾਨ ਆਗੂ ਤੇ ਮਹਿਲਾ ਪੁਲੀਸ ਮੁਲਾਜ਼ਮ ਹੋਏ ਬੇਹੋਸ਼- 29 ਜੁਲਾਈ ਨੂੰ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਦਾ ਮਿਲਿਆ ਭਰੋਸਾ
ਸੰਗਰੂਰ/ਸੁਨਾਮ, 26 ਜੁਲਾਈ 2026:
ਪੰਜਾਬ ਵਿੱਚ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਯੂਨੀਅਨਾਂ ਦਾ ਰੋਸ ਦਿਨ-ਬ-ਦਿਨ ਤਿੱਖਾ ਹੁੰਦਾ ਜਾ ਰਿਹਾ ਹੈ। ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਬੇਰੁਜ਼ਗਾਰਾਂ ਅਤੇ ਪੁਲੀਸ ਵਿਚਕਾਰ ਜ਼ਬਰਦਸਤ ਖਿੱਚ-ਧੂਹ ਅਤੇ ਧੱਕਾ-ਮੁੱਕੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੇਰੁਜ਼ਗਾਰ ਜ਼ਬਰਦਸਤੀ ਮੁੱਖ ਮੰਤਰੀ ਦੀ ਕੋਠੀ ਵੱਲ ਵਧਣਾ ਚਾਹੁੰਦੇ ਸਨ, ਪਰ ਮੌਕੇ ‘ਤੇ ਵੱਡੀ ਤਾਦਾਦ ਵਿੱਚ ਤਾਇਨਾਤ ਪੁਲੀਸ ਬਲ ਨੇ ਸਖ਼ਤ ਨਾਕੇਬੰਦੀ ਕਰਕੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਕਾਫ਼ੀ ਦੇਰ ਤੱਕ ਜੰਮ ਕੇ ਹੰਗਾਮਾ ਹੁੰਦਾ ਰਿਹਾ।
ਸਿਖ਼ਰ ਦੁਪਹਿਰੇ ਪੈ ਰਹੀ ਹੁੰਮਸ ਭਰੀ ਭਾਰੀ ਗਰਮੀ ਦੇ ਬਾਵਜੂਦ ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਰਹੇ। ਪੁਲੀਸ ਨਾਲ ਹੋਈ ਖਿੱਚ-ਧੂਹ ਦੌਰਾਨ ਹਾਲਾਤ ਉਸ ਵੇਲੇ ਹੋਰ ਨਾਜ਼ੁਕ ਹੋ ਗਏ ਜਦੋਂ ਗਰਮੀ ਅਤੇ ਧੱਕਾ-ਮੁੱਕੀ ਕਾਰਨ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਸੂਬਾ ਆਗੂ ਰਮਨ ਮਲੋਟ ਮੌਕੇ ‘ਤੇ ਹੀ ਬੇਹੋਸ਼ ਹੋ ਕੇ ਡਿੱਗ ਪਏ। ਇਸ ਤੋਂ ਇਲਾਵਾ ਡਿਊਟੀ ‘ਤੇ ਤਾਇਨਾਤ ਦੋ ਮਹਿਲਾ ਪੁਲੀਸ ਮੁਲਾਜ਼ਮ ਵੀ ਭਾਰੀ ਗਰਮੀ ਅਤੇ ਹੁੰਮਸ ਦਾ ਸ਼ਿਕਾਰ ਹੋ ਕੇ ਬੇਹੋਸ਼ ਹੋ ਗਈਆਂ, ਜਿਨ੍ਹਾਂ ਨੂੰ ਤੁਰੰਤ ਮੁੱਢਲੀ ਸਹਾਇਤਾ ਲਈ ਲਿਜਾਇਆ ਗਿਆ।
ਬੇਰੁਜ਼ਗਾਰਾਂ ਵੱਲੋਂ ਆਗੂਆਂ ਦੀ ਅਗਵਾਈ ਹੇਠ ਦੋ ਵਾਰ ਪੁਲੀਸ ਦੀਆਂ ਰੋਕਾਂ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਅਤੇ ਦੋਵੇਂ ਵਾਰ ਪੁਲੀਸ ਨਾਲ ਤਿੱਖੀ ਝੜਪ ਹੋਈ। ਪਰ ਪੁਲੀਸ ਦੀ ਮੁਸਤੈਦੀ ਕਾਰਨ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ। ਪੁਲੀਸ ਵੱਲੋਂ ਰੋਕੇ ਜਾਣ ਤੋਂ ਬਾਅਦ ਗੁੱਸੇ ਵਿੱਚ ਆਏ ਬੇਰੁਜ਼ਗਾਰਾਂ ਨੇ ਸੜਕ ਉੱਪਰ ਹੀ ਧਰਨਾ ਲਗਾ ਦਿੱਤਾ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੇਰੁਜ਼ਗਾਰਾਂ ਦਾ ਬੇਮਿਆਦੀ ਸੂਬਾਈ ਪੱਕਾ ਮੋਰਚਾ ਪਿਛਲੇ 7 ਮਹੀਨਿਆਂ ਤੋਂ ਡੀ.ਸੀ. ਦਫ਼ਤਰ ਅੱਗੇ ਵੀ ਨਿਰੰਤਰ ਜਾਰੀ ਹੈ।
ਮਿਲੀ ਜਾਣਕਾਰੀ ਅਨੁਸਾਰ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਬੇਰੁਜ਼ਗਾਰ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਸ਼ੋਸ਼ਲ ਇੰਪਲਾਈਜ਼ ਯੂਨੀਅਨ ਦੇ ਵਰਕਰ ਸਥਾਨਕ ਵੇਰਕਾ ਮਿਲਕ ਪਲਾਂਟ ਦੇ ਪਾਰਕ ਵਿੱਚ ਇਕੱਠੇ ਹੋਏ ਸਨ। ਉੱਥੋਂ ਬਾਅਦ ਦੁਪਹਿਰ ਉਹ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕਰਦੇ ਹੋਏ ਜਿਉਂ ਹੀ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਧੇ, ਤਾਂ ਪੁਲੀਸ ਨੇ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਨੇੜੇ ਹੀ ਭਾਰੀ ਨਾਕੇਬੰਦੀ ਕਰ ਕੇ ਉਨ੍ਹਾਂ ਦਾ ਰਾਹ ਡੱਕ ਲਿਆ, ਜਿਸ ਤੋਂ ਬਾਅਦ ਟਕਰਾਅ ਦੀ ਸਥਿਤੀ ਬਣ ਗਈ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਅਮਨ ਸੇਖਾ, ਹਰਜਿੰਦਰ ਝੁਨੀਰ, ਲਖਵੀਰ ਸਿੰਘ ਸਿਰੀਏਵਾਲਾ ਅਤੇ ਨਵਜੋਤ ਸਿੰਘ ਨੇ ਪੰਜਾਬ ਸਰਕਾਰ ਦੇ ਨਾਹ-ਪੱਖੀ ਅਤੇ ਅੜੀਅਲ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਚੋਣਾਂ ਵੇਲੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਸਰਕਾਰ ਅੱਜ ਰੁਜ਼ਗਾਰ ਮੰਗ ਰਹੇ ਨੌਜਵਾਨਾਂ ‘ਤੇ ਧੱਕੇਸ਼ਾਹੀ ਕਰ ਰਹੀ ਹੈ।
ਇਸ ਪ੍ਰਦਰਸ਼ਨ ਤੋਂ ਬਾਅਦ ਹਰਕਤ ਵਿੱਚ ਆਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਮੀਟਿੰਗ 29 ਜੁਲਾਈ ਨੂੰ ਕੈਬਨਿਟ ਸਬ-ਕਮੇਟੀ ਨਾਲ ਨਿਸ਼ਚਿਤ ਕਰਵਾਈ ਗਈ ਹੈ, ਜਦੋਂ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਸ਼ੋਸ਼ਲ ਇੰਪਲਾਈਜ਼ ਯੂਨੀਅਨ ਦੀ ਮੀਟਿੰਗ 13 ਅਗਸਤ ਨੂੰ ਪੰਜਾਬ ਕੈਬਨਿਟ ਸਬ-ਕਮੇਟੀ ਅਤੇ ਵਿਭਾਗ ਦੇ ਸਕੱਤਰ ਨਾਲ ਤੈਅ ਕੀਤੀ ਗਈ ਹੈ। ਧਰਨਾਕਾਰੀ ਆਗੂਆਂ ਨੇ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਆਉਣ ਵਾਲੀ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਫ਼ੈਸਲਾਕੁੰਨ ਹੱਲ ਨਾ ਨਿਕਲਿਆ, ਤਾਂ 31 ਜੁਲਾਈ ਨੂੰ ਮੁੜ ਸੁਨਾਮ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
















