Join WhatsApp

Join Now

Punjab News: ਥਰਮਲ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਜਾਰੀ; ਨੋਟੀਫਿਕੇਸ਼ਨ ਦੇ ਫੈਸਲਿਆਂ ਨੂੰ ਫੌਰੀ ਲਾਗੂ ਕਰੇ ਮੈਨੇਜ਼ਮੈਂਟ

On: ਜੁਲਾਈ 29, 2026 10:33 ਪੂਃ ਦੁਃ

 

Punjab News: ਥਰਮਲ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਜਾਰੀ; ਨੋਟੀਫਿਕੇਸ਼ਨ ਦੇ ਫੈਸਲਿਆਂ ਨੂੰ ਫੌਰੀ ਲਾਗੂ ਕਰੇ ਮੈਨੇਜ਼ਮੈਂਟ

ਲਹਿਰਾ ਮੁਹੱਬਤ, 28 ਜੁਲਾਈ 2026- ਕੋਆਰਡੀਨੇਸ਼ਨ ਕਮੇਟੀ ਆਫ਼ ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸ਼ਡ ਮੁਲਾਜ਼ਮ (ਪੰਜਾਬ) ਦੇ ਸੱਦੇ ‘ਤੇ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਵਿਭਾਗ ਵਿੱਚ ਮਰਜ਼ ਕਰਨ ਸੰਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਫੈਸਲਿਆਂ ਨੂੰ ਲਾਗੂ ਕਰਵਾਉਣ ਲਈ 25 ਜੁਲਾਈ ਤੋਂ ਸ਼ੁਰੂ ਕੀਤੀ ਹੜਤਾਲ ਜਾਰੀ ਹੈ।

ਇਸ ਸਮੇਂ ਹਾਜ਼ਿਰ ਕਮੇਟੀ ਦੇ ਸੂਬਾਈ ਆਗੂਆਂ ਜਗਸੀਰ ਸਿੰਘ ਭੰਗੂ,ਲਛਮਣ ਸਿੰਘ ਰਾਮਪੁਰਾ, ਹਰਦੀਪ ਸਿੰਘ ਤੱਗੜ,ਬਲਜਿੰਦਰ ਸਿੰਘ ਮਾਨ ਅਤੇ ਗੁਰਪ੍ਰੀਤ ਸਿੰਘ ਗੁਰੂਸਰ,ਜਗਤਾਰ ਸੰਧੂ ਨੇ ਕਿਹਾ ਕਿ ਪਾਵਰ ਕਾਰਪੋਰੇਸ਼ਨ ਵਿੱਚ ਪਿਛਲੇ ਲੰਬੇ ਅਰਸੇ ਤੋਂ ਲਗਾਤਾਰ ਨਿਗੂਣੀਆਂ ਤਨਖਾਹਾਂ ਤਨਦੇਹੀ ਨਾਲ਼ ਸੇਵਾਵਾਂ ਦੇ ਰਹੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਵੱਲੋਂ ਵਿਭਾਗ ਵਿੱਚ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਲਗਾਤਾਰ ਸੰਘਰਸ਼ਾਂ ਦੇ ਦਬਾਅ ਸਦਕਾ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਵੱਲੋਂ 30 ਜੂਨ ਨੂੰ ਵਿਭਾਗ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ।

ਪਰ ਹੁਣ ਪਾਵਰ ਕਾਰਪੋਰੇਸ਼ਨ ਦੀ ਮੈਨੇਜ਼ਮੈਂਟ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਤੋਂ ਲਗਾਤਾਰ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ। ਜਿਸਦੇ ਵਿਰੋਧ ਵਜੋਂ ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਵੱਲੋਂ 25 ਜੁਲਾਈ ਤੋਂ ਲਗਾਤਾਰ ਹੜਤਾਲ਼ ਕਰਕੇ ਆਪਣੇ-ਆਪਣੇ ਵਿਭਾਗਾਂ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੀ ਮੈਨੇਜ਼ਮੈਂਟ ਤੋਂ ਮੰਗ ਕੀਤੀ ਕਿ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਸੰਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਫੈਸਲਿਆਂ ਨੂੰ ਤੁਰੰਤ ਪ੍ਰਭਾਵ ਨਾਲ਼ ਲਾਗੂ ਕੀਤਾ ਜਾਵੇ।

ਨੋਟੀਫਿਕੇਸ਼ਨ ਵਿੱਚੋਂ ਰਹਿੰਦੀਆਂ ਕੈਟਾਗਿਰੀਆਂ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਦਾ ਨੋਟੀਫਿਕੇਸ਼ਨ ਜਲਦ ਜਾਰੀ ਕੀਤਾ ਜਾਵੇ। ਨੋਟੀਫਿਕੇਸ਼ਨ ਦੇ ਫੈਸਲੇ ਮੁਤਾਬਿਕ ਵਿਭਾਗ ਦੇ ਅਨ-ਸਿੱਖਿਅਤ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਦਸ ਦਿਨ ਦੀ ਟਰੇਨਿੰਗ ਦੇਣ ਦੇ ਕਾਰਜ ਨੂੰ ਜਲਦ ਸ਼ੁਰੂ ਕੀਤਾ ਜਾਵੇ। ਵਿਭਾਗ ਦੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦੇਣ ਦੇ ਕਾਰਜ ਨੂੰ ਜਲਦ ਸ਼ੁਰੂ ਕੀਤਾ ਜਾਵੇ। ਵਿਭਾਗ ਵਿੱਚ ਮਰਜ਼ ਕੀਤੇ ਠੇਕਾ ਮੁਲਾਜ਼ਮਾਂ ਦੀਆਂ ਨਿੱਜੀ ਆਈਡੀਆਂ ਬਣਾਈਆਂ ਜਾਣ।

ਆਗੂਆਂ ਨੇ ਕਿਹਾ ਕਿ ਜਦ ਤੱਕ ਪਾਵਰ ਕਾਰਪੋਰੇਸ਼ਨ ਦੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਸੰਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਪੂਰੀ ਤਰਾਂ ਲਾਗੂ ਨਹੀਂ ਕੀਤਾ ਜਾਂਦਾ ਤਦ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਅੱਜ ਦੀ ਇਕੱਤਰਤਾ ਨੂੰ ਇੰਪਲਾਈਜ ਫੈਡਰੇਸ਼ਨ ਚਹਿਲ ਗਰੁੱਪ ਤੋਂ ਰਘੁਵੀਰ ਸਿੰਘ ਅਤੇ ਰਾਜਿੰਦਰ ਸਿੰਘ, ਕਿਸਾਨ ਆਗੂ ਮੋਠੂ ਸਿੰਘ ਕੋਟੜਾ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਡੀਸੀ ਸਿੰਘ ਆਦਿ ਨੇ ਸੰਬੋਧਨ ਕੀਤਾ।

 

Leave a Comment