Join WhatsApp

Join Now

ਪੰਜਾਬ ਯੂਨੀਵਰਸਿਟੀ ‘ਚ PhD ਵਿਦਿਆਰਥਣ ਦੀ ਮੌਤ ਦਾ ਮਾਮਲਾ; ਪ੍ਰਸ਼ਾਸਨ ਵੱਲੋਂ 2 ਅਧਿਕਾਰੀ ਸਸਪੈਂਡ

On: ਜੁਲਾਈ 30, 2026 7:37 ਪੂਃ ਦੁਃ

 

ਪੰਜਾਬ ਯੂਨੀਵਰਸਿਟੀ ‘ਚ PhD ਵਿਦਿਆਰਥਣ ਦੀ ਮੌਤ ਦਾ ਮਾਮਲਾ; ਪ੍ਰਸ਼ਾਸਨ ਵੱਲੋਂ 2 ਅਧਿਕਾਰੀ ਸਸਪੈਂਡ

ਚੰਡੀਗੜ੍ਹ, 30 ਜੁਲਾਈ 2026

ਪੰਜਾਬ ਯੂਨੀਵਰਸਿਟੀ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਦੀ ਪੀਐੱਚਡੀ ਖੋਜ ਵਿਦਿਆਰਥਣ ਜੋਤੀ ਦੀ ਕਰੰਟ ਲੱਗਣ ਕਾਰਨ ਹੋਈ ਦੁਖਦਾਈ ਮੌਤ ਦੇ ਮਾਮਲੇ ਵਿੱਚ ਵੱਡੀਆਂ ਪ੍ਰਸ਼ਾਸਨਿਕ ਕਾਰਵਾਈਆਂ ਸਾਹਮਣੇ ਆਈਆਂ ਹਨ। ਯੂਨੀਵਰਸਿਟੀ ਦੀ ਬਿਜਲੀ ਸ਼ਾਖਾ ਦੇ ਸਬ-ਡਿਵੀਜ਼ਨਲ ਇੰਜੀਨੀਅਰ (ਐੱਸਡੀਓ) ਲਖਵਿੰਦਰ ਸਿੰਘ ਧਨੋਆ ਅਤੇ ਕਾਰਜਕਾਰੀ ਐਗਜ਼ੀਕਿਊਟਿਵ ਇੰਜੀਨੀਅਰ (ਐਕਸਈਐਨ-2) ਅਨਿਲ ਠਾਕੁਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਸੈਕਟਰ-16 ਸਥਿਤ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ (ਜੀਐੱਮਐੱਸਐੱਚ-16) ਵਿੱਚ ਡਾਕਟਰਾਂ ਦੇ ਪੈਨਲ ਵੱਲੋਂ ਮ੍ਰਿਤਕਾ ਦਾ ਪੋਸਟਮਾਰਟਮ ਕੀਤਾ ਗਿਆ। ਪੋਸਟਮਾਰਟਮ ਦੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਜੋਤੀ ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਇਸ ਤੋਂ ਬਾਅਦ ਪਰਿਵਾਰ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿੱਚਥ ਸਥਿਤ ਆਪਣੇ ਪਿਤਰੀ ਪਿੰਡ ਰਵਾਨਾ ਹੋ ਗਿਆ, ਜਿੱਥੇ ਗਮਗੀਨ ਮਾਹੌਲ ਵਿੱਚ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਪਰਿਵਾਰਕ ਮੈਂਬਰਾਂ ਨੇ ਮੌਤ ਦੇ ਅਸਲ ਕਾਰਨਾਂ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਨੂੰ ਲੈ ਕੇ ਗੰਭੀਰ ਸਵਾਲ ਉਠਾਏ ਸਨ। ਉਨ੍ਹਾਂ ਨੇ ਨਿਰਪੱਖ ਜਾਂਚ ਅਤੇ ਇਨਸਾਫ਼ ਦੀ ਮੰਗ ਕਰਦਿਆਂ ਪੋਸਟਮਾਰਟਮ ਤੋਂ ਪਹਿਲਾਂ ਲਾਸ਼ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਪਰ ਦੇਰ ਰਾਤ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪਰਿਵਾਰ ਵਿਚਾਲੇ ਲੰਮੀ ਗੱਲਬਾਤ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਆਖਿਰਕਾਰ ਸਹਿਮਤੀ ਬਣ ਗਈ, ਜਿਸ ਦੇ ਨਤੀਜੇ ਵਜੋਂ ਬੁੱਧਵਾਰ ਸਵੇਰੇ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਇਆ ਜਾ ਸਕਿਆ।

ਇਸ ਦੁਖਦਾਈ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ। ਯੂਨੀਵਰਸਿਟੀ ਦੀ ਬਿਜਲੀ ਸ਼ਾਖਾ ਦੇ ਸਬ-ਡਿਵੀਜ਼ਨਲ ਇੰਜੀਨੀਅਰ (ਐੱਸਡੀਓ) ਲਖਵਿੰਦਰ ਸਿੰਘ ਧਨੋਆ ਅਤੇ ਕਾਰਜਕਾਰੀ ਐਗਜ਼ੀਕਿਊਟਿਵ ਇੰਜੀਨੀਅਰ (ਐਕਸਈਐਨ-2) ਅਨਿਲ ਠਾਕੁਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਇਨ੍ਹਾਂ ਦੋਵਾਂ ਅਧਿਕਾਰੀਆਂ ਦੀ ਮੁਅੱਤਲੀ ਜਾਂਚ ਮੁਕੰਮਲ ਹੋਣ ਤੱਕ ਜਾਂ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ। ਫਿਲਹਾਲ ਇਨ੍ਹਾਂ ਦੋਵਾਂ ਅਹੁਦਿਆਂ ਦਾ ਵਾਧੂ ਚਾਰਜ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਸੌਂਪ ਦਿੱਤਾ ਗਿਆ ਹੈ।

ਪਰਿਵਾਰ ਨਾਲ ਹੋਈ ਮੀਟਿੰਗ ਦੌਰਾਨ ਯੂਨੀਵਰਸਿਟੀ ਪ੍ਰਸ਼ਾਸਨ ਨੇ ਮਾਲੀ ਸਹਾਇਤਾ ਅਤੇ ਮੁਆਵਜ਼ੇ ਦਾ ਐਲਾਨ ਵੀ ਕੀਤਾ ਹੈ। ਪਰਿਵਾਰ ਨੂੰ ਕੁੱਲ 16 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ, ਜਿਸ ਵਿੱਚੋਂ 5 ਲੱਖ ਰੁਪਏ ਵਾਈਸ ਚਾਂਸਲਰ ਦੇ ਵਿਵੇਕਾਧੀਨ ਫੰਡ ਅਤੇ 11 ਲੱਖ ਰੁਪਏ ਡੀਨ ਸਟੂਡੈਂਟ ਵੈਲਫੇਅਰ (ਡੀਐੱਸਡਬਲਿਊ) ਦਫ਼ਤਰ ਵੱਲੋਂ ਮੁਹੱਈਆ ਕਰਵਾਏ ਜਾਣਗੇ। ਇਸ ਦੇ ਨਾਲ ਹੀ, ਮ੍ਰਿਤਕਾ ਦੇ ਆਈਟੀਆਈ (ਇਲੈਕਟ੍ਰੀਕਲ) ਪਾਸ ਭਰਾ ਨੂੰ ਯੋਗਤਾ ਅਤੇ ਨਿਯਮਾਂ ਅਨੁਸਾਰ ਲੋੜੀਂਦੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਉਪਰੰਤ ਯੂਨੀਵਰਸਿਟੀ ਵਿੱਚ ਇਲੈਕਟ੍ਰੀਸ਼ੀਅਨ ਦੇ ਅਹੁਦੇ ’ਤੇ ਨੌਕਰੀ ਦਿੱਤੀ ਜਾਵੇਗੀ। ਉਸ ਨੂੰ 19,900 ਰੁਪਏ ਮੁੱਢਲੀ ਤਨਖ਼ਾਹ, 400 ਰੁਪਏ ਗ੍ਰੇਡ ਪੇ ਅਤੇ ਹੋਰ ਨਿਯਮਤ ਭੱਤੇ ਵੀ ਮਿਲਣਗੇ।

ਯਾਦ ਰਹੇ ਕਿ ਮੰਗਲਵਾਰ ਸਵੇਰੇ ਸੈਕਟਰ-25 ਸਥਿਤ ਪੰਜਾਬ ਯੂਨੀਵਰਸਿਟੀ ਦੇ ਦੱਖਣੀ ਕੈਂਪਸ ਵਿੱਚ ਮੀਂਹ ਪੈਣ ਕਾਰਨ ਜੋਤੀ ਦਾ ਪੈਰ ਤਿਲਕ ਗਿਆ ਸੀ। ਆਪਣੇ ਆਪ ਨੂੰ ਸੰਭਾਲਣ ਲਈ ਜਦੋਂ ਉਸ ਨੇ ਨੇੜੇ ਲੱਗੇ ਬਿਜਲੀ ਦੇ ਬਾਕਸ ਦਾ ਸਹਾਰਾ ਲਿਆ, ਤਾਂ ਉਸ ਬਾਕਸ ਵਿੱਚ ਆ ਰਹੇ ਕਰੰਟ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਭਿਆਨਕ ਹਾਦਸੇ ਨੇ ਯੂਨੀਵਰਸਿਟੀ ਕੈਂਪਸ ਦੀ ਸੁਰੱਖਿਆ ਅਤੇ ਬਿਜਲੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

Leave a Comment