Join WhatsApp

Join Now

ਹੈੱਡ ਟੀਚਰਾਂ ਦੀਆਂ ਤਰੱਕੀਆਂ ਦੌਰਾਨ ਸਟੇਸ਼ਨ ਚੋਣ ਨਾ ਕਰਵਾਉਣ ਦਾ ਮਾਮਲਾ! ਅਧਿਆਪਕ ਜਥੇਬੰਦੀਆਂ ਨੇ ਘੇਰਿਆ DEO ਦਫ਼ਤਰ ਸੰਗਰੂਰ

On: November 27, 2026 6:58 PM

 

ਹੈੱਡ ਟੀਚਰਾਂ ਦੀਆਂ ਤਰੱਕੀਆਂ ਦੌਰਾਨ ਸਟੇਸ਼ਨ ਚੋਣ ਨਾ ਕਰਵਾਉਣ ਦਾ ਮਾਮਲਾ! ਅਧਿਆਪਕ ਜਥੇਬੰਦੀਆਂ ਨੇ ਘੇਰਿਆ DEO ਦਫ਼ਤਰ ਸੰਗਰੂਰ

ਸੰਗਰੂਰ, 27 ਨਵੰਬਰ 2026-

ਸੰਗਰੂਰ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਅੱਜ ਡੀ.ਈ.ਓ. ਐਲੀਮੈਂਟਰੀ ਸੰਗਰੂਰ ਵੱਲੋਂ ਈਟੀਟੀ ਤੋਂ ਹੈੱਡ ਟੀਚਰ ਦੀਆਂ ਤਰੱਕੀਆਂ ਦੌਰਾਨ ਮੈਰਿਟ ਅਨੁਸਾਰ ਸਟੇਸ਼ਨ ਚੋਣ ਨਾ ਕਰਾਉਣ ਬਲਕਿ ਮਨਮਾਨੇ ਢੰਗ ਨਾਲ ਆਪਣੇ ਪੱਧਰ ‘ਤੇ ਸਟੇਸ਼ਨ ਦੇਣ ਦੀ ਧੱਕੇਸ਼ਾਹੀ ਵਿਰੁੱਧ ਉਕਤ ਅਧਿਕਾਰੀ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ।

ਧਰਨੇ ਨੂੰ ਸੰਬੋਧਨ ਕਰਦਿਆਂ ਡੀ.ਟੀ.ਐੱਫ. ਸੰਗਰੂਰ ਦੇ ਜਸਬੀਰ ਨਮੋਲ ਤੇ ਸੁਖਜਿੰਦਰ ਸੰਗਰੂਰ, ਜੀ.ਟੀ.ਯੂ. ਦੇ ਦੇਵੀ ਦਿਆਲ ਤੇ ਫਕੀਰ ਟਿੱਬਾ, ਡੀ.ਟੀ.ਐੱਫ.(ਡੀ.ਐੱਮ.ਐੱਫ.) ਦੇ ਸੁਖਵਿੰਦਰ ਗਿਰ ਤੇ ਕੰਵਲਜੀਤ, ਈ.ਟੀ.ਯੂ. ਦੇ ਜੋਤਿੰਦਰ ਜੋਤੀ ਤੇ ਜਗਦੀਸ਼ ਸਿੰਘ, ਅਧਿਆਪਕ ਦਲ ਦੇ ਵਰਿੰਦਰਜੀਤ ਬਜਾਜ, ਐੱਸ.ਸੀ. ਬੀ.ਸੀ. ਅਧਿਆਪਕ ਜਥੇਬੰਦੀ ਦੇ ਕੰਵਲਜੀਤ ਸਿੰਘ ਤੇ ਗੁਰਸੇਵਕ ਕਲੇਰ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਦਫ਼ਤਰ ਵੱਲੋਂ ਅਜਿਹਾ ਕਰਨ ਵਿੱਚੋਂ ਨੰਗੇ ਚਿੱਟੇ ਭ੍ਰਿਸ਼ਟਾਚਾਰ ਦੀ ਬੋ ਆਉਂਦੀ ਹੈ। ਇਸ ਦਫ਼ਤਰ ਦਾ ਇਤਿਹਾਸ ਵੀ ਭ੍ਰਿਸ਼ਟਾਚਾਰ ਦਾ ਰਿਹਾ ਹੈ।

ਉਹਨਾਂ ਦੋਸ਼ ਲਾਇਆ ਕਿ ਪਿਛਲੇ ਸਮੇਂ ਵਿੱਚ ਇਸ ਦਫ਼ਤਰ ਦੀ ਰਹਿਨੁਮਾਈ ਹੇਠ ਜ਼ਿਲ੍ਹੇ ਦੇ ਕਈ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਜਾਅਲੀ ਦਾਖਲੇ ਕਰਕੇ ਹੈੱਡ ਟੀਚਰ ਦੀਆਂ ਜਾਅਲੀ ਅਸਾਮੀਆਂ ਬਣਾ ਦਿੱਤੀਆਂ ਗਈਆਂ ਸਨ ਤੇ ਉੱਥੇ ਦਫ਼ਤਰ ਦੇ ਚਹੇਤਿਆਂ ਨੂੰ ਸਟੇਸ਼ਨ ਦਿੱਤੇ ਗਏ ਸਨ। ਆਗੂਆਂ ਨੇ ਕਿਹਾ ਕਿ ਕੁਝ ਹੀ ਦਿਨ ਪਹਿਲਾਂ ਸਮੂਹ ਜਥੇਬੰਦੀਆਂ ਦੀ ਇਸ ਡੀ.ਈ.ਓ. ਨਾਲ ਇਹਨਾਂ ਤਰੱਕੀਆਂ ਸਬੰਧੀ ਮੀਟਿੰਗ ਹੋਈ ਸੀ ਅਤੇ ਇਸ ਅਧਿਕਾਰੀ ਨੇ ਸਟੇਸ਼ਨ ਚੋਣ ਕਰਾ ਕੇ ਪਾਰਦਰਸ਼ੀ ਢੰਗ ਨਾਲ ਸਟੇਸ਼ਨ ਦੇਣ ਦਾ ਵਾਅਦਾ ਕੀਤਾ ਸੀ।

ਇਸੇ ਵਾਅਦਾ ਖਿਲਾਫੀ ਵਿਰੁੱਧ ਅਤੇ ਇਸ ਭ੍ਰਿਸ਼ਟਾਚਾਰ ਦੇ ਪੀੜਤ ਅਧਿਆਪਕਾਂ ਨੂੰ ਇਨਸਾਫ਼ ਦਵਾਉਣ ਲਈ ਅੱਜ ਇਹ ਧਰਨਾ ਦਿੱਤਾ ਜਾ ਰਿਹਾ ਹੈ। ਦੇਰ ਸ਼ਾਮ ਤੱਕ ਜਥੇਬੰਦੀਆਂ ਵੱਲੋਂ ਧਰਨਾ ਜਾਰੀ ਰੱਖਿਆ ਗਿਆ ਤੇ ਦਫ਼ਤਰ ਨੂੰ ਅਲਟੀਮੇਟਮ ਦਿੱਤਾ ਗਿਆ ਕਿ ਜਿੰਨਾ ਸਮਾਂ ਦਫ਼ਤਰ ਵੱਲੋਂ ਇਸ ਮਸਲੇ ਦੇ ਹੱਲ ਲਈ ਡੀ.ਈ.ਓ. ਨਾਲ ਵਿਸਥਾਰਤ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਜਾਂਦਾ ਉਨਾ ਸਮਾਂ ਧਰਨਾ ਜਾਰੀ ਰਹੇਗਾ। ਇਸ ਉਪਰੰਤ ਦਫ਼ਤਰ ਵੱਲੋਂ ਮੀਟਿੰਗ ਦਾ ਪੱਤਰ ਦਿੱਤਾ ਗਿਆ।

ਆਗੂਆਂ ਨੇ ਦਫ਼ਤਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੀਟਿੰਗ ਵਿੱਚ ਇਹ ਮਸਲਾ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀਆਂ ਮੀਟਿੰਗ ਕਰਕੇ ਵੱਡਾ ਤੇ ਕਰੜਾ ਐਕਸ਼ਨ ਉਲੀਕਣਗੀਆਂ। ਧਰਨੇ ਵਿੱਚ ਉਕਤ ਤੋਂ ਇਲਾਵਾ ਬਲਜੀਤ ਸਿੰਘ, ਬਲਕਾਰ ਸਿੰਘ,ਪਵਨ ਕੁਮਾਰ, ਅਮਨ ਵਸ਼ਿਸ਼ਟ, ਜਸਬੀਰ ਲੱਡਾ, ਬੱਗਾ ਸਿੰਘ,ਹਰਕੀਰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਲ ਸਨ।

 

Leave a Comment