ਵੱਡੀ ਖ਼ਬਰ: ਪੰਜਾਬ ‘ਚ ਸਿਵਲ ਹਸਪਤਾਲ ਦੇ NICU ਵਾਰਡ ‘ਚ ਲੱਗੀ ਭਿਆਨਕ ਅੱਗ; 20 ਗਰਭਵਤੀ ਔਰਤਾਂ ਫਸੀਆਂ, ਚਾਰ ਨਵਜੰਮੇ ਬੱਚਿਆਂ ਨੂੰ ਬਾਹਰ ਕੱਢਿਆ
ਜਲੰਧਰ, 4 ਅਗਸਤ 2026-
ਜਲੰਧਰ ਦੇ ਸਰਕਾਰੀ ਸਿਵਲ ਹਸਪਤਾਲ ਤੋਂ ਇਕ ਬਹੁਤ ਹੀ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਅੱਜ ਤੜਕੇ ਛੋਟੇ ਬੱਚਿਆਂ ਦੇ ਨਿੱਕੂ (NICU – Neonatal Intensive Care Unit) ਵਾਰਡ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਕਾਰਨ ਪੂਰੇ ਹਸਪਤਾਲ ਕੰਪਲੈਕਸ ਵਿੱਚ ਦਹਿਸ਼ਤ ਅਤੇ ਅਫੜਾ-ਦਫੜੀ ਦਾ ਮਾਹੌਲ ਬਣ ਗਿਆ। ਹਾਲਾਂਕਿ, ਹਸਪਤਾਲ ਦੇ ਸੁਰੱਖਿਆ ਕਰਮਚਾਰੀਆਂ ਅਤੇ ਸਟਾਫ਼ ਦੀ ਮੌਕੇ ‘ਤੇ ਵਿਖਾਈ ਗਈ ਸਮਝ-ਦਾਰੀ ਅਤੇ ਤੇਜ਼ੀ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ ਅਤੇ ਵਾਰਡ ਵਿੱਚ ਦਾਖ਼ਲ 4 ਨਵਜੰਮੇ ਬੱਚਿਆਂ ਦੀ ਜਾਨ ਸੁਰੱਖਿਅਤ ਬਚਾ ਲਈ ਗਈ। ਹਾਲਾਂਕਿ ਇਸ ਦੌਰਾਨ 20 ਗਰਭਵਤੀ ਔਰਤਾਂ ਵਾਰਡ ਦੇ ਅੰਦਰ ਫਸ ਗਈਆਂ, ਜਿਨ੍ਹਾਂ ਨੂੰ ਵੀ ਬਾਅਦ ਵਿੱਚ ਬਾਹਰ ਕੱਢਿਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਵੇਰੇ ਲਗਭਗ 5:00 ਵਜੇ ਵਾਪਰੀ। ਉਸ ਸਮੇਂ ਹਸਪਤਾਲ ਦੇ ਜ਼ਿਆਦਾਤਰ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਸੌਂ ਰਹੇ ਸਨ। ਨਿੱਕੂ ਵਾਰਡ ਵਿੱਚੋਂ ਅਚਾਨਕ ਧੂੰਆਂ ਉੱਠਦਾ ਦੇਖਿਆ ਗਿਆ। ਵੇਖਦਿਆਂ ਹੀ ਵੇਖਦਿਆਂ ਕੁਝ ਹੀ ਮਿੰਟਾਂ ਵਿੱਚ ਪੂਰੇ ਵਾਰਡ ਵਿੱਚ ਸੰਘਣਾ ਧੂੰਆਂ ਫੈਲ ਗਿਆ। ਵਾਰਡ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਉੱਥੇ ਤਾਇਨਾਤ ਸਟਾਫ਼ ਅਤੇ ਸੁਰੱਖਿਆ ਕਰਮਚਾਰੀ ਤੁਰੰਤ ਹਰਕਤ ਵਿੱਚ ਆ ਗਏ ਅਤੇ ਰੌਲਾ ਪੈਣ ‘ਤੇ ਲੋਕਾਂ ਵਿੱਚ ਭੱਜ-ਦੌੜ ਮਚ ਗਈ।
ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਨਿੱਕੂ ਵਾਰਡ ਵਿੱਚ 4 ਨਵਜੰਮੇ ਬੱਚੇ ਇਲਾਜ ਲਈ ਦਾਖ਼ਲ ਸਨ। ਇਨ੍ਹਾਂ ਬੱਚਿਆਂ ਦੀ ਹਾਲਤ ਪਹਿਲਾਂ ਹੀ ਨਾਜ਼ੁਕ ਸੀ ਅਤੇ ਉਹ ਮਸ਼ੀਨਾਂ ਦੀ ਮਦਦ ‘ਤੇ ਸਨ। ਧੂੰਆਂ ਭਰਨ ਕਾਰਨ ਬੱਚਿਆਂ ਦੀ ਜਾਨ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਸੀ। ਪਰ ਮੌਕੇ ‘ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਅਤੇ ਡਿਊਟੀ ‘ਤੇ ਮੌਜੂਦ ਨਰਸਿੰਗ ਸਟਾਫ਼ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਮੁਸਤੈਦੀ ਦਿਖਾਈ। ਉਨ੍ਹਾਂ ਨੇ ਤੁਰੰਤ ਸਾਰੇ 4 ਬੱਚਿਆਂ ਨੂੰ ਧੂੰਏਂ ਨਾਲ ਭਰੇ ਵਾਰਡ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਅਤੇ ਹਸਪਤਾਲ ਦੇ ਦੂਜੇ ਸੁਰੱਖਿਅਤ ਵਾਰਡ ਵਿੱਚ ਸ਼ਿਫਟ ਕੀਤਾ।
ਅੱਗ ਲੱਗਣ ਦੇ ਸਪੱਸ਼ਟ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਪਰ ਸ਼ੁਰੂਆਤੀ ਜਾਂਚ ਵਿੱਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਸ਼ਾਰਟ ਸਰਕਟ (Short Circuit) ਕਾਰਨ ਵਾਪਰਿਆ ਹੋ ਸਕਦਾ ਹੈ। ਵਾਰਡ ਵਿੱਚ ਲੱਗੀਆਂ ਮਸ਼ੀਨਾਂ ਜਾਂ ਬਜਲੀ ਦੇ ਬੋਰਡ ਵਿੱਚ ਖਰਾਬੀ ਕਾਰਨ ਚੰਗਿਆੜੀ ਨਿਕਲੀ, ਜਿਸ ਨਾਲ ਅੱਗ ਫੈਲ ਗਈ ਅਤੇ ਧੂੰਆਂ ਭਰ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਹਸਪਤਾਲ ਦੇ ਉੱਚ ਅਧਿਕਾਰੀ ਅਤੇ ਤਕਨੀਕੀ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ।
ਇਸ ਘਟਨਾ ਤੋਂ ਬਾਅਦ ਹਸਪਤਾਲ ਵਿੱਚ ਦਾਖ਼ਲ ਹੋਰ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਵਿੱਚ ਭਾਰੀ ਸਹਿਮ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਟਾਫ਼ ਨੇ ਕੁਝ ਮਿੰਟਾਂ ਦੀ ਦੇਰੀ ਕੀਤੀ ਹੁੰਦੀ ਤਾਂ ਧੂੰਏਂ ਕਾਰਨ ਬੱਚਿਆਂ ਦਾ ਦਮ ਘੁੱਟ ਸਕਦਾ ਸੀ ਅਤੇ ਕੋਈ ਵੱਡੀ ਤ੍ਰਾਸਦੀ ਵਾਪਰ ਸਕਦੀ ਸੀ। ਫਿਲਹਾਲ ਸਾਰੇ ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਹਨ।
ਹਸਪਤਾਲ ਪ੍ਰਸ਼ਾਸਨ ਨੇ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਵਾਰਡ ਵਿੱਚ ਲਗਾਏ ਗਏ ਅੱਗ ਬੁਝਾਊ ਯੰਤਰ ਸਹੀ ਤਰੀਕੇ ਨਾਲ ਕੰਮ ਕਰ ਰਹੇ ਸਨ ਜਾਂ ਨਹੀਂ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਇੰਤਜ਼ਾਮਾਂ ਦੀ ਸਮੀਖਿਆ ਕੀਤੀ ਜਾਵੇਗੀ।
















