ਜਮਹੂਰੀ ਅਧਿਕਾਰ ਸਭਾ ਚੰਡੀਗੜ੍ਹ (ਟਰਾਈਸਿਟੀ) ਦਾ ਇਜਲਾਸ ਅਤੇ ਨਵੀਂ ਕਮੇਟੀ ਦੀ ਚੋਣ
ਚੰਡੀਗੜ੍ਹ, 16 ਅਗਸਤ 2026
ਜਮਹੂਰੀ ਅਧਿਕਾਰ ਸਭਾ, ਚੰਡੀਗੜ੍ਹ (ਟਰਾਈਸਿਟੀ) ਵੱਲੋਂ ਸੈਕਟਰ 21A ਸਥਿਤ ਸੀ.ਪੀ.ਆਈ ਦਫ਼ਤਰ ਵਿਖੇ ਇਜਲਾਸ ਸੱਦਿਆ ਗਿਆ ਅਤੇ ਪੁਰਾਣੀ ਕਮੇਟੀ ਭੰਗ ਕਰਦਿਆਂ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਇਜਲਾਸ ਦੀ ਸ਼ੁਰੂਆਤ ਵਿਚ ਪਿਛਲੀ ਜਿਲਾ ਕਾਰਜਕਾਰਨੀ ਨੂੰ ਭੰਗ ਕਰਕੇ ਦੋ ਮੈਂਬਰੀ ਪ੍ਰਧਾਨਗੀ ਮੰਡਲ ਦੀ ਚੋਣ ਕਰਨ ਨਾਲ ਹੋਈ ਜਿਸ ਵਿੱਚ ਮਾਸਟਰ ਯਸਪਾਲ ਅਤੇ ਸ਼੍ਰੀਮਤੀ ਪੁਸ਼ਪਾ ਨੂੰ ਪ੍ਰਧਾਨਗੀ ਮੰਡਲ ਵਜੋਂ ਚੁਣਿਆ ਗਿਆ।
ਇਜਲਾਸ ਦੀ ਸ਼ੁਰੂਆਤ ਵਿੱਚ ਜਨਰਲ ਸੱਕਤਰ ਮਨਪ੍ਰੀਤ ਜਸ ਨੇ ਪਿਛਲੇ ਸਾਲਾਂ ਦੀਆਂ ਸਰਗਰਮੀਆਂ ਦੀ ਰਿਪੋਰਟ ਪੜੀ ਤੇ ਇਸਦਾ ਦਾ ਲੇਖਾ ਜੋਖਾ ਪੇਸ਼ ਕੀਤਾ । ਹਾਜਰ ਮੈਂਬਰਾਂ ਨੇ ਸਰਗਰਮੀ ਰਿਪੋਰਟ ਉਪਰ ਚਰਚਾ ਕਰਦਿਆਂ ਸਭਾ ਦੀਆਂ ਸਰਗਰਮੀਆਂ ਤੇ ਤਸੱਲੀ ਪ੍ਰਗਟ ਕੀਤੀ ਤੇ ਇਹਨਾ ਬਾਰੇ ਆਪਣੇ ਉਸਾਰੂ ਸੁਝਾਅ ਪੇਸ਼ ਕੀਤੇ। ਇਸ ਤੋਂ ਮਗਰੋਂ ਹਾਜਰ ਮੈਂਬਰਾਂ ਵੱਲੋਂ ਨਵੀਂ ਜਿਲਾ ਕਾਰਜਕਾਰਨੀ ਕਮੇਟੀ ਦੀ ਚੋਣ ਕੀਤੀ ਗਈ ਅਤੇ ਨੌਂ ਮੈਂਬਰੀ ਕਮੇਟੀ ਚੁਣੀ ਗਈ ਜਿਸ ਵਿੱਚ ਐਡਵੋਕੇਟ ਅਮਨਦੀਪ, ਐਡਵੋਕੇਟ ਅਮਨਦੀਪ ਮੱਲ੍ਹਾ, ਮਨਪ੍ਰੀਤ ਸਿੰਘੇਵਾਲਾ, ਮਨਪ੍ਰੀਤ ਜਸ, ਬਲਵਿੰਦਰ ਚਹਿਲ, ਐਡਵੋਕੇਟ ਅਲਿਸ਼ਾ, ਅਤੇ ਐਡਵੋਕੇਟ ਸੰਦੀਪਾ ਨੂੰ ਜਿਲਾ ਕਾਰਜਕਾਰਨੀ ਕਮੇਟੀ ਮੈਂਬਰ ਚੁਣਿਆ ਗਿਆ।
ਫਿਰ ਕਮੇਟੀ ਵੱਲੋਂ ਐਡਵੋਕੇਟ ਅਮਨਦੀਪ ਨੂੰ ਪ੍ਰਧਾਨ, ਮਨਪ੍ਰੀਤ ਜਸ ਨੂੰ ਸਕੱਤਰ, ਐਡਵੋਕੇਟ ਅਲਿਸ਼ਾ ਨੂੰ ਖ਼ਜ਼ਾਨਚੀ ਅਤੇ ਮਨਪ੍ਰੀਤ ਸਿੰਘੇਵਾਲਾ ਨੂੰ ਪ੍ਰੈਸ ਸਕੱਤਰ ਦੇ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਇਸਦੇ ਨਾਲ ਹੀ ਸੂਬਾ ਕਮੇਟੀ ਇਜਲਾਸ ਵਾਸਤੇ ਪ੍ਰਧਾਨ, ਸੱਕਤਰ ਤੋਂ ਬਿਨਾ ਚਾਰ ਡੈਲੀਗੇਟਾਂ ਦੀ ਚੋਣ ਕੀਤੀ ਗਈ। ਆਖਿਰ ਤੇ ਨਵੀਂ ਚੁਣੀ ਗਈ ਕਮੇਟੀ ਨੇ ਇਜਲਾਸ ਵਲੋਂ ਦਿੱਤੇ ਸੁਝਾਵਾਂ ਦੀ ਰੌਸ਼ਨੀ ਚ ਜਮਹੂਰੀ ਅਧਿਕਾਰਾਂ ਖਾਤਰ ਲੜਨ ਦਾ ਪ੍ਰਣ ਕਰਦਿਆਂ ਅੱਜ ਦੀ ਕਾਰਵਾਈ ਨੂੰ ਨੇਪਰੇ ਚਾੜਿਆ।
















