Big Breaking: ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਪਹਿਲਾਂ ਪਰਵਿੰਦਰ ਝੋਟੇ ਦੇ ਪਰਿਵਾਰ ਦਾ ਵੱਡਾ ਬਿਆਨ, ਕਿਹਾ- ਸਾਨੂੰ ਨਿੱਜੀ ਆ ਕੇ ਮਿਲੋ!
ਧਰਨੇ ਵਾਲੀ ਜਗ੍ਹਾ ‘ਤੇ ਵਿਰੋਧ ਦੇ ਖ਼ਦਸ਼ੇ ਵਿਚਾਲੇ ਪਰਿਵਾਰ ਦੀ ਅਪੀਲ, ‘ਸਾਨੂੰ ਨਿੱਜੀ ਤੌਰ ‘ਤੇ ਮਿਲ ਸਕਦੇ ਨੇ ਅਮਿਤ ਸ਼ਾਹ’
ਝੋਟਾ ਪਰਿਵਾਰ ਦੇ ਬਿਆਨ ‘ਤੇ ਭਾਜਪਾ ਦਾ ਪੱਖ: ‘ਅਸੀਂ ਪਰਿਵਾਰ ਦੀਆਂ ਭਾਵਨਾਵਾਂ ਦਾ ਪੂਰਾ ਆਦਰ ਕਰਦੇ ਹਾਂ’
ਚੰਡੀਗੜ੍ਹ, 19 ਅਕਤੂਬਰ 2026- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਅਤੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਦੀਆਂ ਚਰਚਾਵਾਂ ਵਿਚਾਲੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਨੇ ਇੱਕ ਅਹਿਮ ਬਿਆਨ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਪ੍ਰਦਰਸ਼ਨ ਜਾਂ ਧਰਨੇ ਵਾਲੀ ਜਗ੍ਹਾ ‘ਤੇ ਨਾ ਆਉਣ, ਬਲਕਿ ਪਰਿਵਾਰ ਨੂੰ ਨਿਜੀ (ਜਾਤੀ) ਤੌਰ ‘ਤੇ ਮਿਲਣ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ।
ਪਰਿਵਾਰ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਰਿਵਾਰ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ ਤਾਂ ਉਹ ਉਨ੍ਹਾਂ ਦੇ ਘਰ ਆ ਕੇ ਜਾਂ ਕਿਸੇ ਹੋਰ ਨਿਜੀ ਜਗ੍ਹਾ ‘ਤੇ ਮਿਲ ਸਕਦੇ ਹਨ। ਭੀਮ ਸਿੰਘ ਅਨੁਸਾਰ, ਗ੍ਰਹਿ ਮੰਤਰੀ ਦੇਸ਼ ਦੇ ਇੱਕ ਵੱਡੇ ਅਹੁਦੇ ‘ਤੇ ਹਨ ਅਤੇ ਉਹ ਪਰਿਵਾਰ ਨੂੰ ਇਨਸਾਫ਼ ਦਿਵਾਉਣ ਵਿੱਚ ਸਮਰੱਥ ਹਨ।
ਧਰਨੇ ਵਾਲੀ ਜਗ੍ਹਾ ‘ਤੇ ਨਾ ਆਉਣ ਦੀ ਅਪੀਲ ਪਿੱਛੇ ਇਹ ਵੱਡਾ ਕਾਰਨ ਮੰਨਿਆ ਜਾ ਰਹਾ ਹੈ ਕਿ ਪ੍ਰਦਰਸ਼ਨ ਵਾਲੀ ਥਾਂ ‘ਤੇ ਸੰਯੁਕਤ ਕਿਸਾਨ ਮੋਰਚੇ ਤੋਂ ਲੈ ਕੇ ਵੱਖ-ਵੱਖ ਰਾਜਸੀ ਧਿਰਾਂ ਦੇ ਲੋਕ ਮੌਜੂਦ ਹਨ। ਅਜਿਹੇ ਵਿੱਚ ਉੱਥੇ ਕਿਸੇ ਤਰ੍ਹਾਂ ਦਾ ਵਿਰੋਧ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਭੀਮ ਸਿੰਘ ਦਾ ਬਿਆਨ ਆਇਆ ਸੀ ਕਿ ਜੇਕਰ ਅਮਿਤ ਸ਼ਾਹ ਦਾ ਵਿਰੋਧ ਹੁੰਦਾ ਹੈ ਤਾਂ ਉਹ ਉਨ੍ਹਾਂ ਦਾ ਆਪਣਾ ਵਿਰੋਧ ਮੰਨਿਆ ਜਾਵੇਗਾ।
ਬਿਆਨਾਂ ਵਿੱਚ ਆ ਰਹੇ ਫ਼ਰਕ ਅਤੇ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਵੀਡੀਓਜ਼ ‘ਤੇ ਪਰਿਵਾਰ ਦੇ ਮੈਂਬਰਾਂ ਨੇ ਸਪੱਸ਼ਟੀਕਰਨ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਕੋਈ ਰੋਜ਼ਾਨਾ ਸਟੇਜਾਂ ‘ਤੇ ਬੋਲਣ ਵਾਲੇ ਬੁਲਾਰੇ ਨਹੀਂ ਹਨ। ਕਈ ਵਾਰ ਬੋਲਦੇ ਸਮੇਂ ਮੂੰਹੋਂ ਕੋਈ ਗੱਲ ਨਿਕਲ ਜਾਂਦੀ ਹੈ, ਜਿਸ ਦੀਆਂ ਛੋਟੀਆਂ-ਛੋਟੀਆਂ ਕਲਿੱਪਾਂ ਕੱਟ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਇਹ ਭੁਲੇਖਾ ਪੈਂਦਾ ਹੈ ਜਿਵੇਂ ਕੋਈ ਕਿਸੇ ਦਾ ਵਿਰੋਧ ਕਰ ਰਿਹਾ ਹੋਵੇ। ਪਰਿਵਾਰ ਨੇ ਵੀਡੀਓ ਬਣਾਉਣ ਵਾਲਿਆਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਹੈ ਅਤੇ ਸਾਥ ਦੇਣ ਲਈ ਧੰਨਵਾਦ ਕੀਤਾ ਹੈ।
ਇਸ ਪੂਰੇ ਮਾਮਲੇ ‘ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਵਿਨੀਤ ਜੋਸ਼ੀ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਭਾਜਪਾ ਪਰਿਵਾਰ ਦੀਆਂ ਭਾਵਨਾਵਾਂ ਦਾ ਪੂਰਾ ਆਦਰ ਅਤੇ ਸਤਿਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਦਾ ਹਰ ਦੌਰਾ ਅਤੇ ਪ੍ਰੋਗਰਾਮ ਸਰਕਾਰੀ ਪ੍ਰੋਟੋਕੋਲ ਅਧੀਨ ਹੁੰਦਾ ਹੈ। ਜੋਸ਼ੀ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੇ ਖ਼ਾਤਮੇ ਲਈ ਭਾਜਪਾ ਵਚਨਬੱਧ ਹੈ ਅਤੇ ਪਾਰਟੀ ਨਸ਼ੇ ਦੀ ਭੇਂਟ ਚੜ੍ਹੇ ਪਰਿਵਾਰਾਂ ਦੇ ਦੁੱਖ-ਦਰਦ ਵਿੱਚ ਹਮੇਸ਼ਾ ਨਾਲ ਖੜ੍ਹੀ ਹੈ।
















