Breaking: ਪੰਜਾਬ ‘ਚ ਨਿੱਜੀ ਹਸਪਤਾਲ ਨੂੰ ਲੱਗੀ ਭਿਆਨਕ ਅੱਗ!
ਫਗਵਾੜਾ, 18 ਅਗਸਤ 2026:
ਫਗਵਾੜਾ ਦੇ ਪਲਾਈ ਰੋਡ ’ਤੇ ਸਥਿਤ ਸਤਲੁਜ ਹਸਪਤਾਲ ਦੀ ਚੌਥੀ ਮੰਜ਼ਿਲ ’ਤੇ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਹਸਪਤਾਲ ਪ੍ਰਸ਼ਾਸਨ, ਅਮਲੇ ਅਤੇ ਮਰੀਜ਼ਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅੱਗ ਹਸਪਤਾਲ ਦੀ ਸਭ ਤੋਂ ਉੱਪਰਲੀ ਮੰਜ਼ਿਲ ’ਤੇ ਰੱਖੇ ਜਨਰੇਟਰਾਂ ਵਿੱਚ ਲੱਗੀ, ਜਿਸ ਕਾਰਨ ਦੋ ਜਨਰੇਟਰ ਪੂਰੀ ਤਰ੍ਹਾਂ ਸੜ ਕੇ ਨੁਕਸਾਨੇ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਹਸਪਤਾਲ ਵਿੱਚ ਚੱਲ ਰਹੇ ਇੱਕ ਜਨਰੇਟਰ ਵਿੱਚੋਂ ਅਚਾਨਕ ਧੂੰਆਂ ਨਿਕਲਦਾ ਦਿਖਾਈ ਦਿੱਤਾ। ਕੁਝ ਹੀ ਪਲਾਂ ਵਿੱਚ ਧੂੰਏਂ ਨੇ ਅੱਗ ਦੀਆਂ ਲਪਟਾਂ ਦਾ ਰੂਪ ਧਾਰ ਲਿਆ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਹਸਪਤਾਲ ਦੇ ਅਮਲੇ ਨੇ ਤੁਰੰਤ ਅੱਗ ਬੁਝਾਊ ਦਸਤੇ ਨੂੰ ਸੂਚਿਤ ਕੀਤਾ। ਇਸ ਦੇ ਨਾਲ ਹੀ ਅਮਲੇ ਵੱਲੋਂ ਉਪਲਬਧ ਅੱਗ ਬੁਝਾਊ ਯੰਤਰਾਂ ਦੀ ਸਹਾਇਤਾ ਨਾਲ ਅੱਗ ’ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ।
ਹਾਲਾਂਕਿ ਅੱਗ ਦੀਆਂ ਲਪਟਾਂ ਤੇਜ਼ੀ ਨਾਲ ਵਧਣ ਕਾਰਨ ਸਥਿਤੀ ਗੰਭੀਰ ਹੋ ਗਈ। ਸੂਚਨਾ ਮਿਲਦੇ ਹੀ ਅੱਗ ਬੁਝਾਊ ਦਸਤੇ ਦੀਆਂ ਦੋ ਗੱਡੀਆਂ ਮੌਕੇ ’ਤੇ ਪਹੁੰਚੀਆਂ। ਦਸਤੇ ਦੇ ਕਰਮਚਾਰੀਆਂ ਨੇ ਭਾਰੀ ਜੱਦੋ-ਜਹਿਦ ਕਰਦਿਆਂ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕੀਤੀ। ਕਾਫ਼ੀ ਮਿਹਨਤ ਤੋਂ ਬਾਅਦ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ।
ਅੱਗ ਲੱਗਣ ਦੀ ਘਟਨਾ ਕਾਰਨ ਹਸਪਤਾਲ ਵਿੱਚ ਕੁਝ ਸਮੇਂ ਲਈ ਹਫੜਾ-ਦਫੜੀ ਵਾਲਾ ਮਾਹੌਲ ਬਣਿਆ ਰਿਹਾ। ਹਾਲਾਂਕਿ ਅੱਗ ’ਤੇ ਸਮੇਂ ਸਿਰ ਕਾਬੂ ਪਾ ਲਏ ਜਾਣ ਕਾਰਨ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ। ਘਟਨਾ ਵਿੱਚ ਦੋ ਜਨਰੇਟਰਾਂ ਦੇ ਸੜਨ ਕਾਰਨ ਭਾਰੀ ਨੁਕਸਾਨ ਹੋਇਆ ਹੈ। ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ।
















