ਆਮ ਜਨਤਾ ਨੂੰ ਵੱਡੀ ਰਾਹਤ: ਪਿਆਜ਼ ਦੀਆਂ ਕੀਮਤਾਂ ਬਾਰੇ ਸਰਕਾਰ ਦਾ ਵੱਡਾ ਫ਼ੈਸਲਾ; 35 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲੇਗਾ ਪਿਆਜ਼
55-60 ਰੁਪਏ ਵਾਲਾ ਪਿਆਜ਼ ਹੁਣ ਮਿਲੇਗਾ 35 ਰੁਪਏ ‘ਚ, ਜਾਣੋ ਕਿੱਥੋਂ ਤੇ ਕਿਵੇਂ ਖਰੀਦ ਸਕੋਗੇ; ‘ਕਾਂਦਾ ਐਕਸਪ੍ਰੈੱਸ’ ਰਾਹੀਂ ਦਿੱਲੀ ਪਹੁੰਚ ਰਿਹਾ ਪਿਆਜ਼, NAFED ਤੇ NCCF ਕਰਨਗੇ ਸਸਤੇ ਭਾਅ ਵਿਕਰੀ
ਨਵੀਂ ਦਿੱਲੀ, 26 ਅਗਸਤ 2026– ਦੇਸ਼ ਭਰ ਵਿੱਚ ਪਿਆਜ਼ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਕਾਰਨ ਆਮ ਜਨਤਾ ਦੀ ਰਸੋਈ ਦਾ ਬਜਟ ਵਿਗੜ ਰਿਹਾ ਹੈ। ਪਿਆਜ਼ ਦੀਆਂ ਇਹਨਾਂ ਅਸਮਾਨ ਛੂਹੰਦੀਆਂ ਕੀਮਤਾਂ ‘ਤੇ ਠੱਲ੍ਹ ਪਾਉਣ ਅਤੇ ਖਪਤਕਾਰਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ ਇੱਕ ਬਹੁਤ ਵੱਡਾ ਤੇ ਅਹਿਮ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਵੀਰਵਾਰ ਤੋਂ ਦਿੱਲੀ ਵਿੱਚ ਆਪਣੇ ਸਰਕਾਰੀ ਬਫਰ ਸਟਾਕ (Buffer Stock) ਵਿੱਚੋਂ ਮਾਤਰ 35 ਰੁਪਏ ਪ੍ਰਤੀ ਕਿੱਲੋ ਦੀ ਰਿਆਇਤੀ ਦਰ ’ਤੇ ਪਿਆਜ਼ ਵੇਚਣਾ ਸ਼ੁਰੂ ਕਰਨ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿੱਚ ਪਿਆਜ਼ ਦੀ ਫੁਟਕਲ (Retail) ਕੀਮਤ 55 ਤੋਂ 60 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਚੁੱਕੀ ਹੈ, ਜਿਸ ਨਾਲ ਆਮ ਲੋਕਾਂ ਦੀ ਜੇਬ ‘ਤੇ ਭਾਰੀ ਬੋਝ ਪੈ ਰਿਹਾ ਸੀ। ਇਸੇ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਨੇ ਸਸਤਾ ਪਿਆਜ਼ ਬਾਜ਼ਾਰ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ।
ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਵੀਰਵਾਰ ਨੂੰ ਦਿੱਲੀ ਵਿੱਚ ਇਸ ਰਿਆਇਤੀ ਪਿਆਜ਼ ਦੀ ਵਿਕਰੀ ਦਾ ਰਸਮੀ ਉਦਘਾਟਨ ਕਰਨਗੇ। ਸਰਕਾਰ ਨੇ ਸਾਲ 2026 ਲਈ 1.21 ਲੱਖ ਟਨ ਪਿਆਜ਼ ਦਾ ਵਿਸ਼ੇਸ਼ ‘ਬਫਰ ਸਟਾਕ’ ਤਿਆਰ ਕੀਤਾ ਹੈ, ਜਿਸ ਵਿੱਚੋਂ ਹੀ ਹੁਣ ਪਿਆਜ਼ ਨੂੰ ਬਾਜ਼ਾਰ ਵਿੱਚ ਉਤਾਰ ਕੇ ਕੀਮਤਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਰਿਆਇਤੀ ਵਿਕਰੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਜ਼ਿੰਮੇਵਾਰੀ ਦੇਸ਼ ਦੀਆਂ ਤਿੰਨ ਪ੍ਰਮੁੱਖ ਏਜੰਸੀਆਂ ਨਾਫੈਡ (NAFED), ਐਨ.ਸੀ.ਸੀ.ਐਫ. (NCCF) ਅਤੇ ਕੇਂਦਰੀ ਭੰਡਾਰ (Kendriya Bhandar) ਨੂੰ ਸੌਂਪੀ ਗਈ ਹੈ। ਐਨ.ਸੀ.ਸੀ.ਐਫ. ਦੇ ਪ੍ਰਬੰਧਕੀ ਨਿਰਦੇਸ਼ਕ ਅਨੀਸ ਜੋਸਫ ਚੰਦਰਾ ਨੇ ਦੱਸਿਆ ਕਿ ਵੀਰਵਾਰ ਨੂੰ ਦਿੱਲੀ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ, ਵੀਕੈਂਡ (ਹਫ਼ਤੇ ਦੇ ਅੰਤ) ਤੱਕ ਇਸ ਦਾ ਦਾਇਰਾ ਵਧਾ ਕੇ ਪੂਰੇ ਐਨ.ਸੀ.ਆਰ. (NCR) ਖੇਤਰ ਵਿੱਚ ਵੀ ਸਸਤਾ ਪਿਆਜ਼ ਉਪਲਬਧ ਕਰਵਾਇਆ ਜਾਵੇਗਾ।
ਅਧਿਕਾਰੀਆਂ ਅਨੁਸਾਰ ਐਨ.ਸੀ.ਸੀ.ਐਫ. ਕੋਲ ਲਗਭਗ 62,000 ਟਨ ਪਿਆਜ਼ ਦਾ ਭਾਰੀ ਸਟਾਕ ਮੌਜੂਦ ਹੈ। ਇਸੇ ਸਟਾਕ ਵਿੱਚੋਂ ਮਹਾਰਾਸ਼ਟਰ ਦੇ ਨਾਸਿਕ ਤੋਂ 400 ਟਨ ਪਿਆਜ਼ ਰੇਲ ਗੱਡੀ ਰਾਹੀਂ ਦਿੱਲੀ ਭੇਜਿਆ ਜਾ ਰਿਹਾ ਹੈ। ਪਿਆਜ਼ ਦੀ ਤੇਜ਼ੀ ਨਾਲ ਸਪਲਾਈ ਲਈ ‘ਕਾਂਦਾ ਐਕਸਪ੍ਰੈੱਸ’ ਨਾਮ ਦੀ ਵਿਸ਼ੇਸ਼ ਟ੍ਰੇਨ ਚਲਾਈ ਗਈ ਹੈ, ਜਿਸ ਦੇ ਵੀਰਵਾਰ ਤੱਕ ਦਿੱਲੀ ਪਹੁੰਚਣ ਦੀ ਪੂਰੀ ਉਮੀਦ ਹੈ।
ਸਟੋਰਾਂ, ਮੋਬਾਈਲ ਵੈਨਾਂ ਅਤੇ ਮਦਰ ਡੇਅਰੀ ਰਾਹੀਂ ਹੋਵੇਗੀ ਵਿਕਰੀ
ਦਿੱਲੀ ਦੇ ਨਾਗਰਿਕਾਂ ਤੱਕ ਸਸਤਾ ਪਿਆਜ਼ ਪਹੁੰਚਾਉਣ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ, ਕਿ ਐਨ.ਸੀ.ਸੀ.ਐਫ. ਦਿੱਲੀ ਵਿੱਚ ਕੇਂਦਰੀ ਭੰਡਾਰ ਦੇ 100 ਤੋਂ ਵੱਧ ਸਟੋਰਾਂ ਰਾਹੀਂ 35 ਰੁਪਏ ਕਿੱਲੋ ਪਿਆਜ਼ ਮੁਹੱਈਆ ਕਰਵਾਏਗਾ। ਸ਼ੁਰੂਆਤ ਵਿੱਚ 15 ਮੋਬਾਈਲ ਵੈਨਾਂ ਰਾਹੀਂ ਵਿਕਰੀ ਕੀਤੀ ਜਾਵੇਗੀ, ਜਿਨ੍ਹਾਂ ਦੀ ਗਿਣਤੀ ਸ਼ੁੱਕਰਵਾਰ ਤੱਕ ਵਧਾ ਕੇ 40 ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮਦਰ ਡੇਅਰੀ ਦੇ 300 ਬੂਥਾਂ ਰਾਹੀਂ ਵੀ ਇਸ ਸਸਤੇ ਪਿਆਜ਼ ਦੀ ਵਿਕਰੀ ਲਈ ਗੱਲਬਾਤ ਆਖਰੀ ਚਰਨ ਵਿੱਚ ਹੈ।
ਪੰਜਾਬ ਅਤੇ ਹੋਰ ਸੂਬਿਆਂ ਨੂੰ ਵੀ ਮਿਲੇਗਾ ਲਾਭ
ਸਰਕਾਰ ਦੀ ਇਹ ਯੋਜਨਾ ਕੇਵਲ ਦਿੱਲੀ ਤੱਕ ਹੀ ਸੀਮਤ ਨਹੀਂ ਰਹੇਗੀ। ਅਧਿਕਾਰੀਆਂ ਅਨੁਸਾਰ, ਰੇਲ ਗੱਡੀ ਰਾਹੀਂ ਆਉਣ ਵਾਲੀ ਪਿਆਜ਼ ਦੀ ਇਸ ਵੱਡੀ ਖੇਪ ਦੀ ਵਰਤੋਂ ਪੰਜਾਬ ਦੇ ਚੰਡੀਗੜ੍ਹ, ਲੁਧਿਆਣਾ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਦੇ ਵਾਰਾਣਸੀ ਅਤੇ ਹੋਰ ਪ੍ਰਮੁੱਖ ਸ਼ਹਿਰਾਂ ਵਿੱਚ ਵੀ ਸਸਤੇ ਭਾਅ ਪਿਆਜ਼ ਵੰਡਣ ਲਈ ਕੀਤੀ ਜਾਵੇਗੀ। ਸਰਕਾਰ ਦੇ ਇਸ ਕਦਮ ਨਾਲ ਆਉਣ ਵਾਲੇ ਦਿਨਾਂ ਵਿੱਚ ਦੇਸ਼ ਭਰ ਵਿੱਚ ਪਿਆਜ਼ ਦੀਆਂ ਕੀਮਤਾਂ ਹੇਠਾਂ ਆਉਣ ਦੀ ਪੂਰੀ ਸੰਭਾਵਨਾ ਹੈ।
















