Join WhatsApp

Join Now

ਕੈਨੇਡਾ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਨਾਲ ਪੰਜਾਬੀ ਨੌਜਵਾਨਾਂ ਦੀਆਂ ਵਧੀਆਂ ਮੁਸ਼ਕਲਾਂ

On: ਸਤੰਬਰ 5, 2026 12:39 ਬਾਃ ਦੁਃ

 

ਕੈਨੇਡਾ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਨਾਲ ਪੰਜਾਬੀ ਨੌਜਵਾਨਾਂ ਦੀਆਂ ਵਧੀਆਂ ਮੁਸ਼ਕਲਾਂ

2027 ਤੱਕ ਗੈਰ-ਸਥਾਈ ਲੋਕਾਂ ਵਿਰੁੱਧ ਹੋਵੇਗੀ ਕਾਰਵਾਈਵਸਨੀਕਾਂ ਦੀ ਗਿਣਤੀ ਘਟਾਉਣ ਦਾ ਟੀਚਾ

ਕੈਨੇਡਾ /ਚੰਡੀਗੜ੍ਹ, 5 ਸਤੰਬਰ 2026: ਕੈਨੇਡਾ ਸਰਕਾਰ ਵੱਲੋਂ ਦੇਸ਼ ਵਿੱਚ ਅਸਥਾਈ ਤੌਰ ’ਤੇ ਰਹਿ ਰਹੇ ਲੋਕਾਂ ਦੀ ਗਿਣਤੀ ਘਟਾਉਣ ਲਈ ਇਮੀਗ੍ਰੇਸ਼ਨ ਨੀਤੀਆਂ ਨੂੰ ਹੋਰ ਸਖ਼ਤ ਕੀਤਾ ਜਾ ਰਿਹਾ ਹੈ। ਸਰਕਾਰ ਦਾ ਟੀਚਾ 2027 ਤੱਕ ਕੁੱਲ ਆਬਾਦੀ ਵਿੱਚ ਗੈਰ-ਸਥਾਈ ਵਸਨੀਕਾਂ ਦੀ ਹਿੱਸੇਦਾਰੀ ਪੰਜ ਫੀਸਦੀ ਤੋਂ ਹੇਠਾਂ ਲਿਆਉਣਾ ਹੈ। ਇਸ ਫ਼ੈਸਲੇ ਦਾ ਸਿੱਧਾ ਪ੍ਰਭਾਵ ਉਨ੍ਹਾਂ ਹਜ਼ਾਰਾਂ ਪੰਜਾਬੀ ਨੌਜਵਾਨਾਂ ’ਤੇ ਪੈਣ ਦੀ ਸੰਭਾਵਨਾ ਹੈ, ਜੋ ਕੈਨੇਡਾ ਵਿੱਚ ਪੜ੍ਹਾਈ ਜਾਂ ਵਰਕ ਪਰਮਿਟ ਰਾਹੀਂ ਰਹਿ ਰਹੇ ਹਨ।

ਕੈਨੇਡਾ ਦੀ 2026-2028 ਇਮੀਗ੍ਰੇਸ਼ਨ ਯੋਜਨਾ ਵਿੱਚ ਅਸਥਾਈ ਵਸਨੀਕਾਂ ਦੀ ਗਿਣਤੀ ਨੂੰ ਟਿਕਾਊ ਪੱਧਰ ’ਤੇ ਲਿਆਉਣਾ ਇੱਕ ਪ੍ਰਮੁੱਖ ਟੀਚਾ ਰੱਖਿਆ ਗਿਆ ਹੈ। ਇਸ ਦੇ ਚੱਲਦਿਆਂ ਪੰਜਾਬ ਤੋਂ ਕੈਨੇਡਾ ਗਏ ਨੌਜਵਾਨਾਂ ਵਿੱਚ ਆਪਣੇ ਵਰਕ ਪਰਮਿਟ ਦੀ ਮਿਆਦ ਅਤੇ ਭਵਿੱਖ ਦੀ ਇਮੀਗ੍ਰੇਸ਼ਨ ਸਥਿਤੀ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਨਿਯਮਾਂ ਮੁਤਾਬਕ ਜੇਕਰ ਕੋਈ ਵਿਅਕਤੀ ਆਪਣਾ ਪਰਮਿਟ ਖ਼ਤਮ ਹੋਣ ਤੋਂ ਪਹਿਲਾਂ ਉਸ ਦੇ ਵਿਸਥਾਰ ਲਈ ਅਰਜ਼ੀ ਦਿੰਦਾ ਹੈ ਤਾਂ ਅਰਜ਼ੀ ’ਤੇ ਫ਼ੈਸਲਾ ਆਉਣ ਤੱਕ ਉਹ ਕੈਨੇਡਾ ਵਿੱਚ ਰਹਿ ਸਕਦਾ ਹੈ। ਹਾਲਾਂਕਿ, ਵੈਧ ਇਮੀਗ੍ਰੇਸ਼ਨ ਸਥਿਤੀ ਤੋਂ ਬਿਨਾਂ ਰਹਿਣਾ ਕਾਨੂੰਨੀ ਕਾਰਵਾਈ ਦਾ ਕਾਰਨ ਬਣ ਸਕਦਾ ਹੈ।

ਪੰਜਾਬ ’ਤੇ ਵੀ ਪੈ ਰਿਹਾ ਹੈ ਅਸਰ

ਕੈਨੇਡਾ ਦੀ ਸਖ਼ਤ ਹੁੰਦੀ ਇਮੀਗ੍ਰੇਸ਼ਨ ਵਿਵਸਥਾ ਦਾ ਪ੍ਰਭਾਵ ਪੰਜਾਬ ਵਿੱਚ ਵੀ ਦਿਖਾਈ ਦੇ ਰਿਹਾ ਹੈ। ਅਗਸਤ 2026 ਵਿੱਚ ਪੰਜਾਬ ਦੇ ਮੰਤਰੀ ਰਵਜੋਤ ਸਿੰਘ ਨੇ ਦੱਸਿਆ ਸੀ ਕਿ ਕਰੀਬ 1,500 ਪੰਜਾਬੀ ਵਿਦਿਆਰਥੀ ਵਰਕ ਪਰਮਿਟ ਨਾ ਮਿਲਣ ਕਾਰਨ ਪ੍ਰਭਾਵਿਤ ਹੋਏ ਹਨ। ਪੰਜਾਬ ਸਰਕਾਰ ਵੱਲੋਂ ਇਹ ਮਾਮਲਾ ਕੇਂਦਰ ਸਰਕਾਰ ਅਤੇ ਕੈਨੇਡਾ ਦੇ ਅਧਿਕਾਰੀਆਂ ਕੋਲ ਉਠਾਇਆ ਗਿਆ ਹੈ।

ਕਈ ਵਿਦਿਆਰਥੀਆਂ ਵੱਲੋਂ ਅਜਿਹੇ ਕੋਰਸ ਚੁਣੇ ਗਏ ਸਨ, ਜੋ ਬਾਅਦ ਵਿੱਚ ਵਰਕ ਪਰਮਿਟ ਲਈ ਯੋਗ ਨਹੀਂ ਪਾਏ ਗਏ। ਇਸ ਕਾਰਨ ਕੁਝ ਵਿਦਿਆਰਥੀਆਂ ਨੂੰ ਕੈਨੇਡਾ ਛੱਡਣ ਲਈ ਵੀ ਮਜਬੂਰ ਹੋਣਾ ਪਿਆ। ਇਸ ਸਥਿਤੀ ਨੇ ਪੰਜਾਬੀ ਪਰਿਵਾਰਾਂ ਲਈ ਆਰਥਿਕ ਅਤੇ ਕਾਨੂੰਨੀ ਚੁਣੌਤੀਆਂ ਵਧਾ ਦਿੱਤੀਆਂ ਹਨ।

ਲੱਖਾਂ ਰੁਪਏ ਖ਼ਰਚ ਕਰਨ ਵਾਲੇ ਪਰਿਵਾਰ ਚਿੰਤਤ

ਕੈਨੇਡਾ ਦੀ ਬਦਲਦੀ ਨੀਤੀ ਦਾ ਪ੍ਰਭਾਵ ਸਿਰਫ਼ ਉੱਥੇ ਰਹਿ ਰਹੇ ਨੌਜਵਾਨਾਂ ਤੱਕ ਸੀਮਤ ਨਹੀਂ ਹੈ। ਪੰਜਾਬ ਵਿੱਚ ਅਜਿਹੇ ਹਜ਼ਾਰਾਂ ਪਰਿਵਾਰ ਹਨ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣ ਲਈ ਲੱਖਾਂ ਰੁਪਏ ਖ਼ਰਚ ਕੀਤੇ ਹਨ। ਮੰਤਰੀ ਰਵਜੋਤ ਸਿੰਘ ਮੁਤਾਬਕ ਕਈ ਪਰਿਵਾਰਾਂ ਵੱਲੋਂ 20 ਲੱਖ ਰੁਪਏ ਤੱਕ ਖ਼ਰਚ ਕੀਤੇ ਗਏ ਹਨ। ਵਰਕ ਪਰਮਿਟ ਨਾਲ ਸਬੰਧਤ ਫ਼ੈਸਲਿਆਂ ਕਾਰਨ ਕਈ ਪਰਿਵਾਰ ਆਰਥਿਕ ਅਤੇ ਕਾਨੂੰਨੀ ਸੰਕਟ ਦਾ ਸਾਹਮਣਾ ਕਰ ਰਹੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਏਜੰਟਾਂ ਅਤੇ ਕੁਝ ਸਿੱਖਿਆ ਸੰਸਥਾਵਾਂ ਦੀ ਭੂਮਿਕਾ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ, ਜਿਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਪੱਕੀ ਰਿਹਾਇਸ਼ ਦਾ ਆਸਾਨ ਰਸਤਾ ਮਿਲਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ।

ਨੌਜਵਾਨਾਂ ਨੂੰ ਪਹਿਲਾਂ ਹੀ ਬਣਾਉਣੀ ਪਵੇਗੀ ਰਣਨੀਤੀ

ਇਮੀਗ੍ਰੇਸ਼ਨ ਮਾਹਿਰ ਪੂਜਾ ਸਿੰਘ ਅਨੁਸਾਰ ਪੰਜਾਬੀ ਨੌਜਵਾਨਾਂ ਨੂੰ ਕੈਨੇਡਾ ਜਾਣ ਤੋਂ ਪਹਿਲਾਂ ਹੀ ਆਪਣੀ ਸਥਾਈ ਰਿਹਾਇਸ਼ ਦੀ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ। ਸਿਰਫ਼ ਪੜ੍ਹਾਈ ਜਾਂ ਨੌਕਰੀ ਮਿਲ ਜਾਣਾ ਸਥਾਈ ਰਿਹਾਇਸ਼ ਦੀ ਗਾਰੰਟੀ ਨਹੀਂ ਹੈ। ਵਿਦਿਆਰਥੀਆਂ ਨੂੰ ਦਾਖ਼ਲਾ ਲੈਣ ਤੋਂ ਪਹਿਲਾਂ ਕੋਰਸ ਦੀ ਯੋਗਤਾ, ਵਰਕ ਪਰਮਿਟ ਦੀਆਂ ਸ਼ਰਤਾਂ ਅਤੇ ਭਵਿੱਖ ਵਿੱਚ ਪੱਕੀ ਰਿਹਾਇਸ਼ ਲਈ ਲੋੜੀਂਦੇ ਮਾਪਦੰਡਾਂ ਦੀ ਸੁਤੰਤਰ ਤੌਰ ’ਤੇ ਜਾਂਚ ਕਰਨੀ ਚਾਹੀਦੀ ਹੈ।

ਆਉਣ ਵਾਲੇ ਸਮੇਂ ਵਿੱਚ ਸਥਾਈ ਰਿਹਾਇਸ਼ ਲਈ ਮੁਕਾਬਲਾ ਹੋਰ ਵਧਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਭਾਸ਼ਾ ਦੀ ਦੱਖਲਤਾ ਅਤੇ ਸਬੰਧਤ ਖੇਤਰ ਵਿੱਚ ਕੰਮ ਦਾ ਤਜਰਬਾ ਨੌਜਵਾਨਾਂ ਲਈ ਅਹਿਮ ਸਾਬਤ ਹੋ ਸਕਦਾ ਹੈ। ਮਾਹਿਰਾਂ ਨੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਮੀਗ੍ਰੇਸ਼ਨ ਏਜੰਟਾਂ ’ਤੇ ਪੂਰੀ ਤਰ੍ਹਾਂ ਨਿਰਭਰ ਰਹਿਣ ਦੀ ਬਜਾਏ ਹਰ ਨਿਯਮ ਅਤੇ ਸ਼ਰਤ ਦੀ ਖੁਦ ਵੀ ਪੁਸ਼ਟੀ ਕਰਨ।

 

Leave a Comment