ਪੰਜਾਬ ‘ਚ ਕੈਬਨਿਟ ਮੰਤਰੀ ਦੇ ਵਿੱਤੀ ਲੇਖਾ-ਜੋਖਾ ਸੰਭਾਲਣ ਵਾਲੇ ਰਿਸ਼ਤੇਦਾਰ ‘ਤੇ ED ਦਾ ਸ਼ਿਕੰਜਾ, ਛਾਪੇਮਾਰੀ ਨਾਲ ਛਿੜੀ ਚਰਚਾ
ਲੁਧਿਆਣਾ, 24 ਸਤੰਬਰ 2026- ਪੰਜਾਬ ਦੀ ਰਾਜਨੀਤੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ ਇੱਕ ਕੈਬਨਿਟ ਮੰਤਰੀ ਦੇ ਰਿਸ਼ਤੇਦਾਰ ਦੇ ਘਰ ਅਚਾਨਕ ਛਾਪੇਮਾਰੀ ਕੀਤੀ। ਇਸ ਕਾਰਵਾਈ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਬਣ ਗਿਆ। ਕੇਂਦਰੀ ਜਾਂਚ ਏਜੰਸੀ ਦੇ ਅਧਿਕਾਰੀ ਭਾਰੀ ਪੁਲਿਸ ਬਲ ਦੇ ਨਾਲ ਤਲਾਸ਼ੀ ਮੁਹਿੰਮ ਲਈ ਮੰਤਰੀ ਦੇ ਰਿਸ਼ਤੇਦਾਰ ਦੇ ਘਰ ਪਹੁੰਚੇ ਅਤੇ ਲੰਮੇ ਸਮੇਂ ਤੱਕ ਜਾਂਚ-ਪੜਤਾਲ ਚੱਲਦੀ ਰਹੀ।
ਈਡੀ ਦੇ ਅਧਿਕਾਰੀਆਂ ਦੀ ਅਚਾਨਕ ਆਮਦ ਨਾਲ ਆਸ-ਪਾਸ ਦੇ ਵਸਨੀਕ ਅਤੇ ਆਮ ਲੋਕ ਵੀ ਹੈਰਾਨ ਰਹਿ ਗਏ। ਕੇਂਦਰੀ ਬਲਾਂ ਅਤੇ ਸਥਾਨਕ ਪੁਲਿਸ ਨੇ ਮੰਤਰੀ ਦੇ ਰਿਸ਼ਤੇਦਾਰ ਦੇ ਘਰ ਦੇ ਬਾਹਰ ਸੁਰੱਖਿਆ ਪਹਿਰੇ ਮਜ਼ਬੂਤ ਕਰ ਦਿੱਤੇ ਤਾਂ ਜੋ ਜਾਂਚ ਪ੍ਰਕਿਰਿਆ ਵਿੱਚ ਕੋਈ ਵਿਘਨ ਨਾ ਪਵੇ। ਈਡੀ ਦੀ ਟੀਮ ਵੱਲੋਂ ਘਰ ਦੇ ਅੰਦਰ ਦਸਤਾਵੇਜ਼ਾਂ, ਵਿੱਤੀ ਲੈਣ-ਦੇਣ ਅਤੇ ਹੋਰ ਜ਼ਰੂਰੀ ਕਾਗਜ਼ਾਤ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਮੰਤਰੀ ਦਾ ਰਿਸ਼ਤੇਦਾਰ ਬਹੁਤ ਜਲਦ ਵਿਦੇਸ਼ ਜਾਣ ਵਾਲਾ ਸੀ। ਇੱਕ ਹਫ਼ਤੇ ਦੇ ਅੰਦਰ-ਅੰਦਰ ਪੱਕੇ ਤੌਰ ‘ਤੇ ਨਿਊਜ਼ੀਲੈਂਡ ਲਈ ਉਡਾਣ ਭਰਨੀ ਸੀ। ਉਸ ਦੇ ਨਿਊਜ਼ੀਲੈਂਡ ਜਾਣ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਸਨ, ਪਰ ਇਸ ਤੋਂ ਠੀਕ ਪਹਿਲਾਂ ਹੋਈ ਇਸ ਅਚਾਨਕ ਛਾਪੇਮਾਰੀ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ।
ਸੂਤਰਾਂ ਅਨੁਸਾਰ, ਰਿਸ਼ਤੇਦਾਰ ਨੂੰ ਅਕਸਰ ਕੈਬਨਿਟ ਮੰਤਰੀ ਨਾਲ ਵੱਖ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਸਮਾਗਮਾਂ ਵਿੱਚ ਦੇਖਿਆ ਜਾਂਦਾ ਸੀ। ਉਹ ਹਮੇਸ਼ਾ ਮੰਤਰੀ ਦੇ ਨਾਲ ਰਹਿੰਦਾ ਸੀ ਅਤੇ ਕਥਿਤ ਤੌਰ ‘ਤੇ ਉਨ੍ਹਾਂ ਦੇ ਸਾਰੇ ਕਾਰੋਬਾਰਾਂ, ਵਿੱਤੀ ਮਾਮਲਿਆਂ ਅਤੇ ਹੋਰ ਦੇਖ-ਰੇਖ ਦੇ ਕੰਮਾਂ ਨੂੰ ਖੁਦ ਸੰਭਾਲਦਾ ਸੀ। ਈਡੀ ਦੀ ਇਸ ਕਾਰਵਾਈ ਤੋਂ ਬਾਅਦ ਵਿਰੋਧੀ ਧਿਰਾਂ ਨੂੰ ਵੀ ਸਿਆਸੀ ਘੇਰਾਬੰਦੀ ਕਰਨ ਦਾ ਮੌਕਾ ਮਿਲ ਗਿਆ ਹੈ, ਜਦਕਿ ਇਲਾਕੇ ਵਿੱਚ ਇਸ ਗੱਲ ਦੀ ਚਰਚਾ ਜ਼ੋਰਾਂ ‘ਤੇ ਹੈ ਕਿ ਜਾਂਚ ਏਜੰਸੀ ਨੂੰ ਕਿਹੜੇ ਵਿੱਤੀ ਲੈਣ-ਦੇਣ ਦੇ ਸੁਰਾਗ ਮਿਲੇ ਹਨ? ਈਡੀ ਵੱਲੋਂ ਫਿਲਹਾਲ ਇਸ ਮਾਮਲੇ ‘ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
















