Join WhatsApp

Join Now

ਨਿੱਜੀ ਚੈਨਲ ਵੱਲੋਂ ਕਵਰੇਜ ਤੋੜ-ਮਰੋੜ ਕੇ ਦਿਖਾਉਣ ਦਾ ਦੋਸ਼! ਸਰਵ ਆਂਗਣਵਾੜੀ ਯੂਨੀਅਨ ਨੇ ਭੇਜਿਆ ਕਾਨੂੰਨੀ ਨੋਟਿਸ, 15 ਦਿਨਾਂ ਵਿੱਚ ਜਵਾਬ ਮੰਗਿਆ

On: November 23, 2026 2:15 PM

 

ਨਿੱਜੀ ਚੈਨਲ ਵੱਲੋਂ ਕਵਰੇਜ ਤੋੜ-ਮਰੋੜ ਕੇ ਦਿਖਾਉਣ ਦਾ ਦੋਸ਼! ਸਰਵ ਆਂਗਣਵਾੜੀ ਯੂਨੀਅਨ ਨੇ ਭੇਜਿਆ ਕਾਨੂੰਨੀ ਨੋਟਿਸ, 15 ਦਿਨਾਂ ਵਿੱਚ ਜਵਾਬ ਮੰਗਿਆ

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਇਕੱਠ ਨੂੰ ਹਰਗੋਬਿੰਦ ਕੌਰ ਦਾ ਇਕੱਠ ਦਿਖਾਉਣ ’ਤੇ ਭਾਰੀ ਰੋਸ; ਸੂਬਾ ਕਮੇਟੀ ਨੇ ਪਾਸ ਕੀਤਾ ਮਤਾ

ਚੰਡੀਗੜ੍ਹ, 23 ਨਵੰਬਰ 2026: ਸਰਵ ਆਂਗਣਵਾੜੀ ਯੂਨੀਅਨ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਨਿੱਜੀ ਟੀਵੀ ਚੈਨਲ ’ਤੇ ਖ਼ਬਰ ਨੂੰ ਤੋੜ-ਮਰੋੜ ਕੇ ਅਤੇ ਗਲਤ ਢੰਗ ਨਾਲ ਪੇਸ਼ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦੱਸਿਆ ਕਿ 16 ਨਵੰਬਰ 2026 ਨੂੰ ਸਰਵ ਆਂਗਣਵਾੜੀ ਯੂਨੀਅਨ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਵੱਲ ਵਧਦਿਆਂ ਪਟਿਆਲਾ-ਸੰਗਰੂਰ ਹਾਈਵੇਅ ’ਤੇ ਵੱਡਾ ਅਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਦੌਰਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।

ਬਰਿੰਦਰਜੀਤ ਕੌਰ ਛੀਨਾ ਮੁਤਾਬਕ, ਇਸ ਰੋਸ ਪ੍ਰਦਰਸ਼ਨ ਦੀ ਕਵਰੇਜ ਇੱਕ ਨਿੱਜੀ ਚੈਨਲ ਵੀ ਵੱਲੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਉਨ੍ਹਾਂ ਦੀ ਅਤੇ ਉਨ੍ਹਾਂ ਦੀ ਜਥੇਬੰਦੀ ਦੀ ਇੰਟਰਵਿਊ ਤੇ ਨਾਮ ਦਰਜ ਕੀਤੇ ਗਏ, ਪਰ ਜਦੋਂ ਖ਼ਬਰ ਚੈਨਲ ’ਤੇ ਪ੍ਰਸਾਰਿਤ ਹੋਈ ਤਾਂ ਉਹ ਬਿਲਕੁਲ ਉਲਟ ਅਤੇ ਗੁੰਮਰਾਹਕੁੰਨ ਸੀ। ਉਨ੍ਹਾਂ ਦੋਸ਼ ਲਾਇਆ ਕਿ ਕਵਰੇਜ ਸਰਵ ਆਂਗਣਵਾੜੀ ਯੂਨੀਅਨ ਦੇ ਪ੍ਰਦਰਸ਼ਨ ਦੀ ਕੀਤੀ ਗਈ, ਪਰ ਖ਼ਬਰ ਵਿੱਚ ਹਰਗੋਬਿੰਦ ਕੌਰ ਨੂੰ ਹਾਈਲਾਈਟ ਕੀਤਾ ਗਿਆ, ਜੋ ਕਿ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਅਤੇ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਦੱਸੀ ਜਾਂਦੀ ਹੈ।

ਸੂਬਾ ਪ੍ਰਧਾਨ ਛੀਨਾ ਨੇ ਕਿਹਾ ਕਿ ਖ਼ਬਰ ਦੇ ਨਾਲ ਹਰਗੋਬਿੰਦ ਕੌਰ ਦਾ ਨਾਮ ਅਤੇ ਉਸ ਦੀ ਇੰਟਰਵਿਊ ਚਲਾ ਕੇ ਜਥੇਬੰਦੀ ਦੇ ਸੰਘਰਸ਼ ਅਤੇ ਇਕੱਠ ਨੂੰ ਗਲਤ ਰੰਗਤ ਦਿੱਤੀ ਗਈ। ਇਸ ਘਟਨਾ ਤੋਂ ਬਾਅਦ 17 ਨਵੰਬਰ ਨੂੰ ਸੂਬਾ ਕਮੇਟੀ ਦੀ ਹੰਗਾਮੀ ਮੀਟਿੰਗ ਸੱਦੀ ਗਈ, ਜਿਸ ਵਿੱਚ ਚੈਨਲ ਦੇ ਇਸ ਰਵੱਈਏ ਖ਼ਿਲਾਫ਼ ਸਖ਼ਤ ਨਰਾਜ਼ਗੀ ਪ੍ਰਗਟਾਈ ਗਈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਸੰਘਰਸ਼ ਅਤੇ ਇਕੱਠ ਨੂੰ ਕਿਸੇ ਹੋਰ ਜਥੇਬੰਦੀ ਜਾਂ ਆਗੂ ਦੇ ਨਾਮ ਨਾਲ ਜੋੜ ਕੇ ਦਿਖਾਇਆ ਗਿਆ।

ਬਰਿੰਦਰਜੀਤ ਕੌਰ ਛੀਨਾ ਨੇ ਦੋਸ਼ ਲਗਾਇਆ ਕਿ ਇਹ ਸਭ ਜਾਣਬੁੱਝ ਕੇ ਕੀਤਾ ਗਿਆ ਹੈ, ਜਿਸ ਨਾਲ ਆਂਗਣਵਾੜੀ ਵਰਕਰਾਂ, ਹੈਲਪਰਾਂ ਅਤੇ ਖਾਸ ਕਰਕੇ ਉਨ੍ਹਾਂ ਦੇ ਮਾਣ-ਸਨਮਾਨ ਨੂੰ ਗਹਿਰੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਚੈਨਲ ਦੇ ਸਿਆਸੀ ਸਬੰਧਾਂ ਅਤੇ ਚਲਾਕੀ ਕਾਰਨ ਸੱਚਾਈ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੂਬਾ ਕਮੇਟੀ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਚੈਨਲ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਗਿਆ ਅਤੇ ਅਦਾਲਤੀ ਲੜਾਈ ਲੜਨ ਦੇ ਸਮੁੱਚੇ ਅਧਿਕਾਰ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੂੰ ਸੌਂਪੇ ਗਏ।

ਇਸੇ ਫ਼ੈਸਲੇ ਤਹਿਤ ਉਕਤ ਚੈਨਲ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਹੈ ਅਤੇ 15 ਦਿਨਾਂ ਦੇ ਅੰਦਰ ਜਵਾਬ ਤਲਬ ਕੀਤਾ ਗਿਆ ਹੈ। ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਚੈਨਲ ਪ੍ਰਬੰਧਨ ਵੱਲੋਂ 15 ਦਿਨਾਂ ਦੇ ਅੰਦਰ ਆਪਣੀ ਗਲਤੀ ਸਵੀਕਾਰ ਕਰਦਿਆਂ ਮਾਫ਼ੀ ਨਾ ਮੰਗੀ ਗਈ ਤਾਂ ਜਥੇਬੰਦੀ ਵੱਲੋਂ ਅਦਾਲਤ ਵਿੱਚ ਨਵਾਂ ਕੇਸ ਦਾਇਰ ਕਰਕੇ ਕਾਨੂੰਨੀ ਕਾਰਵਾਈ ਹੋਰ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ, ਪਰ ਜਦੋਂ ਖ਼ਬਰਾਂ ਦੀ ਥਾਂ ਪੱਖਪਾਤੀ ਅਤੇ ਗਲਤ ਜਾਣਕਾਰੀ ਪਰੋਸੀ ਜਾਂਦੀ ਹੈ ਤਾਂ ਇਹ ਆਮ ਲੋਕਾਂ ਅਤੇ ਮਿਹਨਤਕਸ਼ ਵਰਗ ਦੇ ਹੱਕਾਂ ਨਾਲ ਖਿਲਵਾੜ ਹੁੰਦਾ ਹੈ।

 

Leave a Comment