ਵੱਡੀ ਖ਼ਬਰ: ਗਮਾਡਾ ਦਫ਼ਤਰ ਬਾਹਰ AAP ਵਰਕਰਾਂ ਨੇ ਹੰਗਾਮਾ ਕਰਦਿਆਂ ਕੀਤੀ ਪੱਥਰਬਾਜ਼ੀ; ਪੁਲਿਸ ਨੇ ਲਾਠੀਚਾਰਜ ਕਰਕੇ ਕਈ ਆਗੂਆਂ ਨੂੰ ਲਿਆ ਹਿਰਾਸਤ ‘ਚ
ਮੋਹਾਲੀ, 24 ਸਤੰਬਰ 2026- ਮੋਹਾਲੀ ਸਥਿਤ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦਫ਼ਤਰ ਦੇ ਬਾਹਰ ਅੱਜ ਉਸ ਵੇਲੇ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ, ਜਦੋਂ ਆਮ ਆਦਮੀ ਪਾਰਟੀ (AAP) ਦੇ ਵਰਕਰਾਂ ਅਤੇ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਦਫ਼ਤਰ ਦੇ ਅੰਦਰ ED ਦੀ ਟੀਮ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ, ਜਿਸ ਦੇ ਰੋਸ ਵਿੱਚ ‘ਆਪ’ ਵਰਕਰਾਂ ਨੇ ਸਰਕਾਰ ਅਤੇ ਜਾਂਚ ਏਜੰਸੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨ ਦੌਰਾਨ ਹਾਲਾਤ ਉਸ ਸਮੇਂ ਵਿਗੜ ਗਏ ਜਦੋਂ ਉੱਥੇ ਮੌਜੂਦ ਪੁਲਿਸ ਬਲ ਨੇ ਵਰਕਰਾਂ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡਾਂ ਨੂੰ ਨਜ਼ਰਅੰਦਾਜ਼ ਕਰਦਿਆਂ ‘ਆਪ’ ਵਰਕਰ ਧੱਕਾ-ਮੁੱਕੀ ਕਰਦੇ ਹੋਏ ਅੱਗੇ ਵਧਣ ਲੱਗੇ। ਇਸ ਦੌਰਾਨ ਗੁੱਸੇ ਵਿੱਚ ਆਏ ਵਰਕਰਾਂ ਨੇ ਗਮਾਡਾ ਦਫ਼ਤਰ ਦੀ ਇਮਾਰਤ ਵੱਲ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਨਾਲ ਮਾਹੌਲ ਹੋਰ ਵੀ ਖ਼ਰਾਬ ਹੋ ਗਿਆ। ਇਮਾਰਤ ‘ਤੇ ਪੱਥਰ ਸੁੱਟੇ ਜਾਣ ਤੋਂ ਬਾਅਦ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਸਥਿਤੀ ‘ਤੇ ਕਾਬੂ ਪਾਉਣ ਲਈ ਪ੍ਰਦਰਸ਼ਨਕਾਰੀਆਂ ‘ਤੇ ਹਲਕਾ ਲਾਠੀਚਾਰਜ ਕੀਤਾ ਅਤੇ ਉਨ੍ਹਾਂ ਨੂੰ ਪਿੱਛੇ ਧਕੇਲ ਦਿੱਤਾ।
ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਮੌਕੇ ‘ਤੇ ਭਗਦੜ ਵਰਗਾ ਮਾਹੌਲ ਬਣ ਗਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹੰਗਾਮਾ ਕਰ ਰਹੇ ਅਤੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਕਈ ‘ਆਪ’ ਆਗੂਆਂ ਅਤੇ ਵਰਕਰਾਂ ਨੂੰ ਮੌਕੇ ‘ਤੇ ਹੀ ਹਿਰਾਸਤ (ਡਿਟੇਨ) ਵਿੱਚ ਲੈ ਲਿਆ, ਤਾਂ ਜੋ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਿਆ ਜਾ ਸਕੇ।
ਦੂਜੇ ਪਾਸੇ, ਪ੍ਰਦਰਸ਼ਨ ਅਤੇ ਹੰਗਾਮੇ ਦੇ ਬਾਵਜੂਦ ਗਮਾਡਾ ਦਫ਼ਤਰ ਦੇ ਅੰਦਰ ਈਡੀ ਦੀ ਛਾਪੇਮਾਰੀ ਲਗਾਤਾਰ ਜਾਰੀ ਹੈ। ਈਡੀ ਦੇ ਅਧਿਕਾਰੀ ਦਫ਼ਤਰ ਦੇ ਅੰਦਰ ਦਸਤਾਵੇਜ਼ਾਂ ਅਤੇ ਰਿਕਾਰਡਾਂ ਦੀ ਜਾਂਚ ਕਰ ਰਹੇ ਹਨ। ਦਫ਼ਤਰ ਦੇ ਬਾਹਰ ਪੁਲਿਸ ਵੱਲੋਂ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਹਨ ਅਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ‘ਆਪ’ ਨੇਤਾਵਾਂ ਦਾ ਦੋਸ਼ ਹੈ ਕਿ ਇਹ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਹੈ।
















