“ਅਸੀਂ ਡਰਨ ਵਾਲੇ ਨਹੀਂ”! ਭਤੀਜੇ ਦੇ ਘਰ ED ਦੀ ਛਾਪੇਮਾਰੀ ਮਗਰੋਂ ਬੋਲੇ ਮੰਤਰੀ ਮੁੰਡੀਆਂ, ਕੇਂਦਰ ‘ਤੇ ਲਾਏ ਏਜੰਸੀਆਂ ਦੀ ਦੁਰਵਰਤੋਂ ਦੇ ਦੋਸ਼, ਬਿੱਟੂ ਨੂੰ ਵੀ ਦਿੱਤਾ ਠੋਕਵਾਂ ਜਵਾਬ
ਰਵਨੀਤ ਬਿੱਟੂ ਦੇ ‘ਅਮਰੀਕਾ ਭੱਜਣ’ ਵਾਲੇ ਦਾਅਵੇ ‘ਤੇ ਮੁੰਡੀਆਂ ਦਾ ਪਲਟਵਾਰ- ਮੈਂ ਚੰਡੀਗੜ੍ਹ ਵਿੱਚ ਬੈਠ ਕੇ ਪ੍ਰੈੱਸ ਕਾਨਫਰੰਸ ਕਰ ਰਿਹਾ ਹਾਂ!
ਚੰਡੀਗੜ੍ਹ, 24 ਸਤੰਬਰ 2026- ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੇਂਦਰੀ ਏਜੰਸੀ ED ਦੀ ਰੇਡ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਵੱਲੋਂ ਲਗਾਏ ਗਏ ਦੋਸ਼ਾਂ ‘ਤੇ ਤਿੱਖਾ ਪਲਟਵਾਰ ਕੀਤਾ ਹੈ। ਚੰਡੀਗੜ੍ਹ ਦੇ ਸੈਕਟਰ 39 ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਮੁੰਡੀਆਂ ਨੇ ਸਪੱਸ਼ਟ ਕੀਤਾ ਕਿ ਉਹ ਪੰਜਾਬ ਛੱਡ ਕੇ ਕਿਤੇ ਨਹੀਂ ਭੱਜੇ, ਸਗੋਂ ਚੰਡੀਗੜ੍ਹ ਵਿੱਚ ਹੀ ਮੌਜੂਦ ਹਨ। ਉਹਨਾਂ ਨੇ ਰਵਨੀਤ ਬਿੱਟੂ ‘ਤੇ ਤੰਜ ਕੱਸਦਿਆਂ ਕਿਹਾ ਕਿ ਬਿੱਟੂ ਦੀ “ਟਰੈਵਲ ਏਜੰਸੀ” ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਜੋ ਰਾਤੋ-ਰਾਤ ਬਿਨਾਂ ਵਜ੍ਹਾ ਉਹਨਾਂ ਨੂੰ ਅਮਰੀਕਾ ਭੇਜਣ ਦੀਆਂ ਝੂਠੀਆਂ ਅਫ਼ਵਾਹਾਂ ਫੈਲਾ ਰਹੀ ਸੀ।
ਮੰਤਰੀ ਮੁੰਡੀਆਂ ਨੇ ਦੱਸਿਆ ਕਿ ਬੀਤੇ ਦਿਨ ਈਡੀ ਨੇ ਲੁਧਿਆਣਾ ਵਿਖੇ ਉਹਨਾਂ ਦੇ ਭਤੀਜੇ ਗੁਰਪ੍ਰੀਤ ਸਿੰਘ ਪ੍ਰਿੰਸ ਦੀ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ ਸੀ। ਉਹਨਾਂ ਖੁਲਾਸਾ ਕੀਤਾ ਕਿ ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 3 ਵਜੇ ਤੱਕ ਚੱਲੀ ਲੰਮੀ ਤਲਾਸ਼ੀ ਦੌਰਾਨ ਈਡੀ ਦੀ ਟੀਮ ਨੂੰ ਘਰ ਵਿੱਚੋਂ ਕੁਝ ਵੀ ਸ਼ੱਕੀ ਜਾਂ ਗੈਰ-ਕਾਨੂੰਨੀ ਬਰਾਮਦ ਨਹੀਂ ਹੋਇਆ। ਘਰ ਵਿੱਚੋਂ ਮਹਿਜ਼ 2000 ਰੁਪਏ ਹੀ ਮਿਲੇ। ਈਡੀ ਵੱਲੋਂ ਪਰਿਵਾਰ ਨੂੰ ਦਿੱਤੇ ਪੰਚਨਾਮੇ ਵਿੱਚ ਵੀ ਸਾਫ਼ ਲਿਖਿਆ ਗਿਆ ਹੈ ਕਿ ਕੋਈ ਵੀ ਇਤਰਾਜ਼ਯੋਗ ਦਸਤਾਵੇਜ਼ ਜਾਂ ਨਕਦੀ ਜ਼ਬਤ ਨਹੀਂ ਕੀਤੀ ਗਈ।
ਪ੍ਰੈੱਸ ਕਾਨਫਰੰਸ ਦੌਰਾਨ ਹਰਦੀਪ ਸਿੰਘ ਮੁੰਡੀਆਂ ਗੁੱਸੇ ਵਿੱਚ ਨਜ਼ਰ ਆਏ। ਉਹਨਾਂ ਦੋਸ਼ ਲਾਇਆ ਕਿ ਜਾਂਚ ਦੇ ਨਾਂ ‘ਤੇ ਪਰਿਵਾਰ ਦੇ ਮੈਂਬਰਾਂ ਨੂੰ ਮਾਨਸਿਕ ਤੌਰ ‘ਤੇ ਉਲਝਾਇਆ ਗਿਆ। ਉਹਨਾਂ ਦੱਸਿਆ ਕਿ ਘਰ ‘ਚ ਮੌਜੂਦ 3 ਸਾਲ ਦੀ ਮਾਸੂਮ ਬੱਚੀ ਨੂੰ ਘੰਟਿਆਂ-ਬੱਧੀ ਦੁੱਧ ਅਤੇ ਖਾਣ-ਪੀਣ ਦੀਆਂ ਚੀਜ਼ਾਂ ਤੋਂ ਵਾਂਝਾ ਰੱਖਿਆ ਗਿਆ। ਇਸ ਤੋਂ ਇਲਾਵਾ, ਇੱਕ ਮਹੀਨੇ ਦੇ ਨਵਜੰਮੇ ਬੱਚੇ ਦੀ ਮਾਂ ਨੂੰ ਵੀ ਪਰੇਸ਼ਾਨ ਕੀਤਾ ਗਿਆ ਅਤੇ ਭਤੀਜੇ ਦੀ ਗਰਭਵਤੀ ਪਤਨੀ ਨੂੰ ਲਗਾਤਾਰ ਸਾਢੇ ਚਾਰ ਘੰਟੇ ਖੜ੍ਹਾ ਰੱਖਿਆ ਗਿਆ।
ਮੁੰਡੀਆਂ ਅਨੁਸਾਰ, ED ਅਧਿਕਾਰੀਆਂ ਨੇ ਪਰਿਵਾਰਕ ਮੈਂਬਰਾਂ ‘ਤੇ ਇਹ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਮੰਤਰੀ ਨੂੰ ਆਮ ਆਦਮੀ ਪਾਰਟੀ ਛੱਡਣ ਲਈ ਕਹਿਣ। ਉਹਨਾਂ ਦੋਸ਼ਾਂ ‘ਚ ਇਹ ਵੀ ਕਿਹਾ ਕਿ ਈਡੀ ਦੇ ਨਾਲ ਆਏ ਕੁਝ ਲੋਕ ਸ਼ਰਾਬ ਦੇ ਨਸ਼ੇ ਵਿੱਚ ਸਨ ਅਤੇ ਬਿਨਾਂ ਲੇਡੀ ਪੁਲਿਸ ਤੋਂ ਜ਼ਬਰਦਸਤੀ ਦਰਵਾਜ਼ੇ ਤੋੜ ਕੇ ਅੰਦਰ ਦਾਖਲ ਹੋਏ ਸਨ। ਕੈਬਨਿਟ ਮੰਤਰੀ ਨੇ ਕੇਂਦਰ ਸਰਕਾਰ ਅਤੇ ਭਾਜਪਾ ‘ਤੇ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ BJP ਨੂੰ ਨਕਾਰ ਦਿੱਤਾ ਹੈ, ਜਿਸ ਤੋਂ ਘਬਰਾ ਕੇ ਹੁਣ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਹੋਰਨਾਂ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਡਰਾਉਣ-ਧਮਕਾਉਣ ਦੀ ਰਾਜਨੀਤੀ ਚਲਾਈ ਜਾ ਰਹੀ ਹੈ।
ਮੁੰਡੀਆਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਤੇ ਭਰੋਸਾ ਜਤਾਉਂਦਿਆਂ ਕਿਹਾ ਕਿ “ਆਪ” ਦੇ ਆਗੂ ਅਤੇ ਵਰਕਰ “ਕੱਟੜ ਇਮਾਨਦਾਰ” ਸਿਪਾਹੀ ਹਨ। ਉਹਨਾਂ ਕਿਹਾ ਕਿ ਦਿੱਲੀ ਵਿੱਚ ਵੀ ਸਾਡੇ ਸੀਨੀਅਰ ਨੇਤਾਵਾਂ ਨੂੰ ਝੂਠੇ ਕੇਸਾਂ ਵਿੱਚ ਜੇਲ੍ਹ ਭੇਜਿਆ ਗਿਆ ਸੀ, ਪਰ ਅਦਾਲਤਾਂ ਨੇ ਉਹਨਾਂ ਨੂੰ ਬਰੀ ਕੀਤਾ। ਪੰਜਾਬੀ ਅਜਿਹੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਭਾਜਪਾ ਦੀ ਇਸ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦੇਣਗੇ।
















