ਅਧਿਆਪਕਾਂ ਤੋਂ ਤਰੱਕੀਆਂ ਦੌਰਾਨ ਖੋਹਿਆ ਸਟੇਸ਼ਨ ਚੋਣ ਦਾ ਹੱਕ! DTF ਨੇ ਚੁੱਕੇ ਸਵਾਲ
ਮੁਹਾਲੀ 29 ਸਤੰਬਰ 2026- ਪੰਜਾਬੀ ਦੀ ਕਹਾਵਤ ਉੱਠ ਦੇ ਬੁੱਲ੍ਹ ਵਾਂਗੂੰ ਲਟਕਦੀਆਂ ਤਰੱਕੀਆਂ ਆਖਰ ਤਰੱਕੀ ਯਾਫ਼ਤਾ ਅਧਿਆਪਕਾਂ ਲਈ ਜੀਅ ਦਾ ਜੰਜਾਲ ਬਣ ਗਈਆਂ ਹਨ। ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਵਿਭਾਗ ਦੀ ਤਰੱਕੀ ਨੀਤੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਟੇਸ਼ਨ ਚੋਣ ਅਧਿਆਪਕਾਂ ਦਾ ਹੱਕ ਹੈ।
ਪ੍ਰੰਤੂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਅਫ਼ਸਰਸ਼ਾਹੀ ਹੱਕ ਖੋਹਣ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਤਰੱਕੀਆਂ ਕਰਨ ਸਮੇਂ ਅਧਿਆਪਕਾਂ ਨੂੰ ਦੂਰ ਦੁਰਾਡੇ ਆਪਣੇ ਪਿੱਤਰੀ ਜ਼ਿਲ੍ਹਿਆਂ ਤੋਂ 200 ਤੋਂ 250 ਕਿਲੋਮੀਟਰ ਦੂਰ ਸਟੇਸ਼ਨ ਦਿੱਤੇ ਗਏ ਹਨ।
ਜੱਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸੁੱਖੀ, ਸੂਬਾ ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀਕੇ, ਜੱਥੇਬੰਦਕ ਸਕੱਤਰ ਦਲਜੀਤ ਸਮਰਾਲਾ, ਵਿੱਤ ਸਕੱਤਰ ਜਸਵਿੰਦਰ ਸਿੰਘ ਅਤੇ ਸਹਾਇਕ ਪ੍ਰੈੱਸ ਸਕੱਤਰ ਰਾਜਵਿੰਦਰ ਬੈਹਣੀਵਾਲ ਦੋਸ਼ ਲਾਇਆ ਕਿ ਵਾਰ ਵਾਰ ਸੂਬਾ ਪੱਧਰੀ ਵਫ਼ਦ ਵੱਲੋਂ ਸਿੱਖਿਆ ਮੰਤਰੀ ਅਤੇ ਡਾਇਰੈਕਟਰ ਸਕੂਲ ਸਿੱਖਿਆ ਨੂੰ ਮਿਲ ਕੇ ਅਧਿਆਪਕਾਂ ਦੀਆਂ ਤਰੱਕੀਆਂ ਪਾਰਦਰਸ਼ੀ ਢੰਗ ਨਾਲ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ।
ਪ੍ਰੰਤੂ ਅਫ਼ਸਰਸ਼ਾਹੀ ਵੱਲੋਂ ਜਥੇਬੰਦੀ ਦੀਆਂ ਅਪੀਲਾਂ ਦਲੀਲਾਂ ਨੂੰ ਦਰਕਿਨਾਰ ਕਰਦਿਆਂ ਮਨਮਾਨੇ ਢੰਗ ਨਾਲ ਅਧਿਆਪਕਾਂ ਨੂੰ ਤਰੱਕੀਆਂ ਦੀ ਥਾਂ ਸਜਾ ਦਿੱਤੀ ਗਈ ਹੈ। ਸੂਬਾ ਆਗੂਆਂ ਨੇ ਕਿਹਾ ਵਿਭਾਗ ਦੀ ਮਨਮਰਜੀ ਦਾ ਜੱਥੇਬੰਦਕ ਢੰਗ ਨਾਲ ਜੁਆਬ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਸੁਖਪਾਲਜੀਤ ਮੋਗਾ, ਚਰਨਜੀਤ ਕਪੂਰਥਲਾ, ਬਲਰਾਮ ਜੀਰਾ, ਸੁਖਵਿੰਦਰ ਪ੍ਰੀਤ ਸਿੰਘ, ਅਵਤਾਰ ਲਾਲ, ਬਲਜਿੰਦਰ ਬਠਿੰਡਾ, ਜਗਵਿੰਦਰ ਸਿੰਘ, ਕਰਮਜੀਤ ਤਾਮਕੋਟ, ਹਰਜਿੰਦਰ ਅਨੂਪਗੜ੍ਹ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਆਗੂ ਹਾਜ਼ਰ ਸਨ।
















