ਪ੍ਰਕਾਸ਼ ਪ੍ਰਭਾਕਰ ਦੀ ਪੁਸਤਕ ‘ਵਨ ਉਪਵਨ’ ਲੋਕ ਅਰਪਣ ਅਤੇ ਕਾਵਿ-ਚੇਤਨਾ ਨੂੰ ਸਮਰਪਿਤ ਗੋਸ਼ਟੀ
ਪੰਜਾਬ ਨੈੱਟਵਰਕ
ਚੰਡੀਗੜ੍ਹ, 29 ਸਤੰਬਰ: ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਨਾਦ ਪ੍ਰਗਾਸੁ, ਸ੍ਰੀ ਅੰਮ੍ਰਿਤਸਰ ਵੱਲੋਂ ਸਾਂਝੇ ਤੌਰ ’ਤੇ ਪ੍ਰਸਿੱਧ ਕਵੀ ਸਵ. ਪ੍ਰਕਾਸ਼ ਪ੍ਰਭਾਕਰ ਦੀ ਕਾਵਿ-ਰਚਨਾ ’ਤੇ ਕੇਂਦਰਿਤ ਪੁਸਤਕ ਲੋਕ ਅਰਪਣ ਅਤੇ ਗੋਸ਼ਟੀ ਦਾ ਆਯੋਜਨ ਪੰਜਾਬ ਯੂਨੀਵਰਸਿਟੀ ਦੇ ਆਈ.ਸੀ.ਐੱਸ.ਐੱਸ.ਆਰ. ਹਾਲ ਵਿਖੇ ਕੀਤਾ ਗਿਆ। ਇਸ ਮੌਕੇ ਪ੍ਰਕਾਸ਼ ਪ੍ਰਭਾਕਰ ਦੀਆਂ ਕਵਿਤਾਵਾਂ ਦੀ ਸੰਪਾਦਿਤ ਪੁਸਤਕ ‘ਵਨ ਉਪਵਨ’ ਨੂੰ ਲੋਕ ਅਰਪਣ ਕੀਤਾ ਗਿਆ।
ਪ੍ਰੋਗਰਾਮ ਦੇ ਆਰੰਭ ਵਿੱਚ ਪ੍ਰੋ. ਪਰਮਜੀਤ ਕੌਰ ਸਿੱਧੂ, ਮੁਖੀ, ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਸਮੂਹ ਮਹਿਮਾਨਾਂ, ਵਿਦਵਾਨਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪ੍ਰਕਾਸ਼ ਪ੍ਰਭਾਕਰ ਦੀ ਕਵਿਤਾ ਆਪਣੀ ਸਹਿਜਤਾ, ਵਿਲੱਖਣਤਾ ਅਤੇ ਡੂੰਘੀ ਸੰਵੇਦਨਾ ਕਰਕੇ ਪਾਠਕ ਨੂੰ ਆਪਣੇ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਲੰਮੇ ਅੰਤਰਾਲ ਤੋਂ ਬਾਅਦ ਉਨ੍ਹਾਂ ਦੀ ਕਵਿਤਾ ’ਤੇ ਹੋ ਰਹੀ ਇਹ ਚਰਚਾ ਉਨ੍ਹਾਂ ਦੀ ਕਾਵਿ-ਵਿਰਾਸਤ ਨੂੰ ਨਵੇਂ ਸੰਦਰਭਾਂ ਵਿੱਚ ਸਮਝਣ ਦਾ ਮੌਕਾ ਪ੍ਰਦਾਨ ਕਰੇਗੀ। ਇਸ ਉਪਰੰਤ ਸਵ. ਪ੍ਰਕਾਸ਼ ਪ੍ਰਭਾਕਰ ਦੀ ਧਰਮਪਤਨੀ ਨੇ ਉਨ੍ਹਾਂ ਦੇ ਜੀਵਨ ਨਾਲ ਜੁੜੇ ਭਾਵੁਕ ਪਲਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਕਾਵਿਕ ਸਫ਼ਰ ਅਤੇ ਰਚਨਾਤਮਕ ਜੀਵਨ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ‘ਵਨ ਉਪਵਨ’ ਦੇ ਸੰਪਾਦਕ ਸੰਦੀਪ ਸ਼ਰਮਾ ਨੇ ਪੁਸਤਕ ਦੀ ਸੰਪਾਦਨਾ ਦੀ ਪ੍ਰਕਿਰਿਆ ਅਤੇ ਪ੍ਰਕਾਸ਼ ਪ੍ਰਭਾਕਰ ਦੀ ਕਵਿਤਾ ਦੇ ਵੱਖ-ਵੱਖ ਪੱਖਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸ ਪੁਸਤਕ ਰਾਹੀਂ ਪ੍ਰਭਾਕਰ ਦੀ ਕਾਵਿ-ਦ੍ਰਿਸ਼ਟੀ ਅਤੇ ਰਚਨਾਤਮਕ ਵਿਰਾਸਤ ਨੂੰ ਨਵੇਂ ਪਾਠਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ।
ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਪ੍ਰੋ. ਗੁਰਪਾਲ ਸਿੰਘ ਸੰਧੂ ਨੇ ਕਿਹਾ ਕਿ ਪ੍ਰਕਾਸ਼ ਪ੍ਰਭਾਕਰ ਦੀ ਕਵਿਤਾ ਵਿੱਚ ਸਿਧਾਂਤ ਅਤੇ ਨੇਮਾਂ ਨਾਲ ਜੁੜੇ ਅਨੇਕਾਂ ਸਵਾਲਾਂ ਦੇ ਜਵਾਬ ਤਲਾਸ਼ੇ ਜਾ ਸਕਦੇ ਹਨ। ਉਨ੍ਹਾਂ ਨੇ ਪ੍ਰਭਾਕਰ ਜੀ ਨਾਲ ਆਪਣੀ ਨਿੱਜੀ ਸਾਂਝ ਅਤੇ ਯਾਦਾਂ ਨੂੰ ਵੀ ਸਾਂਝਾ ਕੀਤਾ। ਪ੍ਰੋ. ਯੋਗਰਾਜ ਅੰਗਰਿਸ਼ ਨੇ ਪ੍ਰਭਾਕਰ ਦੀ ਕਵਿਤਾ ਵਿੱਚ ਮੌਜੂਦ ਮਾਸੂਮੀਅਤ ਅਤੇ ਰੂਹਾਨੀਅਤ ਨੂੰ ਰੇਖਾਂਕਿਤ ਕਰਦਿਆਂ ਇਸ ਦੇ ਵਿਲੱਖਣ ਕਾਵਿ-ਸੁਭਾਅ ਬਾਰੇ ਵਿਚਾਰ ਪ੍ਰਗਟ ਕੀਤੇ। ਪ੍ਰੋ. ਸਰਬਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕਵਿਤਾ ਆਧੁਨਿਕ ਤੇਵਰ ਵਾਲੀ ਕਵਿਤਾ ਹੈ, ਜੋ ਪਾਠਕ ਨੂੰ ਅਰਥਾਂ ਦੀ ਸਿਰਜਣਾ ਲਈ ਵੱਡੀ ਆਜ਼ਾਦੀ ਪ੍ਰਦਾਨ ਕਰਦੀ ਹੈ। ਡਾ. ਪ੍ਰਵੀਨ ਕੁਮਾਰ ਨੇ ਪ੍ਰਭਾਕਰ ਦੀ ਕਵਿਤਾ ਨੂੰ ‘ਪ੍ਰੇਮ ਦੀ ਕਵਿਤਾ’ ਦੱਸਦਿਆਂ ਇਸ ਵਿੱਚ ਮੌਜੂਦ ਮਨੁੱਖੀ ਸੰਵੇਦਨਾ ਨੂੰ ਉਜਾਗਰ ਕੀਤਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪਹੁੰਚੇ ਪ੍ਰੋ. ਰਜਿੰਦਰਪਾਲ ਬਰਾੜ ਨੇ ਪ੍ਰਕਾਸ਼ ਪ੍ਰਭਾਕਰ ਨਾਲ ਜੁੜੀਆਂ ਆਪਣੀਆਂ ਜੀਵਨ-ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਕਿਸੇ ਖਾਸ ਸਮੇਂ ਜਾਂ ਵਕਤ ਦੇ ਕਵੀ ਨਹੀਂ ਸਨ, ਸਗੋਂ ਸ਼ਖ਼ਸੀਅਤ ਅਤੇ ਕਾਵਿ-ਦ੍ਰਿਸ਼ਟੀ ਪੱਖੋਂ ਪਰਪੱਕ ਕਵੀ ਸਨ। ਵਿਚਾਰ-ਚਰਚਾ ਦੌਰਾਨ ਡਾ. ਇਮਰਤਪਾਲ ਸਿੰਘ, ਡਾ. ਅਮਰਜੀਤ ਸਿੰਘ, ਅਲਮਿੱਤਰਾ ਪ੍ਰਭਾਕਰ, ਇਸਿਜ ਪ੍ਰਭਾਕਰ, ਡਾ. ਦਵਿੰਦਰ ਸਿੰਘ ਅਤੇ ਹੀਰਾ ਸਿੰਘ ਨੇ ਵੀ ਸਰਗਰਮੀ ਨਾਲ ਭਾਗ ਲੈਂਦਿਆਂ ਪ੍ਰਕਾਸ਼ ਪ੍ਰਭਾਕਰ ਦੀ ਕਵਿਤਾ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਨਾਲ ਜੁੜੇ ਵੱਖ-ਵੱਖ ਪੱਖਾਂ ’ਤੇ ਆਪਣੇ ਵਿਚਾਰ ਪੇਸ਼ ਕੀਤੇ।
ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋ. ਜਗਦੀਸ਼ ਸਿੰਘ, ਡਾਇਰੈਕਟਰ, ਨਾਦ ਪ੍ਰਗਾਸੁ, ਸ੍ਰੀ ਅੰਮ੍ਰਿਤਸਰ ਨੇ ਸਮਾਗਮ ਵਿੱਚ ਸ਼ਾਮਲ ਸਮੂਹ ਵਿਦਵਾਨਾਂ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਡਾ. ਹਰਕਮਲਪ੍ਰੀਤ ਸਿੰਘ ਨੇ ਬਾਖੂਬੀ ਨਿਭਾਈ।
ਇਸ ਸਾਹਿਤਕ ਸਮਾਗਮ ਵਿੱਚ ਖੋਜਾਰਥੀਆਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਸਵ. ਪ੍ਰਕਾਸ਼ ਪ੍ਰਭਾਕਰ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਾਹਿਤ-ਪ੍ਰੇਮੀਆਂ ਨੇ ਵੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ‘ਵਨ ਉਪਵਨ’ ਦੇ ਲੋਕ ਅਰਪਣ ਨਾਲ ਪ੍ਰਕਾਸ਼ ਪ੍ਰਭਾਕਰ ਦੀ ਕਾਵਿ-ਵਿਰਾਸਤ ਨੂੰ ਮੁੜ ਸਾਹਿਤਕ ਸੰਵਾਦ ਦੇ ਕੇਂਦਰ ਵਿੱਚ ਲਿਆਉਣ ਦਾ ਇੱਕ ਮਹੱਤਵਪੂਰਨ ਉਪਰਾਲਾ ਹੋਇਆ।















