ਸਿੱਖਿਆ ਕ੍ਰਾਂਤੀ ਦੀ ਖੁੱਲੀ ਪੋਲ: ਸਕੂਲਾਂ ਦੇ ਵਿਕਾਸ ਲਈ ਆਈਆਂ ਗ੍ਰਾਂਟਾ ਦਾ ਪੈਸਾ ਫਸਿਆ, ਅਧਿਆਪਕ ਜੇਬਾਂ ‘ਚੋਂ ਖਰਚ ਚੁੱਕੇ ਹਨ ਕਰੋੜਾਂ ਰੁਪਏ- ਡੀ ਟੀ ਐਫ਼
ਚੰਡੀਗੜ੍ਹ/ਮੋਹਾਲੀ, 18 ਨਵੰਬਰ 2026- ਸਿੱਖਿਆ ਦੀਆਂ ਕਾਇਆ ਕਲਪ ਕਰਨ ਵਾਲੇ ਦਾਅਵੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਟਰਮ ਖ਼ਤਮ ਹੋਣ ਦਾ ਲਗਭਗ ਸਵਾ ਕ ਮਹੀਨਾ ਰਹਿ ਗਿਆ ਹੈ, ਜਿਸ ਕਾਰਨ ਸਕੂਲ ਮੁਖੀਆਂ ਦੇ ਸਾਂਹ ਸੂਤੇ ਪਏ ਹਨ। ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਦੱਸਿਆ ਕਿ ਸਕੂਲਾਂ ਵਿੱਚ ਚਾਰਦੀਵਾਰੀ, ਕਮਰਿਆਂ ਦੀ ਰਿਪੇਅਰ,ਰੰਗ ਰੋਗਣ ਅਤੇ ਹੋਰ ਕੰਮਾਂ ਲਈ ਆਈਆਂ ਗ੍ਰਾਂਟਾ ਦਾ ਕਰੋੜਾਂ ਰੁਪਏ ਡੀ ਐੱਸ ਈ, ਡੀ ਈ ਓਜ਼ ਅਤੇ ਖਜ਼ਾਨਾ ਦਫਤਰਾਂ ਦੀਆਂ ਫ਼ਾਇਲਾਂ ਵਿੱਚ ਫਸਿਆ ਪਿਆ ਹੈ, ਅਧਿਆਪਕ ਆਪਣੀਆਂ ਜੇਬਾਂ ਵਿੱਚੋ ਕਰੋੜਾਂ ਰੁਪਏ ਖਰਚ ਕੇ ਇਹ ਕੰਮ ਕਰਵਾ ਚੁੱਕੇ ਹਨ।
ਅਧਿਆਪਕ ਚਿੰਤਾ ਵਿੱਚ ਹਨ ਕਿ ਕਿਸੇ ਵੇਲੇ ਵੀ ਚੋਣ ਜ਼ਾਬਤਾ ਲੱਗ ਸਕਦਾ ਹੈ ਤਾਂ ਇਹ ਪੈਸੇ ਦਾ ਜਿੰਮੇਵਾਰ ਕੌਣ ਹੋਵੇਗਾ। ਆਗੂਆਂ ਨੇ ਦੱਸਿਆ ਕਿ ਇਸ ਨਵੇਂ ਸਿਸਟਮ ਤਹਿਤ ਸਕੂਲਾਂ ਨੂੰ ਉਪਰੋਕਤ ਕੰਮ ਕਰਵਾ ਕੇ ਬਿਲ ਬਣਾ ਕੇ ਡੀ ਈ ਓਜ਼ ਦਫਤਰਾਂ ਨੂੰ ਦੇਣੇ ਹੁੰਦੇ ਹਨ ਉਸਤੋਂ ਬਾਅਦ ਹੀ ਇਹ ਪੈਸੇ ਸਕੂਲਾਂ ਦੇ ਖਾਤਿਆਂ ਵਿੱਚ ਆਉਂਦੇ ਹਨ। ਉਹਨਾਂ ਦੱਸਿਆ ਕਿ ਸਕੂਲ ਮੁੱਖੀ ਦੁਕਾਨਦਾਰਾਂ ਤੋਂ ਉਸਾਰੀ ਦਾ ਸਮਾਨ ਆਪਣੀ ਜਿੰਮੇਵਾਰੀ ‘ਤੇ ਚੁੱਕ ਲੈਂਦੇ ਹਨ, ਪਰ ਲੰਬਾ ਸਮਾਂ ਇਹਨਾਂ ਗ੍ਰਾਂਟਾ ਦਾ ਪੈਸਾ ਨਾ ਆਉਣ ‘ਤੇ ਦੁਕਾਨਦਾਰਾਂ ਨੂੰ ਆਪਣੇ ਕੋਲੋਂ ਪੈਸੇ ਦੇਣੇ ਪੈਂਦੇ ਹਨ। ਇਸ ਤੋਂ ਇਲਾਵਾ ਉਸਾਰੀ ਮਿਸਤਰੀ ਅਤੇ ਮਜ਼ਦੂਰ ਨੂੰ ਤਾਂ ਰੋਜਾਨਾ ਹੀ ਉਸਦੀ ਬਣਦੀ ਦਿਹਾੜੀ ਦੇਣੀ ਪੈਂਦੀ ਹੈ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ, ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ,ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਦੱਸਿਆ ਕਿ ਇਸੇ ਤਰਾਂ ਹੀ ਮਿਡ ਡੇ ਮੀਲ ਦੀ ਰਾਸ਼ੀ ਵੀ ਡੀ ਐੱਸ ਈ, ਡੀ ਈ ਓਜ਼ ਅਤੇ ਖਜ਼ਾਨਾ ਦਫਤਰਾਂ ਦੇ ਚੱਕਰ ਕੱਟ ਰਹੀ ਹੈ। ਇਸ ਨਵੇਂ ਸਿਸਟਮ ਬਿੱਲਾਂ ਉਪਰ ਅਨੇਕਾਂ ਤਰਾਂ ਦੇ ਇਤਰਾਜ ਲਾ ਕੇ ਵਾਪਿਸ ਕਰ ਦਿੱਤੇ ਜਾਂਦੇ ਹਨ। ਅਧਿਆਪਕਾਂ ਵੱਲੋਂ ਜੇਬਾਂ ਚੋਂ ਖਰਚ ਕੀਤੇ ਮਿਡ ਡੇ ਮੀਲ ਦੇ ਲੱਖਾਂ ਰੁਪਏ ਰੁਪਏ ਵੀ ਇਸੇ ਤਰਾਂ ਸਰਕਾਰੀ ਘੁੰਮਣਘੇਰੀ ‘ਚ ਫਸੇ ਹੋਏ ਹਨ।
ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕਾਂ ਵੱਲੋਂ ਸਕੂਲਾਂ ਦੇ ਵਿਕਾਸ ਲਈ ਖਰਚ ਕੀਤੇ ਪੈਸੇ ਅਤੇ ਮਿਡ ਡੇ ਮੀਲ ਡੇ ਖਰਚ ਕੀਤੇ ਪੈਸੇ ਤੁਰੰਤ ਸਕੂਲਾਂ ਦੇ ਖਾਤਿਆਂ ਵਿੱਚ ਪਾਏ ਜਾਣ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਨਵੇਂ ਸਿਸਟਮ ਨੂੰ ਬੰਦ ਕਰਕੇ ਪਹਿਲਾਂ ਦੀ ਤਰਾਂ ਸਕੂਲਾਂ ਦੇ ਖਾਤਿਆਂ ਵਿੱਚ ਗਰਾਂਟ ਦੀ ਰਕਮ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਪਾਈ ਜਾਇਆ ਕਰੇ।
















