ਬਹਿਰੀਨ ਵਾਲੀ ਬੀਬੀ ਅਤੇ ਚਾਵਲਾ ਕੇਸ ‘ਚ SGPC ਦਾ ਵੱਡਾ ਖੁਲਾਸਾ; ਜਾਂਚ ਕਮੇਟੀ ਦੀ ਰਿਪੋਰਟ ਕੀਤੀ ਤੱਥਾਂ ਸਮੇਤ ਜਨਤਕ
ਬਹਿਰੀਨ ਵਾਲੀ ਬੀਬੀ ਨੂੰ ਦਿੱਤੀ 1 ਲੱਖ ਦੀ ਆਰਥਿਕ ਮਦਦ ‘ਤੇ ਬੋਲੇ ਧਾਮੀ: “ਅੰਤਰਿੰਗ ਕਮੇਟੀ ਦੇ ਫੈਸਲੇ ਅਤੇ ਮੈਡੀਕਲ ਅਪੀਲ ਦੇ ਆਧਾਰ ‘ਤੇ ਧਰਮ ਅਰਥ ਫੰਡ ‘ਚੋਂ ਦਿੱਤੀ ਗਈ ਸੀ ਰਾਹਤ”
“ਸੰਸਥਾ ਨੂੰ ਬਦਨਾਮ ਕਰਨ ਲਈ ਚਲਾਇਆ ਜਾ ਰਿਹੈ ਮੀਡੀਆ ਤੇ ਸੋਸ਼ਲ ਮੀਡੀਆ ਟ੍ਰਾਇਲ” -ਹਰਜਿੰਦਰ ਸਿੰਘ ਧਾਮੀ ਨੇ ਪਟਿਆਲਾ ਪੁਲਿਸ ਜਾਂਚ ‘ਤੇ ਚੁੱਕੇ ਸਵਾਲ
ਐੱਸਜੀਪੀਸੀ ਪ੍ਰਧਾਨ ਧਾਮੀ ਦੀ ਸੀਬੀਆਈ ਜਾਂਚ ਦੀ ਮੰਗ: ਕਿਹਾ- ‘ਸੱਚ ਸਾਹਮਣੇ ਲਿਆਉਣ ਲਈ ਨਿਰਪੱਖ ਜਾਂਚ ਜ਼ਰੂਰੀ, ਰਿਕਾਰਡ ਨਾਲ ਹੋਈਆਂ ਛੇੜਛਾੜਾਂ ਆਈਆਂ ਸਾਹਮਣੇ’
ਸਰਾਵਾਂ ਦੇ ਰਿਕਾਰਡ ਵਿੱਚ “ਜਾਲਸਾਜ਼ੀ” ਅਤੇ ਕਟਿੰਗ ਦਾ ਪਰਦਾਫਾਸ਼: ਐੱਸਜੀਪੀਸੀ ਜਾਂਚ ਕਮੇਟੀ ਨੇ ਪੁਲਿਸ ਅੱਗੇ ਰੱਖੇ ਸਾਰੇ ਸਬੂਤ ਤੇ ਰਜਿਸਟਰ
ਅੰਮ੍ਰਿਤਸਰ/ਚੰਡੀਗੜ੍ਹ, 6 ਅਕਤੂਬਰ 2026- ਬਹਿਰੀਨ ਵਾਲੀ ਬੀਬੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਨਾਲ ਜੁੜੇ ਮਾਮਲੇ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇੱਕ ਮਹੱਤਵਪੂਰਨ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਧਾਨ ਧਾਮੀ ਨੇ ਇਸ ਚਰਚਿਤ ਕੇਸ ਦੀ ਜਾਂਚ ਲਈ ਬਣਾਈ ਗਈ ਚਾਰ ਮੈਂਬਰੀ ਕਮੇਟੀ ਦੀ ਮੁਢਲੀ ਰਿਪੋਰਟ ਜਨਤਕ ਕਰਦਿਆਂ ਕਈ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਸਾਰੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਮਹਾਨ ਧਾਰਮਿਕ ਸੰਸਥਾ ਅਤੇ ਇਸ ਦੇ ਅਹੁਦੇਦਾਰਾਂ ਦੀ ਕਿਰਦਾਰਕੁਸ਼ੀ ਕਰਨ ਲਈ ਇੱਕ ਯੋਜਨਾਬੱਧ ਢੰਗ ਨਾਲ ਸੋਸ਼ਲ ਮੀਡੀਆ ਅਤੇ ਮੀਡੀਆ ਟ੍ਰਾਇਲ ਚਲਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਮਨੋਰਥ ਸੰਸਥਾ ਨੂੰ ਕਮਜ਼ੋਰ ਕਰਨਾ ਹੈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਅਮਰਜੀਤ ਸਿੰਘ ਚਾਵਲਾ ਅਤੇ ਬਹਿਰੀਨ ਵਾਲੀ ਬੀਬੀ ਦੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਇੱਕ ਚਾਰ ਮੈਂਬਰੀ ਵਿਸ਼ੇਸ਼ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਨੂੰ ਆਪਣੀ ਰਿਪੋਰਟ ਪੇਸ਼ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ। ਅੱਜ ਉਸ ਜਾਂਚ ਕਮੇਟੀ ਨੇ ਆਪਣੀ ਮੁਕੰਮਲ ਰਿਪੋਰਟ ਉਨ੍ਹਾਂ ਨੂੰ ਸੌਂਪ ਦਿੱਤੀ ਹੈ, ਜਿਸ ਦੇ ਸਾਰੇ ਤੱਥ, ਦਸਤਾਵੇਜ਼ ਅਤੇ ਰਿਕਾਰਡ ਉਹ ਸੰਗਤ ਅਤੇ ਮੀਡੀਆ ਦੇ ਸਾਹਮਣੇ ਰੂਬਰੂ ਕਰ ਰਹੇ ਹਨ।
ਧਾਮੀ ਨੇ ਕਿਹਾ ਕਿ ਅਸੀਂ ਤਾਂ ਪੂਰੀ ਪਾਰਦਰਸ਼ਤਾ ਨਾਲ ਨਿਯਮਾਂ ਅਨੁਸਾਰ ਕਾਰਵਾਈ ਕਰ ਰਹੇ ਹਾਂ, ਪਰ ਦੂਜੇ ਪਾਸੇ ਪੁਲਿਸ ਤਫ਼ਤੀਸ਼ ਦੌਰਾਨ ਗੁਪਤ ਰੱਖੀਆਂ ਜਾਣ ਵਾਲੀਆਂ ਗੱਲਾਂ ਨੂੰ ਰੋਜ਼ਾਨਾ ਨਵੇਂ ਰੂਪ ਵਿੱਚ ਬਾਹਰ ਕੱਢ ਕੇ ਮੀਡੀਆ ਟ੍ਰਾਇਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ AAP ਵੱਲੋਂ ਰੋਜ਼ਾਨਾ ਨਵੇਂ-ਨਵੇਂ ਤੱਥ ਪੇਸ਼ ਕੀਤੇ ਜਾ ਰਹੇ ਹਨ, ਕੀ ਉਨ੍ਹਾਂ ਨੂੰ ਕਿਸੇ ਨੇ ਇਸ ਗੱਲ ਲਈ ਅਧਿਕਾਰਤ ਕੀਤਾ ਹੈ? ਉਨ੍ਹਾਂ ਸ਼ੰਕਾ ਜ਼ਾਹਰ ਕੀਤੀ ਕਿ ਅਜਿਹੇ ਮਾਹੌਲ ਵਿੱਚ ਪਟਿਆਲਾ ਤੋਂ ਸੱਚ ਕਿਵੇਂ ਬਾਹਰ ਆ ਸਕਦਾ ਹੈ?
ਐੱਸਜੀਪੀਸੀ ਪ੍ਰਧਾਨ ਨੇ ਆਪਣੇ ਬਿਆਨ ਵਿੱਚ ਬਹੁਤ ਹੀ ਜ਼ੋਰਦਾਰ ਢੰਗ ਨਾਲ ਸੀਬੀਆਈ ਜਾਂਚ ਦੀ ਆਪਣੀ ਪੁਰਾਣੀ ਮੰਗ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਜਦੋਂ ਇਸ ਮਾਮਲੇ ਵਿੱਚ ਪਰਚਾ ਦਰਜ ਹੋਇਆ ਸੀ, ਉਹ ਉਸੇ ਦਿਨ ਤੋਂ ਹੀ ਕਹਿ ਰਹੇ ਹਨ ਕਿ ਇਸ ਕੇਸ ਦੀ ਤਫ਼ਤੀਸ਼ ਸੀਬੀਆਈ (CBI) ਦੇ ਹਵਾਲੇ ਕੀਤੀ ਜਾਵੇ। ਆਪਣੇ ਦਾਅਵੇ ਦੇ ਹੱਕ ਵਿੱਚ ਇਤਿਹਾਸਕ ਅਤੇ ਕਾਨੂੰਨੀ ਮਿਸਾਲਾਂ ਦਿੰਦਿਆਂ ਧਾਮੀ ਨੇ ਕਿਹਾ, “ਪੰਜਾਬ ਦੇ ਇਤਿਹਾਸ ਵਿੱਚ ਜਦੋਂ ਵੱਡੇ ਪੱਧਰ ‘ਤੇ ਬੇਕਸੂਰ ਲੋਕਾਂ ਦਾ ਘਾਣ ਹੋਇਆ ਸੀ, ਉਦੋਂ ਵੀ ਪੁਲਿਸ ਅਧਿਕਾਰੀਆਂ ਦੀਆਂ ਸ਼ੱਕੀ ਤਫ਼ਤੀਸ਼ਾਂ ਤੋਂ ਬਾਅਦ ਮਾਮਲੇ ਸੀਬੀਆਈ ਨੂੰ ਦਿੱਤੇ ਗਏ ਸਨ। ਮਾਣਯੋਗ ਸੁਪਰੀਮ ਕੋਰਟ ਨੇ ਕਾਨੂੰਨੀ ਜਾਬਤੇ (CRPC) ਤੋਂ ਉੱਪਰ ਉੱਠ ਕੇ ਫੈਸਲਾ ਦਿੱਤਾ ਸੀ, ਜਿਸ ਤੋਂ ਬਾਅਦ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਵਰਗੇ ਮਾਮਲਿਆਂ ਵਿੱਚ ਸੱਚ ਸਾਹਮਣੇ ਆਇਆ ਅਤੇ ਦੋਸ਼ੀ ਪੁਲਿਸ ਵਾਲੇ ਅੱਜ ਜੇਲ੍ਹਾਂ ਵਿੱਚ ਬੰਦ ਹਨ।”
ਧਾਮੀ ਨੇ ਕਿਹਾ ਕਿ ਅੱਜ ਵੀ ਹਾਈਕੋਰਟ ਵਿੱਚ ਅਜਿਹੇ ਕਈ ਫੈਸਲੇ ਹੋ ਰਹੇ ਹਨ। ਇਹ ਬਹੁਤ ਹੀ ਸੰਜੀਦਾ ਅਤੇ ਸੀਰੀਅਸ ਮਸਲਾ ਹੈ। ਜੇਕਰ ਸੱਚ ਸਾਹਮਣੇ ਨਾ ਆਇਆ ਤਾਂ ਇਹ ਸਿਰਫ਼ ਹਰਜਿੰਦਰ ਸਿੰਘ ਧਾਮੀ ਦੀ ਕਿਰਦਾਰਕੁਸ਼ੀ ਨਹੀਂ ਹੋਵੇਗੀ, ਬਲਕਿ ਸਿੱਖਾਂ ਦੀ ਇਸ ਮਹਾਨ ਸੰਸਥਾ ‘ਤੇ ਬਹੁਤ ਵੱਡਾ ਹਮਲਾ ਹੋਵੇਗਾ। ਪ੍ਰੈੱਸ ਕਾਨਫਰੰਸ ਦੌਰਾਨ ਪ੍ਰਧਾਨ ਧਾਮੀ ਨੇ ਅਸਲ ਰਜਿਸਟਰ ਮੀਡੀਆ ਦੇ ਸਾਹਮਣੇ ਰੱਖਦਿਆਂ ਬਹਿਰੀਨ ਵਾਲੀ ਬੀਬੀ ਦੇ ਵੱਖ-ਵੱਖ ਸਰਾਵਾਂ ਵਿੱਚ ਠਹਿਰਨ ਦੀਆਂ ਤਾਰੀਖ਼ਾਂ ਅਤੇ ਐਂਟਰੀਆਂ ਦਾ ਵੇਰਵਾ ਦਿੱਤਾ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਲਗਾਏ ਜਾ ਰਹੇ ਇਸ ਦੋਸ਼ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਬੀਬੀ ਲਗਾਤਾਰ ਛੇ ਮਹੀਨੇ ਤੱਕ ਸਰਾਅ ਵਿੱਚ ਰਹੀ ਹੈ।
ਉਨ੍ਹਾਂ ਸ੍ਰੀ ਅਨੰਦਪੁਰ ਸਾਹਿਬ (ਤਖ਼ਤ ਸ੍ਰੀ ਕੇਸਗੜ੍ਹ ਸਾਹਿਬ), ਗੁਰਦੁਆਰਾ ਅੰਬ ਸਾਹਿਬ (ਮੋਹਾਲੀ) ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਦੀਆਂ ਸਰਾਵਾਂ ਦੇ ਸਰਟੀਫਾਈਡ ਰਿਕਾਰਡ ਦੇ ਹਵਾਲੇ ਨਾਲ ਦੱਸਿਆ, ਸ੍ਰੀ ਅਨੰਦਪੁਰ ਸਾਹਿਬ (ਤਖ਼ਤ ਸ੍ਰੀ ਕੇਸਗੜ੍ਹ ਸਾਹਿਬ) ਦੀਆਂ ਐਂਟਰੀਆਂ-7 ਦਸੰਬਰ ਤੋਂ 9 ਦਸੰਬਰ 2025: ਕਮਰਾ ਨੰਬਰ 38 (2 ਵਿਅਕਤੀ)। 9 ਦਸੰਬਰ ਤੋਂ 11 ਦਸੰਬਰ: ਕਮਰਾ ਨੰਬਰ 38 (2 ਵਿਅਕਤੀ)। 9 ਦਸੰਬਰ ਤੋਂ 21 ਦਸੰਬਰ: ਕਮਰਾ ਨੰਬਰ 36 (2 ਵਿਅਕਤੀ, ਨਿਰਧਾਰਿਤ ਕਿਰਾਇਆ ਅਦਾ ਕੀਤਾ ਗਿਆ)। 28 ਦਸੰਬਰ ਤੋਂ 29 ਦਸੰਬਰ 2025: ਕਮਰਾ ਨੰਬਰ 20 (7 ਵਿਅਕਤੀ, 1000 ਰੁਪਏ ਜਮ੍ਹਾਂ)। 30 ਦਸੰਬਰ ਤੋਂ 1 ਜਨਵਰੀ (2026): 1 ਵਿਅਕਤੀ। 22 ਜਨਵਰੀ ਤੋਂ 24 ਜਨਵਰੀ: 2 ਵਿਅਕਤੀ (ਕਿਰਾਇਆ ਦਿੱਤਾ ਗਿਆ)। 1 ਫਰਵਰੀ ਤੋਂ 4 ਫਰਵਰੀ (2026): ਕਮਰਾ ਨੰਬਰ 38 (5 ਵਿਅਕਤੀ, 1500 ਰੁਪਏ ਭਰੇ)।
ਗੁਰਦੁਆਰਾ ਅੰਬ ਸਾਹਿਬ (ਮੋਹਾਲੀ) ਦੀਆਂ ਸਰਾਵਾਂ ਦੇ ਵਿਚ 14 ਮਈ ਤੋਂ 15 ਮਈ 2026: 2 ਵਿਅਕਤੀ, 9 ਸਤੰਬਰ ਤੋਂ 11 ਸਤੰਬਰ: 2 ਦਿਨ, 2 ਵਿਅਕਤੀ– ਵਿਚਸੱਚਖੰਡ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ – ਸ੍ਰੀ ਗੁਰੂ ਅਰਜਨ ਦੇਵ ਨਿਵਾਸ) 19 ਮਾਰਚ ਤੋਂ 20 ਮਾਰਚ, 5 ਅਪ੍ਰੈਲ ਤੋਂ 6 ਅਪ੍ਰੈਲ, 5 ਜੁਲਾਈ (ਇੱਕ ਦਿਨ), 23 ਜੂਨ ਤੋਂ 25 ਜੂਨ, 6 ਜੁਲਾਈ ਤੋਂ 7 ਜੁਲਾਈ, 14 ਜੁਲਾਈ ਤੋਂ 16 ਜੁਲਾਈ, 22 ਜੁਲਾਈ ਤੋਂ 24 ਜੁਲਾਈ, ਅਤੇ 30 ਜੁਲਾਈ ਤੋਂ 31 ਜੁਲਾਈ ਤੱਕ ਵੱਖ-ਵੱਖ ਤਾਰੀਖ਼ਾਂ ਵਿੱਚ ਬੀਬੀ ਇੱਥੇ ਰਹੀ। ਧਾਮੀ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਐਂਟਰੀਆਂ ਤੋਂ ਸਾਫ਼ ਹੁੰਦਾ ਹੈ ਕਿ ਬੀਬੀ ਨੇ ਸਰਾਵਾਂ ਵਿੱਚ ਰਹਿਣ ਲਈ ਨਿਯਮਾਂ ਅਨੁਸਾਰ ਬਕਾਇਦਾ ਪੈਸੇ/ਕਿਰਾਇਆ ਭਰਿਆ ਹੈ। ਕੋਈ ਵੀ ਸ਼ਰਧਾਲੂ ਪੈਸੇ ਦੇ ਕੇ ਸਰਾਅ ਵਿੱਚ ਕਮਰਾ ਲੈ ਸਕਦਾ ਹੈ। ਛੇ ਮਹੀਨੇ ਲਗਾਤਾਰ ਰਹਿਣ ਦੇ ਇਲਜ਼ਾਮ ਬਿਲਕੁਲ ਝੂਠੇ ਅਤੇ ਬੇਬੁਨਿਆਦ ਹਨ।
ਪ੍ਰੈੱਸ ਕਾਨਫਰੰਸ ਦਾ ਸਭ ਤੋਂ ਵੱਡਾ ਮੁੱਦਾ ਰਜਿਸਟਰ ਵਿੱਚ ਕੀਤੀ ਗਈ ਜਾਲ੍ਹਸਾਜ਼ੀ ਦਾ ਸੀ। ਧਾਮੀ ਨੇ ਰਜਿਸਟਰ ਦਿਖਾਉਂਦਿਆਂ ਦੱਸਿਆ ਕਿ ਇੱਕ ਸਾਜ਼ਿਸ਼ ਤਹਿਤ ਛੇ ਮਹੀਨੇ ਲਗਾਤਾਰ ਠਹਿਰਨ ਦਾ ਝੂਠਾ ਲਿੰਕ ਬਣਾਉਣ ਲਈ ਰਿਕਾਰਡ ਨਾਲ ਛੇੜਛਾੜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਜਿਸਟਰ ਵਿੱਚ ਐਂਟਰੀ ਨੰਬਰ 246 ਨੂੰ ਕਲੋਜ਼ ਕਰਨ ਤੋਂ ਬਾਅਦ, ਜੋ ਦੋ ਸਾਲ ਪੁਰਾਣਾ ਰਿਕਾਰਡ ਸੀ, ਉਸ ਵਿੱਚ ਹੇਠਾਂ ਦਿੱਤੀ ਐਂਟਰੀ 247 ਨੂੰ ਕੱਟ ਕੇ 249 ਕੀਤਾ ਗਿਆ ਅਤੇ ਵਿਚਕਾਰ ਦੋ ਨਵੀਂਆਂ ਲਾਈਨਾਂ ਜ਼ਬਰਦਸਤੀ ਜੋੜੀਆਂ ਗਈਆਂ। ਇਸ ਇੱਕ ਗਲਤ ਐਂਟਰੀ ਨੂੰ ਸੈੱਟ ਕਰਨ ਲਈ ਅੱਗੇ ਐਂਟਰੀ ਨੰਬਰ 246 ਤੋਂ ਲੈ ਕੇ 281 ਤੱਕ ਦੀਆਂ ਸਾਰੀਆਂ ਐਂਟਰੀਆਂ ਵਿੱਚ ਕਟਿੰਗ (Overwriting/Cutting) ਕੀਤੀ ਗਈ।
ਧਾਮੀ ਨੇ ਦਾਅਵਾ ਕੀਤਾ ਕਿ ਜਾਂਚ ਕਮੇਟੀ ਨੇ ਜਦੋਂ ਇਸ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਐਂਟਰੀ ਬਾਅਦ ਵਿੱਚ (Afterward) ਫੋਰਜ ਕਰਕੇ ਪਾਈ ਗਈ ਹੈ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਬੀਬੀ ਛੇ ਮਹੀਨੇ ਲਗਾਤਾਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਮੁਲਾਜ਼ਮਾਂ ਕੋਲੋਂ ਵੀ ਪੁੱਛਗਿੱਛ ਕੀਤੀ ਹੈ ਅਤੇ ਇਸ ਲਿਖਾਈ (Handwriting) ਦੀ ਜਾਂਚ ਹੈਂਡਰਾਈਟਿੰਗ ਐਕਸਪਰਟ ਤੋਂ ਵੀ ਕਰਵਾਈ ਜਾ ਰਹੀ ਹੈ। ਇੰਟਰੋਗੇਸ਼ਨ ਦੌਰਾਨ ਇਹ ਸਾਰਾ ਸੱਚ ਸਾਹਮਣੇ ਆ ਜਾਵੇਗਾ ਕਿ ਇਹ ਜਾਲ੍ਹਸਾਜ਼ੀ ਕਿਸ ਦੇ ਕਹਿਣ ‘ਤੇ ਕੀਤੀ ਗਈ।
1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਪੂਰਾ ਸੱਚ
ਬਹਿਰੀਨ ਵਾਲੀ ਬੀਬੀ ਨੂੰ ਧਰਮ ਪ੍ਰਚਾਰ ਫੰਡ ‘ਚੋਂ 1 ਲੱਖ ਰੁਪਏ ਦੇਣ ਦੇ ਦੋਸ਼ਾਂ ‘ਤੇ ਸਪੱਸ਼ਟਤਾ ਦਿੰਦਿਆਂ ਪ੍ਰਧਾਨ ਧਾਮੀ ਨੇ ਅਸਲ ਦਸਤਾਵੇਜ਼ ਅਤੇ ਅਰਜ਼ੀ ਮੀਡੀਆ ਦੇ ਸਾਹਮਣੇ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਬੀਬੀ ਵੱਲੋਂ ਐੱਸਜੀਪੀਸੀ ਨੂੰ ਇੱਕ ਲਿਖਤੀ ਅਰਜ਼ੀ ਦਿੱਤੀ ਗਈ ਸੀ। ਅਰਜ਼ੀ ਨਾਲ ਉਸ ਦੀਆਂ ਮੈਡੀਕਲ ਰਿਪੋਰਟਾਂ ਲੱਗੀਆਂ ਹੋਈਆਂ ਸਨ, ਜਿਸ ਅਨੁਸਾਰ ਉਹ ਸਾਈਕਾਟ੍ਰਿਸਟ (ਮਾਨਸਿਕ ਰੋਗ) ਦੀ ਮਰੀਜ਼ ਸੀ। ਉਸ ਨੇ ਆਪਣੀ ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਕਿਸੇ ਵਧੀਆ ਹਸਪਤਾਲ ਤੋਂ ਇਲਾਜ ਕਰਵਾਉਣ ਲਈ ਆਰਥਿਕ ਮਦਦ ਦੀ ਗੁਹਾਰ ਲਗਾਈ ਸੀ।
ਧਾਮੀ ਨੇ ਦੱਸਿਆ, “ਇਹ ਅਰਜ਼ੀ ਅੰਤਰਿੰਗ ਕਮੇਟੀ (Executive Committee) ਵਿੱਚ ਰੱਖੀ ਗਈ ਸੀ। ਅੰਤਰਿੰਗ ਕਮੇਟੀ ਦੀ ਇਕੱਤਰਤਾ ਵਿੱਚ ਪ੍ਰਧਾਨ ਦੀ ਆਗਿਆ ਅਤੇ ਸਾਰੇ ਮੈਂਬਰਾਂ ਦੀ ਸਰਬਸੰਮਤੀ ਨਾਲ ਇਹ ਮਤਾ ਪਾਸ ਹੋਇਆ ਸੀ ਕਿ ਬੀਬੀ ਦੀ ਮਾੜੀ ਸਿਹਤ ਨੂੰ ਦੇਖਦਿਆਂ ਧਰਮ ਰਾਹਤ ਫੰਡ ਵਿੱਚੋਂ 1 ਲੱਖ ਰੁਪਏ ਦੀ ਮਦਦ ਦਿੱਤੀ ਜਾਵੇ।” ਧਾਮੀ ਨੇ ਸਵਾਲ ਕੀਤਾ ਕਿ ਜਦੋਂ ਅੰਤਰਿੰਗ ਕਮੇਟੀ ਨੇ ਆਨ-ਰਿਕਾਰਡ ਸਾਰਿਆਂ ਦੀ ਹਾਜ਼ਰੀ ਵਿੱਚ ਫੈਸਲਾ ਲਿਆ ਹੈ ਤਾਂ ਇਸ ਵਿੱਚ ਧਾਮੀ ਨੇ ਇਕੱਲੇ ਨੇ ਕੀ ਕਰ ਦਿੱਤਾ? ਉਨ੍ਹਾਂ ਕਿਹਾ ਕਿ ਐੱਸਜੀਪੀਸੀ ਹਮੇਸ਼ਾ ਹੀ ਲੋੜਵੰਦਾਂ, ਕੈਂਸਰ ਮਰੀਜ਼ਾਂ, ਗਰੀਬਾਂ, ਅਤੇ ਕੌਮੀ ਯੋਧਿਆਂ ਦੇ ਪਰਿਵਾਰਾਂ (ਜਿਵੇਂ ਬੰਦੀ ਸਿੰਘਾਂ, ਪ੍ਰਦੀਪ ਕਲੇਰ ਕੇਸ ਦੇ ਪੀੜਤਾਂ ਜਾਂ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ) ਦੀ ਆਰਥਿਕ ਮਦਦ ਕਰਦੀ ਆਈ ਹੈ। ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੋਂ ਕਦੇ ਕੋਈ ਖਾਲੀ ਨਹੀਂ ਮੁੜਦਾ।
ਆਪਣੇ ‘ਤੇ ਲੱਗ ਰਹੇ ਦੋਸ਼ਾਂ ਦਾ ਜਵਾਬ ਦਿੰਦਿਆਂ ਐਡਵੋਕੇਟ ਧਾਮੀ ਕਾਫ਼ੀ ਭਾਵੁਕ ਵੀ ਹੋਏ। ਉਨ੍ਹਾਂ ਕਿਹਾ ਕਿ ਕੁਝ ਲੋਕ ਉਨ੍ਹਾਂ ਨੂੰ ਕਮਜ਼ੋਰ ਸਮਝ ਰਹੇ ਹਨ, ਪਰ ਉਹ ਕਮਜ਼ੋਰ ਨਹੀਂ ਹਨ। ਉਨ੍ਹਾਂ ਆਪਣੇ ਪੁਰਾਣੇ ਸੰਘਰਸ਼ਾਂ ਨੂੰ ਯਾਦ ਕਰਦਿਆਂ ਦੱਸਿਆ, “ਜਦੋਂ ਪੰਜਾਬ ਵਿੱਚ ਖਾੜਕੂਵਾਦ ਦੌਰਾਨ ਹਿਊਮਨ ਰਾਈਟਸ ਦੀ ਲਿਸਟ ਆਈ ਸੀ ਕਿ ਇਨ੍ਹਾਂ ਵਕੀਲਾਂ ਨੂੰ ਪੁਲਿਸ ਮਾਰ ਸਕਦੀ ਹੈ, ਕਿਉਂਕਿ ਇਹ ਖਾੜਕੂ ਸਿੰਘਾਂ ਦੇ ਕੇਸ ਲੜਦੇ ਹਨ, ਪੰਜ ਵਕੀਲ ਮਾਰੇ ਵੀ ਗਏ ਸਨ, ਉਦੋਂ ਹੁਸ਼ਿਆਰਪੁਰ ਤੋਂ ਹਰਜਿੰਦਰ ਸਿੰਘ ਧਾਮੀ ਇਕੱਲਾ ਵਕੀਲ ਸੀ ਜੋ ਜਾਨ ਦੀ ਪਰਵਾਹ ਕੀਤੇ ਬਿਨਾਂ ਕੇਸ ਲੜਦਾ ਸੀ। ਜਦੋਂ ਰਿਬੇਰੋ ਕਾਂਡ ਹੋਇਆ ਸੀ, ਉਦੋਂ ਵੀ ਧਾਮੀ ਨੇ ਛਾਤੀ ਡਾਹ ਕੇ ਕੇਸ ਪੇਸ਼ ਕੀਤੇ ਸਨ। ਅਸੀਂ ਕੁਰਬਾਨੀਆਂ ਕੀਤੀਆਂ ਹਨ, ਪਰ ਕਦੇ ਮੁੱਲ ਨਹੀਂ ਮੰਗਿਆ।” ਉਨ੍ਹਾਂ ਕਿਹਾ ਕਿ ਜੇਕਰ ਮੇਰੇ ਵਿੱਚ ਕੋਈ ਨੁਕਸ ਹੋਵੇਗਾ ਤਾਂ ਮੈਂ ਕਬੂਲ ਕਰਾਂਗਾ, ਪਰ ਸੰਸਥਾ ਨੂੰ ਬਦਨਾਮ ਨਾ ਕੀਤਾ ਜਾਵੇ। ਜੇਕਰ ਪੁਲਿਸ ਦੀ ਤਫ਼ਤੀਸ਼ ਵਿੱਚ ਕੋਈ ਅਪਰਾਧਿਕ ਨੋਟਿਸ ਨਿਕਲਦਾ ਹੈ ਤਾਂ ਉਹ ਅਸਤੀਫ਼ਾ ਦੇਣ ਤੋਂ ਵੀ ਪਿੱਛੇ ਨਹੀਂ ਹਟਣਗੇ, ਪਰ ਬਿਨਾਂ ਵਜ੍ਹਾ ਸੋਸ਼ਲ ਮੀਡੀਆ ‘ਤੇ ਅਦਾਲਤ ਲਗਾ ਕੇ ਸੰਸਥਾ ਦਾ ਅਕਸ ਖਰਾਬ ਨਾ ਕੀਤਾ ਜਾਵੇ।
















