Join WhatsApp

Join Now

ਬਲਤੇਜ ਪੰਨੂ ਨੇ SGPC ਪ੍ਰਧਾਨ ਨੂੰ ਪੁੱਛਿਆ ਸਵਾਲ- ‘ਕੀ CM ਮਾਨ ਵਲੋਂ ਸੌਂਪਿਆ ਬੈਗ ਖੋਲ੍ਹਿਆ ਗਿਆ?’

On: October 6, 2026 3:18 PM

 

ਬਲਤੇਜ ਪੰਨੂ ਨੇ ਧਾਮੀ ਨੂੰ ਪੁੱਛਿਆ ਸਵਾਲ – ‘ਕੀ ਸੀਐੱਮ ਮਾਨ ਵਲੋਂ ਸੌਂਪਿਆ ਬੈਗ ਖੋਲ੍ਹਿਆ ਗਿਆ?’

ਅਨੰਦਪੁਰ ਸਾਹਿਬ ਸਰਾਂ ਮੁੱਦਾ: ਪੰਨੂ ਨੇ ਬਾਦਲ ਪਰਿਵਾਰ, ਮਜੀਠੀਆ ਅਤੇ ਵਿਰੋਧੀ ਧਿਰਾਂ ਦੀ ਚੁੱਪ ‘ਤੇ ਦਾਗੇ ਤਿੱਖੇ ਸਵਾਲ

ਚੰਡੀਗੜ੍ਹ, 6 ਅਕਤੂਬਰ 2026- ਆਮ ਆਦਮੀ ਪਾਰਟੀ (AAP) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅੱਜ ਚੰਡੀਗੜ੍ਹ ਵਿਖੇ ਇੱਕ ਅਹਿਮ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਉਨ੍ਹਾਂ ‘ਤੇ ਕੀਤੀ ਗਈ ਟਿੱਪਣੀ ਦਾ ਠੋਕਵਾਂ ਜਵਾਬ ਦਿੱਤਾ ਹੈ। ਪੰਨੂ ਨੇ ਸਪੱਸ਼ਟ ਕੀਤਾ ਕਿ ਉਹ ਸਾਰੀਆਂ ਸਿੱਖ ਸੰਸਥਾਵਾਂ ਦਾ ਦਿਲੋਂ ਸਤਿਕਾਰ ਕਰਦੇ ਹਨ, ਪਰ ਜਿਹੜੇ ਸਵਾਲ ਕੌਮ ਅਤੇ ਸੰਸਥਾਵਾਂ ਦੀ ਕਾਰਜਪ੍ਰਣਾਲੀ ‘ਤੇ ਖੜ੍ਹੇ ਹੁੰਦੇ ਹਨ, ਉਨ੍ਹਾਂ ਦਾ ਜਵਾਬ ਮਿਲਣਾ ਲਾਜ਼ਮੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਤੇਜ ਪੰਨੂ ਨੇ ਸ਼੍ਰੋਮਣੀ ਕਮੇਟੀ ਦੀ ਤੱਥ ਖੋਜ ਕਮੇਟੀ (Fact Finding Committee) ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਕਮੇਟੀ ਨੇ ਸਿਰਫ਼ 15 ਦਿਨਾਂ ਦੇ ਛੋਟੇ ਜਿਹੇ ਸਮੇਂ ਵਿੱਚ ਮਾਤਰ 4-5 ਰਜਿਸਟਰ ਫਰੋਲ ਕੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ, ਜੋ ਕਿ ਕਈ ਤਰ੍ਹਾਂ ਦੇ ਸੰਦੇਹ ਅਤੇ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਕਿਹਾ ਕਿ ਇੰਨੇ ਸੰਵੇਦਨਸ਼ੀਲ ਮੁੱਦੇ ‘ਤੇ ਇੰਨੀ ਜਲਦਬਾਜ਼ੀ ਵਿੱਚ ਤਿਆਰ ਕੀਤੀ ਰਿਪੋਰਟ ਦੀ ਨਿਸ਼ਪੱਖਤਾ ‘ਤੇ ਉਂਗਲ ਉੱਠਣਾ ਸੁਭਾਵਿਕ ਹੈ।

ਇਸ ਦੌਰਾਨ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਅਤੇ ਵਿਰੋਧੀ ਧਿਰਾਂ ਨੂੰ ਵੀ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਚੁੱਪ ‘ਤੇ ਹੈਰਾਨੀ ਪ੍ਰਗਟਾਉਂਦਿਆਂ ਪੁੱਛਿਆ ਕਿ ਉਹ ਇਸ ਪੂਰੇ ਮਾਮਲੇ ‘ਤੇ ਬੋਲਣ ਤੋਂ ਕਿਉਂ ਭੱਜ ਰਹੇ ਹਨ? ਇਸ ਤੋਂ ਇਲਾਵਾ ਉਨ੍ਹਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਸਮੇਤ ਹੋਰਨਾਂ ਵਿਰੋਧੀ ਪਾਰਟੀਆਂ ਦੇ ਆਗੂਆਂ ‘ਤੇ ਸ੍ਰੀ ਅਨੰਦਪੁਰ ਸਾਹਿਬ ਦੀ ਸਰਾਂ ਨਾਲ ਜੁੜੇ ਮਸਲੇ ‘ਤੇ ਧਾਰੀ ਚੁੱਪ ਲਈ ਤਿੱਖੇ ਹਮਲੇ ਕੀਤੇ।

ਧਾਰਮਿਕ ਆਸਥਾ ਦਾ ਜ਼ਿਕਰ ਕਰਦਿਆਂ ਪੰਨੂ ਨੇ ਕਿਹਾ, “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਾਰਿਆਂ ਦੇ ਮਾਈ-ਬਾਪ ਹਨ ਅਤੇ ਹਰ ਸ਼ਰਧਾਲੂ ਉੱਥੇ ਪੂਰੇ ਸਤਿਕਾਰ ਨਾਲ ਆਪਣਾ ਸਿਰ ਝੁਕਾਉਂਦਾ ਹੈ।” ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਿੱਖ ਸੰਸਥਾਵਾਂ ਦੇ ਮਸਲਿਆਂ ਨਾਲ ਸਬੰਧਤ ਸੌਂਪੇ ਗਏ ਬੈਗ ਦਾ ਮੁੱਦਾ ਮੁੜ ਉਭਾਰਦਿਆਂ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਸਵਾਲ ਕੀਤਾ ਕਿ ਕੀ ਮੁੱਖ ਮੰਤਰੀ ਵਲੋਂ ਦਿੱਤਾ ਗਿਆ ਉਹ ਬੈਗ ਅਜੇ ਤੱਕ ਖੋਲ੍ਹ ਕੇ ਵੇਖਿਆ ਵੀ ਗਿਆ ਹੈ ਜਾਂ ਨਹੀਂ?

 

More

Leave a Comment