Join WhatsApp

Join Now

AAP ਪੰਜਾਬ ਨੇ ਕੌਂਸਲਰ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ; ਪਾਰਟੀ ਵਿਰੋਧੀ ਗਤੀਵਿਧੀਆਂ ਦੇ ਲੱਗੇ ਦੋਸ਼!

On: October 14, 2026 3:58 PM

 

AAP ਪੰਜਾਬ ਨੇ ਕੌਂਸਲਰ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ; ਪਾਰਟੀ ਵਿਰੋਧੀ ਗਤੀਵਿਧੀਆਂ ਦੇ ਲੱਗੇ ਦੋਸ਼!

ਨਗਰ ਨਿਗਮ ਮੀਟਿੰਗ ਵਿੱਚ ਅਧਿਕਾਰੀਆਂ ਨੂੰ ਘੇਰਨਾ ਪਿਆ ਮਹਿੰਗਾ? ਨਿਧੀ ਗੁਪਤਾ ਨੂੰ ਪਾਰਟੀ ਵੱਲੋਂ 7 ਦਿਨਾਂ ਦਾ ਅਲਟੀਮੇਟਮ- ‘ਮੈਂ ਪਾਰਟੀ ਨਹੀਂ, ਸਿਰਫ਼ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਆਵਾਜ਼ ਚੁੱਕੀ’ – ਨੋਟਿਸ ਮਿਲਣ ਤੋਂ ਬਾਅਦ ਨਿਧੀ ਗੁਪਤਾ ਦਾ ਜਵਾਬ

ਚੰਡੀਗੜ੍ਹ/ਲੁਧਿਆਣਾ:

ਆਮ ਆਦਮੀ ਪਾਰਟੀ (AAP) ਪੰਜਾਬ ਨੇ ਅਨੁਸ਼ਾਸਨਹੀਣਤਾ ਅਤੇ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ਾਂ ਤਹਿਤ ਲੁਧਿਆਣਾ ਪੂਰਬੀ ਤੋਂ ਪਾਰਟੀ ਕੌਂਸਲਰ ਨਿਧੀ ਗੁਪਤਾ ਨੂੰ ਇੱਕ ਸਖ਼ਤ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਪਾਰਟੀ ਵੱਲੋਂ ਇਹ ਕਦਮ ਉਦੋਂ ਚੁੱਕਿਆ ਗਿਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਨਿਧੀ ਗੁਪਤਾ ਨੇ ਲੁਧਿਆਣਾ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਦੌਰਾਨ ਸਬੰਧਤ ਅਧਿਕਾਰੀਆਂ ਖ਼ਿਲਾਫ਼ ਮੋਰਚਾ ਖੋਲ੍ਹਿਆ ਸੀ।

ਤੇਰਾਂ ਅਕਤੂਬਰ ਨੂੰ ਜਾਰੀ ਕੀਤੇ ਗਏ ਇਸ ਨੋਟਿਸ ਵਿੱਚ ‘ਆਪ’ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵੱਲੋਂ ਕੌਂਸਲਰ ਨਿਧੀ ਗੁਪਤਾ ਨੂੰ ਤਾੜਨਾ ਕੀਤੀ ਗਈ ਹੈ। ਪਾਰਟੀ ਲੀਡਰਸ਼ਿਪ ਦਾ ਦੋਸ਼ ਹੈ ਕਿ ਗੁਪਤਾ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹਨ, ਵੱਖਰਾ ਧੜਾ ਬਣਾ ਰਹੀਆਂ ਹਨ ਅਤੇ ਸੂਬਾ ਲੀਡਰਸ਼ਿਪ ਨਾਲ ਤਾਲਮੇਲ ਬਣਾ ਕੇ ਕੰਮ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀਆਂ ਹਨ। ਪਾਰਟੀ ਨੇ ਉਨ੍ਹਾਂ ਨੂੰ ਨੋਟਿਸ ਮਿਲਣ ਤੋਂ ਸੱਤ ਦਿਨਾਂ ਦੇ ਅੰਦਰ-ਅੰਦਰ ਆਪਣਾ ਲਿਖਤੀ ਸਪੱਸ਼ਟੀਕਰਨ ਦੇਣ ਦੇ ਹੁਕਮ ਦਿੱਤੇ ਹਨ। ਨਾਲ ਹੀ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਦਾ ਜਵਾਬ ਤਸੱਲੀਬਖਸ਼ ਨਹੀਂ ਪਾਇਆ ਜਾਂਦਾ, ਤਾਂ ਪਾਰਟੀ ਵੱਲੋਂ ਉਨ੍ਹਾਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਹ ਸਾਰਾ ਵਿਵਾਦ ਸੋਮਵਾਰ ਨੂੰ ਲੁਧਿਆਣਾ ਨਗਰ ਨਿਗਮ ਦੀ ਹੋਈ ਜਨਰਲ ਹਾਊਸ ਮੀਟਿੰਗ ਤੋਂ ਤੁਰੰਤ ਬਾਅਦ ਭਖਿਆ ਹੈ। ਮੀਟਿੰਗ ਦੌਰਾਨ ਕੌਂਸਲਰ ਨਿਧੀ ਗੁਪਤਾ ਨੇ ਅਧਿਕਾਰੀਆਂ ਵੱਲੋਂ ਆਪਣੀ ਡਿਊਟੀ ਸਹੀ ਢੰਗ ਨਾਲ ਨਾ ਨਿਭਾਉਣ ਅਤੇ ਮੀਟਿੰਗ ਵਿੱਚੋਂ ਵਾਕਆਊਟ ਕਰਨ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। ਹਾਲਾਤ ਉਸ ਵੇਲੇ ਹੋਰ ਤਣਾਅਪੂਰਨ ਹੋ ਗਏ ਜਦੋਂ ਉਨ੍ਹਾਂ ਨੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਹਾਊਸ ਦੇ ਅੰਦਰ ਹੀ ਧਰਨਾ ਲਾ ਦਿੱਤਾ। ਮੀਟਿੰਗ ਵਿੱਚ ਮਕੈਨੀਕਲ ਸਵੀਪਿੰਗ ਅਤੇ 1,208 ਸਫਾਈ ਕਰਮਚਾਰੀਆਂ ਦੇ ਠੇਕੇ ਵਿੱਚ ਵਾਧੇ ਜਿਹੇ ਅਹਿਮ ਏਜੰਡਿਆਂ ਨੂੰ ਲੈ ਕੇ ਭਾਰੀ ਗਰਮਾ-ਗਰਮੀ ਅਤੇ ਹੰਗਾਮਾ ਦੇਖਣ ਨੂੰ ਮਿਲਿਆ ਸੀ।

ਪਾਰਟੀ ਵੱਲੋਂ ਜਾਰੀ ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇੱਕ ਚੁਣੇ ਹੋਏ ਨੁਮਾਇੰਦੇ ਤੋਂ ਪਾਰਟੀ ਦੇ ਸੰਵਿਧਾਨ ਅਤੇ ਨੀਤੀਆਂ ਮੁਤਾਬਕ ਚੱਲਣ ਦੀ ਉਮੀਦ ਕੀਤੀ ਜਾਂਦੀ ਹੈ। ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਨਿਧੀ ਗੁਪਤਾ ਦਾ ਕੰਮਕਾਜ ਪਾਰਟੀ ਲੀਨਸ ਤੋਂ ਬਾਹਰ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਧੜੇਬੰਦੀ ਕਾਰਨ ਪਾਰਟੀ ਦੇ ਅੰਦਰੂਨੀ ਮਾਹੌਲ ‘ਤੇ ਮਾੜਾ ਅਸਰ ਪੈ ਰਿਹਾ ਹੈ। ਹਾਲਾਂਕਿ, ਇਸ ਨੋਟਿਸ ਵਿੱਚ ਫਿਲਹਾਲ ਉਨ੍ਹਾਂ ਨੂੰ ਪਾਰਟੀ ਵਿੱਚੋਂ ਮੁਅੱਤਲ ਕਰਨ ਜਾਂ ਬਰਖਾਸਤ ਕਰਨ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਪਾਰਟੀ ਨੇ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ ਹੈ ਤਾਂ ਜੋ ਅੰਤਿਮ ਫੈਸਲਾ ਲਿਆ ਜਾ ਸਕੇ।

ਦੂਜੇ ਪਾਸੇ, ਜਦੋਂ ਇਸ ਸਬੰਧੀ ਕੌਂਸਲਰ ਨਿਧੀ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵੱਲੋਂ ਨੋਟਿਸ ਪ੍ਰਾਪਤ ਹੋ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕਿਸੇ ਵੀ ਪਾਰਟੀ ਲੀਡਰ ਜਾਂ ਉੱਚ ਆਗੂ ਖ਼ਿਲਾਫ਼ ਕੋਈ ਵੀ ਗਲਤ ਸ਼ਬਦਾਵਲੀ ਜਾਂ ਮੁੱਦਾ ਨਹੀਂ ਉਠਾਇਆ। ਉਨ੍ਹਾਂ ਕਿਹਾ, “ਮੈਂ ਕਿਸੇ ਵਿਰੁੱਧ ਨਹੀਂ, ਸਗੋਂ ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ ਜੋ ਮੇਰੇ ਵਾਰਡ ਵਿੱਚ ਵਿਕਾਸ ਕਾਰਜ ਕਰਵਾਉਣ ਤੋਂ ਆਹੱਕ ਹਨ ਅਤੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ।” ਨਿਧੀ ਗੁਪਤਾ ਨੇ ਕਿਹਾ ਕਿ ਉਹ ਜਲਦ ਹੀ ਪਾਰਟੀ ਹਾਈਕਮਾਨ ਨੂੰ ਆਪਣਾ ਲਿਖਤੀ ਜਵਾਬ ਸੌਂਪਣਗੇ। ਆਉਣ ਵਾਲੇ ਦਿਨਾਂ ਵਿੱਚ ਇਸ ਮੁੱਦੇ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਹੋਰ ਭੂਚਾਲ ਆਉਣ ਦੀ ਸੰਭਾਵਨਾ ਹੈ।

 

 

Leave a Comment