ਸਿੱਖਿਆ ਕ੍ਰਾਂਤੀ’ ਦਾ ਕੌੜਾ ਸੱਚ ਸਿੱਖਿਆ ਬੋਰਡ ਵੱਲੋਂ ਫ਼ੀਸਾਂ ਵਿੱਚ ਵਾਧਾ ਗ਼ਰੀਬ ਮਾਪਿਆਂ ‘ਤੇ ਆਰਥਿਕ ਬੋਝ ਵਾਧਾ ਤੁਰੰਤ ਵਾਪਸ ਲਿਆ ਜਾਵੇ: ਡੈਮੋਕ੍ਰੈਟਿਕ ਟੀਚਰਜ਼ ਫਰੰਟ
ਸੰਗਰੂਰ 14 ਅਕਤੂਬਰ 2026
ਇੱਕ ਪਾਸੇ ਜਿੱਥੇ ਸੂਬਾ ਸਰਕਾਰ ਵੱਲੋਂ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਗਰਦਾਨ ਕੇ ਵਾਰ-ਵਾਰ ਆਪਣੀ ਪਿੱਠ ਥਾਪੜੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆ ਫ਼ੀਸਾਂ ਵਿੱਚ ਕੀਤੇ ਗਏ ਲਗਭਗ 12 ਪ੍ਰਤੀਸ਼ਤ ਵਾਧੇ ਨੇ ਵਿਦਿਆਰਥੀਆਂ ਅਤੇ ਗ਼ਰੀਬ ਮਾਪਿਆਂ ਲਈ ਨਵੀਂ ਚਿੰਤਾ ਤੇ ਮੁਸੀਬਤ ਖੜ੍ਹੀ ਕਰ ਦਿੱਤੀ ਹੈ।
ਅੱਜ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਜ਼ਿਲ੍ਹਾ ਸਕੱਤਰ ਹਰਭਗਵਾਨ ਗੁਰਨੇ ਨੇ ਸਿੱਖਿਆ ਬੋਰਡ ਦੀ ਵਿਦਿਆਰਥੀ-ਵਿਰੋਧੀ ਨੀਤੀ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਗੈਰ-ਜ਼ਮੂਹਰੀ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ,ਪ੍ਰੈੱਸ ਸਕੱਤਰ ਜਸਬੀਰ ਨਮੋਲ,ਜਥੇਬੰਦਕ ਸਕੱਤਰ ਪਵਨ ਕੁਮਾਰ ਅਤੇ ਵਿੱਤ ਸਕੱਤਰ ਯਾਦਵਿੰਦਰ ਧੂਰੀ ਨੇ ਕਿਹਾ ਕਿ ‘ਸਿੱਖਿਆ ਕ੍ਰਾਂਤੀ’ ਦਾ ਢੰਡੋਰਾ ਪਿੱਟ ਰਹੀ ਸਰਕਾਰ ਦੇ ਅਦਾਰੇ ਬੋਰਡ ਵੱਲੋਂ ਪਿਛਲੇ ਸਾਲ ਨਾਲੋਂ ਇਸ ਵਾਰ ਪ੍ਰੀਖਿਆ ਫ਼ੀਸਾਂ ਵਿੱਚ ਵਾਧਾ ਕਰਕੇ ਪ੍ਰਤੀ ਵਿਦਿਆਰਥੀ 200 ਤੋਂ 300 ਰੁਪਏ ਦਾ ਵਾਧੂ ਬੋਝ ਗ਼ਰੀਬ ਮਾਪਿਆਂ ਦੀ ਜ਼ੇਬ ‘ਤੇ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਟੇਟ ਸਕੀਮ ਦਾ ਵਜੀਫਾ ਬੰਦ ਕਰਕੇ, ਸਾਰੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਨਾ ਦੇ ਕੇ ਆਪਣਾਂ ਵਿਦਿਆਰਥੀ ਵਿਰੋਧੀ ਚਿਹਰਾ ਬੇਨਕਾਬ ਕਰ ਦਿੱਤਾ ਹੈ।
ਆਗੂਆਂ ਨੇ ਕਿਹਾ ਕਿ ਅਧਿਆਪਕਾਂ ਨੂੰ ਵੀ ਪਿਛਲੇ ਸਮੇਂ ਤੋਂ ਇਮਤਿਹਾਨ ਡਿਊਟੀ ਅਤੇ ਪੇਪਰ ਚੈਕਿੰਗ ਡਿਊਟੀ ਦਾ ਇੱਕ ਆਨਾ ਵੀ ਨਹੀਂ ਦਿੱਤਾ ਗਿਆ। ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਫੀਸਾਂ ਵਿੱਚ ਕੀਤੇ ਗਏ 12% ਵਾਧੇ ਨੂੰ ਤੁਰੰਤ ਵਾਪਿਸ ਲਿਆ ਜਾਵੇ ਅਤੇ ਸਰਟੀਫਿਕੇਟ ਸੋਧ ਸਬੰਧੀ ਫੀਸਾਂ ਵਿੱਚ ਕੀਤੇ ਗਏ ਵਾਧੇ ਨੂੰ ਵਾਪਿਸ ਲਿਆ ਜਾਵੇ। ਅਧਿਆਪਕਾਂ ਤੋਂ ਆਨ ਲਾਈਨ ਪੇਪਰ ਮਾਰਕਿੰਗ ਕਰਾਉਣ ਦੀ ਥਾਂ ਪੇਪਰ ਮਾਰਕਿੰਗ ਪੈਟਰਨ ਪਹਿਲਾਂ ਵਾਲਾ ਹੀ ਰੱਖਿਆ ਜਾਵੇ।
















