ਪਰਮਿੰਦਰ ਝੋਟੇ ਦੇ ਕਤਲ ਦੀ ਪੰਜਾਬ ਪੁਲਿਸ, ਸਰਕਾਰ ਅਤੇ ਨਸ਼ਾ ਤਸਕਰਾਂ ਦਾ ਗਠਜੋੜ ਮੁੱਖ ਜ਼ਿੰਮੇਵਾਰ- PSU ਦਾ ਗੰਭੀਰ ਦੋਸ਼
ਪਰਮਿੰਦਰ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪ੍ਰਦਰਸ਼ਨ; 15 ਅਕਤੂਬਰ ਦੇ ਪੰਜਾਬ ਬੰਦ ਦਾ ਪੀ. ਐਸ. ਯੂ. ਵੱਲੋਂ ਪੂਰਨ ਸਮਰੱਥਨ, ਵੱਡੀ ਗਿਣਤੀ ਵਿਦਿਆਰਥੀ ਹੋਣਗੇ ਸ਼ਾਮਲ
ਫਾਜ਼ਿਲਕਾ 14 ਅਕਤੂਬਰ 2026
ਨਸ਼ਿਆਂ ਖ਼ਿਲਾਫ਼ ਲੜਨ ਵਾਲੇ ਪਰਮਿੰਦਰ ਝੋਟੇ ਦੇ ਸ਼ਰੇਆਮ ਕੀਤੇ ਕਤਲ ਖ਼ਿਲਾਫ਼, ਦੋਸ਼ੀਆ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਅਤੇ ਪੁਲਿਸ, ਸਰਕਾਰ ਤੇ ਨਸ਼ਾ ਤਸਕਰਾਂ ਦੇ ਗੱਠਜੋੜ ਖ਼ਿਲਾਫ਼ ਐਮ ਆਰ ਸਰਕਾਰੀ ਕਾਲਜ ਫਾਜ਼ਿਲਕਾ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪਰਮਿੰਦਰ ਝੋਟੇ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੇਣ, ਡੀ ਜੀ ਪੀ ਪੰਜਾਬ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕੀਤੀ ਗਈ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਧੀਰਜ ਫਾਜ਼ਿਲਕਾ, ਜ਼ਿਲ੍ਹਾ ਸਕੱਤਰ ਮਮਤਾ ਲਾਧੂਕਾ, ਜ਼ਿਲ੍ਹਾ ਆਗੂ ਦਿਲਕਰਨ ਰਤਨਪੁਰਾ ਅਤੇ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਮੁਹਾਰਸੋਨਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਨਸ਼ਾ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਹੈ ਜਿਸ ਵਿੱਚ ਨਸ਼ੇ ਦਾ ਇੱਕ ਵੱਡਾ ਗਿਰੋਹ ਕੰਮ ਕਰ ਰਿਹਾ ਹੈ ਤੇ ਪੰਜਾਬ ਵਿੱਚ ਸ਼ਰੇਆਮ ਚਿੱਟਾ ਵਿੱਕ ਰਿਹਾ ਹੈ।
ਇਹ ਸਭ ਕੁਝ ਸਰਕਾਰ, ਪੁਲਿਸ ਅਤੇ ਨਸ਼ੇ ਤਸਕਰਾਂ ਦੇ ਗੱਠਜੋੜ ਨਾਲ ਇਹ ਸਭ ਕੁਝ ਵਾਪਰ ਰਿਹਾ ਹੈ। ਜਿਸ ਕਰਕੇ ਇਸ ਵਾਪਰੀ ਘਟਨਾ ਦਾ ਮੁੱਖ ਦੋਸ਼ੀ ਪੰਜਾਬ ਸਰਕਾਰ ਅਤੇ ਡੀ ਜੀ ਪੀ ਪੰਜਾਬ ਹਨ। ਅੱਜ ਇੱਕ ਪਾਸੇ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਦੇ ਵੱਡੇ ਵੱਡੇ ਪ੍ਰੋਗਰਾਮ ਕਰ ਰਹੀ ਹੈ ਤੇ ਪੂਰੇ ਰਾਜ ਵਿੱਚ ਵੱਡੇ ਵੱਡੇ ਫਲੇਕਸ ਲਗਾਏ ਜਾ ਰਹੇ ਹਨ ਓਥੇ ਹੀ ਦੂਜੇ ਪਾਸੇ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਬੇਹੱਦ ਚਿੰਤਾਜਨਕ ਹੈ ਤੇ ਗੰਭੀਰ ਸਵਾਲ ਪੈਦਾ ਕਰਦਾ ਹੈ।
ਇਸ ਮੌਕੇ ਜ਼ਿਲ੍ਹਾ ਆਗੂ ਪ੍ਰਵੀਨ ਕੌਰ ਵਿਦਿਆਰਥੀ ਆਗੂ ਜਸਵਿੰਦਰ ਸਿੰਘ ਅਤੇ ਸੰਜਨਾ ਰਾਣੀ ਨੇ ਕਿਹਾ ਕਿ ਪਰਮਿੰਦਰ ਝੋਟੇ ਦਾ ਇਹ ਕਤਲ ਪੰਜਾਬ ਵਿੱਚ ਵਾਪਰੀ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾ ਵੀ ਅਨੇਕਾਂ ਘਟਨਾਂਵਾਂ ਵਾਪਰ ਚੁੱਕਿਆ ਹਨ ਕਿ ਇਸ ਤਰ੍ਹਾਂ ਸਰੇਆਮ ਗੋਲੀਆਂ ਮਾਰ ਕੇ ਕਿਸੇ ਦਾ ਕਤਲ ਕਰ ਦਿੱਤਾ ਗਿਆ ਹੋਵੇ।
ਇਹ ਘਟਨਾਵਾਂ ਪੰਜਾਬ ਦੀ ਸਮੁੱਚੀ ਨੀਆਂ ਅਤੇ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰਦੀ ਹੈ ਤੇ ਪੰਜਾਬ ਸਰਕਾਰ ਇਸ ਤੇ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ। ਇਸ ਦੇ ਨਾਲ ਹੀ ਆਗੂਆ ਨੇ ਕਿਹਾ ਕਿ ਇਹ ਘਟਨਾ ਸਰਕਾਰ,ਪੁਲਿਸ ਅਤੇ ਨਸ਼ੇ ਤਸਕਰਾਂ ਦੇ ਗੱਠਜੋੜ ਦੀ ਸ਼ਹਿ ਨਾਲ ਹੀ ਵਾਪਰੀ ਘਟਨਾ ਹੈ ਜਿਸ ਕਰਕੇ ਹੀ ਪੰਜਾਬ ਪੁਲਿਸ ਇਸ ਕਤਲ ਦੇ ਪਿੱਛੇ ਛੁਪੇ ਅਸਲ ਦੋਸ਼ੀਆ ਨੂੰ ਫੜਨ ਤੋਂ ਨਾਕਾਮ ਹੋਈ ਹੈ।
ਅੰਤ ਆਗੂਆਂ ਨੇ ਮੰਗ ਕੀਤੀ ਕਿ ਪਰਮਿੰਦਰ ਝੋਟੇ ਦੇ ਕਤਲ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆ ਨੂੰ ਸਖ਼ਤ ਤੋਂ ਸਖ਼ਤ ਸਜ਼ਵਾਂ ਮਿਲਣੀ ਚਾਹੀਦੀ ਹੈ, ਡੀ ਜੀ ਪੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਅਸਤੀਫ਼ਾ ਦੇਵੇ ਅਤੇ ਸਿੰਥੈਟਿਕ ਨਸ਼ੇ ਨੂੰ ਮੁਕੰਮਲ ਰੂਪ ਵਿੱਚ ਬੰਦ ਕੀਤਾ ਜਾਵੇ। ਇਸ ਮੌਕੇ ਵਿਦਿਆਰਥੀਆਂ ਵੱਲੋਂ 15 ਅਕਤੂਬਰ ਦੇ ਪੰਜਾਬ ਬੰਦ ਦਾ ਪੂਰਾ ਸਮਰੱਥਨ ਕਰਦੇ ਹੋਏ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਹੋ ਰਹੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਰਮਨਦੀਪ ਕੌਰ, ਸਰਬਜੀਤ ਕੌਰ, ਸੋਨੀਆ, ਸਿਮਰਨਜੀਤ ਕੌਰ, ਪਾਇਲ ਰਾਣੀ, ਪਲਕ ਰਾਣੀ, ਮਮਤਾ ਰਾਣੀ, ਪਰਵਿੰਦਰ ਸਿੰਘ, ਜਸਵਿੰਦਰ ਸਿੰਘ, ਮੋਹਿਤ ਸਿੰਘ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਵੀ ਵਿਦਿਆਰਥੀ ਹਾਜ਼ਰ ਸਨ।
















