Mansa News: ਪੁਲਿਸ ਧੱਕੇ ਨਾਲ ਖੋਹ ਕੇ ਲੈ ਗਈ ਨੌਜਵਾਨ ਦੀ ਲਾਸ਼; ਲੋਕ ਮੋਰਚਾ ਵੱਲੋਂ ਸਖਤ ਨਿਖੇਧੀ
Punjab News:
ਲੋਕ ਮੋਰਚਾ ਪੰਜਾਬ ਵੱਲੋਂ ਮਾਨਸਾ ਵਿਖੇ ਮਿਰਤਕ ਨੌਜਵਾਨ ਦੀ ਲਾਸ਼ ਪੁਲਿਸ ਧੱਕੇਸ਼ਾਹੀ ਦੇ ਜੋਰ ਖੋਹੇ ਜਾਣ ਦੀ ਸਖਤ ਨਿਖੇਧੀ ਕੀਤੀ ਗਈ ਹੈ ਅਤੇ ਇਸ ਧੱਕੇਸ਼ਾਹੀ ਖਿਲਾਫ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ ਨੇ ਕਿਹਾ ਹੈ ਕਿ ਨਸ਼ਿਆਂ ਦੇ ਖਿਲਾਫ਼ ਵਧ ਰਹੇ ਲੋਕ ਰੋਹ ਤੋਂ ਭੈ ਭੀਤ ਹੋਈ ਪੰਜਾਬ ਸਰਕਾਰ ਦੀ ਇਹ ਬੁਖਲਾਹਟ ਭਰੀ ਕਾਰਵਾਈ ਹੈ। ਇਸ ਬੁਖਲਾਹਟ ਵਿੱਚ ਉਹ ਸਿਰੇ ਦੇ ਧੱਕੜ ਕਦਮ ਚੁੱਕ ਰਹੀ ਹੈ। ਨੌਜਵਾਨ ਦੀ ਲਾਸ਼ ਨੂੰ ਖੋਹ ਕੇ ਲਿਜਾਣ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਜੇਹਲੀ ਡੱਕਣ ਰਾਹੀਂ ਉਹ ਲੋਕ ਵਿਰੋਧ ਨੂੰ ਦਬਾਉਣ ਦਾ ਭਰਮ ਪਾਲ ਰਹੀ ਹੈ।
ਜਦੋਂ ਕਿ ਹਕੀਕਤ ਇਹ ਹੈ ਕਿ ਪਹਿਲਾਂ ਪਰਵਿੰਦਰ ਝੋਟਾ ਦੇ ਮਸਲੇ ਤੇ ਹਕੂਮਤੀ ਬੇਰੁਖੀ ਰਾਹੀਂ ਅਤੇ ਹੁਣ ਇਸ ਨੌਜਵਾਨ ਦੇ ਮਸਲੇ ਉੱਤੇ ਪੁਲਸੀ ਜਬਰ ਰਾਹੀਂ ਇਹ ਲੋਕਾਂ ਨਾਲ ਵਿਰੋਧ ਦੇ ਨਵੇਂ ਮੁਕਾਮ ਸਿਰਜ ਰਹੀ ਹੈ। ਯੁੱਧ ਨਸ਼ਿਆਂ ਵਿਰੁੱਧ ਦੇ ਲਫਜੀ ਅਡੰਬਰ ਖੜੇ ਕਰਨ ਦੇ ਬਾਵਜੂਦ ਨਸ਼ਾ ਤਸਕਰਾਂ ਵਿਰੁੱਧ ਇੱਕ ਵੀ ਅਸਰਦਾਰ ਕਾਰਵਾਈ ਨਾ ਕਰਨ ਅਤੇ ਸਗੋਂ ਚੱਲਦੇ ਨਸ਼ਾ ਕਾਰੋਬਾਰਾਂ ਦੀ ਰਾਖੀ ਕਰਨ ਦਾ ਕਲੰਕ ਪਹਿਲਾਂ ਹੀ ਇਸ ਦੇ ਮੱਥੇ ਉੱਤੇ ਹੈ। ਅਜਿਹੇ ਧੱਕੜ ਕਦਮਾਂ ਨਾਲ ਇਹ ਕਲੰਕ ਹੋਰ ਗੂੜ੍ਹਾ ਹੋ ਰਿਹਾ ਹੈ।
ਇਸ ਮੌਕੇ ਜਥੇਬੰਦੀ ਦੇ ਆਗੂਆਂ ਵੱਲੋਂ ਇਹ ਮੰਗ ਕੀਤੀ ਗਈ ਕਿ ਮਿਰਤਕ ਨੌਜਵਾਨ ਦੀ ਲਾਸ਼ ਤੁਰੰਤ ਉਸਦੇ ਪਰਿਵਾਰ ਨੂੰ ਸੌਂਪੀ ਜਾਵੇ, ਪੁਲਿਸ ਦੀ ਅਜਿਹੀ ਧੱਕੜ ਕਾਰਵਾਈ ਲਈ ਸਰਕਾਰ ਵੱਲੋਂ ਜਨਤਕ ਤੌਰ ਤੇ ਮੁਆਫੀ ਮੰਗੀ ਜਾਵੇ, ਪੁਲਸ ਐਕਸ਼ਨ ਨਸ਼ਿਆਂ ਖਿਲਾਫ ਲਾਮਬੰਦ ਹੋਏ ਲੋਕਾਂ ਦੀ ਬਜਾਏ ਨਸ਼ਾ ਤਸਕਰਾਂ ਵੱਲ ਸੇਧਤ ਕੀਤੇ ਜਾਣ, ਨਸ਼ਿਆਂ ਨੂੰ ਠੱਲ੍ਹਣ ਲਈ ਵੱਡੇ ਕਦਮ ਚੁੱਕੇ ਜਾਣ, ਪ੍ਰਭਾਵਿਤ ਨੌਜਵਾਨਾਂ ਦੇ ਮੁੜ ਵਸੇਬੇ ਲਈ ਅਸਰਦਾਰ ਰਣਨੀਤੀ ਬਣਾਈ ਜਾਵੇ ਅਤੇ ਵੱਡੀ ਪੱਧਰ ਉੱਤੇ ਸਰਕਾਰੀ ਇੰਤਜ਼ਾਮ ਕੀਤੇ ਜਾਣ। ਆਗੂਆਂ ਨੇ ਇਸ ਮੌਕੇ ਹੋ ਰਹੇ ਵੱਖ ਵੱਖ ਰੋਸ ਪ੍ਰਦਰਸ਼ਨਾਂ ਵਿੱਚ ਲੋਕਾਂ ਨੂੰ ਸ਼ਾਮਿਲ ਹੋਣ ਦੀ ਵੀ ਅਪੀਲ ਕੀਤੀ ਹੈ।
















