Join WhatsApp

Join Now

“ਮਾਨ ਸਰਕਾਰ ਨੇ ਪੰਜਾਬ ਨੂੰ ਬਣਾਇਆ ਪੁਲਿਸ ਰਾਜ”: ਕਾਂਗਰਸ ਪ੍ਰਧਾਨ ਵੱਲੋਂ ਲੋਕਤੰਤਰ ਦੀ ਰਾਖੀ ਲਈ ‘ਇਨਸਾਫ਼ ਰੈਲੀ’ ਕਰਨ ਦਾ ਐਲਾਨ

On: October 29, 2026 3:50 PM

 

“ਮਾਨ ਸਰਕਾਰ ਨੇ ਪੰਜਾਬ ਨੂੰ ਬਣਾਇਆ ਪੁਲਿਸ ਰਾਜ”: ਕਾਂਗਰਸ ਪ੍ਰਧਾਨ ਵੱਲੋਂ ਲੋਕਤੰਤਰ ਦੀ ਰਾਖੀ ਲਈ ‘ਇਨਸਾਫ਼ ਰੈਲੀ’ ਕਰਨ ਦਾ ਐਲਾਨ

ਪੰਜਾਬ ਕਾਂਗਰਸ ਪ੍ਰਧਾਨ ਪ੍ਰਗਟ ਸਿੰਘ ਦਾ ‘ਆਪ’ ਅਤੇ ਭਾਜਪਾ ‘ਤੇ ਤਿੱਖਾ ਨਿਸ਼ਾਨਾ; ਪੰਜਾਬ ਵਿੱਚ ‘ਇਨਸਾਫ਼ ਰੈਲੀ’ ਕਰਨ ਦਾ ਕੀਤਾ ਐਲਾਨ; ਕਿਹਾ- ਝੋਨੇ ਦੀ ਖ਼ਰੀਦ ਤੋਂ ਲੈ ਕੇ ਕਾਨੂੰਨ ਵਿਵਸਥਾ ਤੱਕ ਫ਼ੇਲ੍ਹ ਹੋਈ ਮਾਨ ਸਰਕਾਰ

ਪ੍ਰਗਟ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਘੇਰੀ AAP ਸਰਕਾਰ, ਸਿੱਧੂ ਮੂਸੇਵਾਲਾ ਕਤਲਕਾਂਡ ‘ਤੇ ਵੱਡਾ ਬਿਆਨ: “ਪੰਜ ਸਾਲਾਂ ‘ਚ ਨਹੀਂ ਹੋਈ ਜਾਂਚ, ਹੁਣ ਘੰਟਿਆਂ ‘ਚ ਬਣਾ ਰਹੇ ਝੂਠੀਆਂ ਕਹਾਣੀਆਂ”

ਚੰਡੀਗੜ੍ਹ, 29 ਅਕਤੂਬਰ 2026: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ MLA ਪ੍ਰਗਟ ਸਿੰਘ ਨੇ ਅੱਜ ਇੱਕ ਅਹਿਮ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਉੱਤੇ ਤਿੱਖੇ ਰਾਜਨੀਤਕ ਹਮਲੇ ਕੀਤੇ। ਪ੍ਰਗਟ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬੇਹੱਦ ਚਿੰਤਾਜਨਕ ਬਣ ਚੁੱਕੇ ਹਨ, ਜਿੱਥੇ ਕਿਸਾਨਾਂ ਦੀ ਫ਼ਸਲ ਚੁੱਕਣ ਤੋਂ ਲੈ ਕੇ ਸੂਬੇ ਦੀ ਕਾਨੂੰਨ ਵਿਵਸਥਾ ਤੱਕ ਹਰ ਮੋਰਚੇ ‘ਤੇ AAP ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ।

ਪ੍ਰਗਟ ਸਿੰਘ ਨੇ ਝੋਨੇ ਦੀ ਖ਼ਰੀਦ ਵਿੱਚ ਆ ਰਹੀਆਂ ਰੁਕਾਵਟਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਪੰਜਾਬ ਵਿੱਚ ਕਈ ਥਾਵਾਂ ‘ਤੇ ਝੋਨੇ ਦੀ ਖ਼ਰੀਦ ਠੱਪ ਪਈ ਹੈ। ਦੂਜੇ ਪਾਸੇ, ਗੁਆਂਢੀ ਰਾਜਾਂ ਵਿੱਚ ਕਿਸਾਨਾਂ ਦੀ ਫ਼ਸਲ ਚੰਗੇ ਭਾਅ ਵਿਕ ਰਹੀ ਹੈ, ਜਦਕਿ ਪੰਜਾਬ ਵਿੱਚ ਨਿਸ਼ਚਿਤ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ‘ਤੇ ਵੀ ਖ਼ਰੀਦ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੇਂਦਰ ਦੀਆਂ ਨੀਤੀਆਂ ਦਾ ਅਸਰ ਸਭ ਦੇ ਸਾਹਮਣੇ ਹੋਵੇਗਾ, ਪਰ ਮੌਜੂਦਾ ਸਰਕਾਰ ਦੇ ਕੰਨ ‘ਤੇ ਜੂੰ ਤੱਕ ਨਹੀਂ ਸਰਕ ਰਹੀ।

ਉਨ੍ਹਾਂ ਡੈਮ ਸੇਫ਼ਟੀ ਐਕਟ ਅਤੇ ਪਾਣੀਆਂ ਦੇ ਮੁੱਦੇ ‘ਤੇ ਗੱਲ ਕਰਦਿਆਂ ਕਿਹਾ ਕਿ ਵਿਧਾਨ ਸਭਾ ਵਿੱਚ ਮਤੇ ਲਿਆਉਣ ਦੀਆਂ ਸਿਰਫ਼ ਗੱਲਾਂ ਕੀਤੀਆਂ ਜਾਂਦੀਆਂ ਹਨ, ਜਦਕਿ ਅਸਲ ਵਿੱਚ ਮੁੱਦਿਆਂ ‘ਤੇ ਸਿਰਫ਼ ਲਿੱਪਾ-ਪੋਚੀ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਵਿੱਚ ਚੱਲ ਰਹੇ ਮਾਮਲਿਆਂ ਵਿੱਚ ਸਰਕਾਰ ਦਾ ਕੋਈ ਵਕੀਲ ਤੱਕ ਪੇਸ਼ ਨਹੀਂ ਹੋ ਰਿਹਾ। ਸੂਬੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ ‘ਤੇ ਬੋਲਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਦਾ ਰਵੱਈਆ ਹੁਣ ਸਵਾਲਾਂ ਦੇ ਘੇਰੇ ਵਿੱਚ ਹੈ।

ਉਨ੍ਹਾਂ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਨੂੰ ਇੰਨਾ ਸਮਾਂ ਬੀਤਣ ਦੇ ਬਾਵਜੂਦ ਅਜੇ ਤੱਕ ਕੋਈ ਤਸੱਲੀਬਖ਼ਸ਼ ਨਤੀਜਾ ਨਹੀਂ ਨਿਕਲ ਸਕਿਆ, ਪਰ ਦੂਜੇ ਪਾਸੇ ਕਿਸੇ ਹੋਰ ਘਟਨਾ ਵਿੱਚ ਪੁਲਿਸ ਦੋ-ਤਿੰਨ ਘੰਟਿਆਂ ਵਿੱਚ ਹੀ ਆਪਣਾ ਮਨਘੜਤ ਨਤੀਜਾ ਕੱਢ ਕੇ ਦਾਅਵੇ ਕਰਨ ਲੱਗ ਜਾਂਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਾਨ ਸਰਕਾਰ ਨੇ ਪੰਜਾਬ ਨੂੰ ਇੱਕ ‘ਪੁਲਿਸ ਰਾਜ’ ਬਣਾ ਕੇ ਰੱਖ ਦਿੱਤਾ ਹੈ।

ਸੂਬੇ ਵਿੱਚ ਫੈਲੇ ਨਸ਼ੇ ‘ਤੇ ਚਿੰਤਾ ਪ੍ਰਗਟ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਰਕਾਰ ਦੇ ‘ਨਸ਼ਿਆਂ ਵਿਰੁੱਧ ਯੁੱਧ’ ਵਾਲੇ ਫੋਕੇ ਪੋਸਟਰ ਖ਼ਤਮ ਹੋ ਜਾਣ ਨਾਲ ਗਰਾਊਂਡ ਲੈਵਲ ਤੋਂ ਨਸ਼ਾ ਖ਼ਤਮ ਨਹੀਂ ਹੋ ਜਾਂਦਾ। ਅਸਲ ਹਾਲਾਤ ਤੋਂ ਪੰਜਾਬ ਦਾ ਹਰ ਨਾਗਰਿਕ ਚੰਗੀ ਤਰ੍ਹਾਂ ਜਾਣੂ ਹੈ। ਸਾਡੇ ਸਮਾਜਿਕ ਢਾਂਚੇ ਵਿੱਚ ਨਸ਼ੇ ਦੀ ਸਮੱਸਿਆ ਇੱਕ ਵੱਡਾ ਕੋੜ੍ਹ ਬਣ ਚੁੱਕੀ ਹੈ, ਜਿਸ ਬਾਰੇ ਕਈ ਪਰਿਵਾਰ ਲੋਕ-ਲਾਜ ਦੇ ਡਰੋਂ ਖੁੱਲ੍ਹ ਕੇ ਗੱਲ ਵੀ ਨਹੀਂ ਕਰ ਪਾਉਂਦੇ।

ਸੂਬੇ ਦੇ ਇਨ੍ਹਾਂ ਭਖਦੇ ਮੁੱਦਿਆਂ ਅਤੇ ਸਰਕਾਰ ਦੀਆਂ ਨਾਕਾਮੀਆਂ ਵਿਰੁੱਧ ਕਾਂਗਰਸ ਪਾਰਟੀ ਨੇ ਵਿਸ਼ਾਲ ‘ਇਨਸਾਫ਼ ਰੈਲੀ’ ਕਰਨ ਦਾ ਐਲਾਨ ਕੀਤਾ ਹੈ। ਪ੍ਰਗਟ ਸਿੰਘ ਨੇ ਦਾਅਵਾ ਕੀਤਾ ਕਿ ਇਸ ਰੈਲੀ ਵਿੱਚ ਇੱਕ ਲੱਖ ਤੋਂ ਵੱਧ ਲੋਕ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਕਸਰ ਅਖਾਣਾਂ ਦੀ ਗੱਲ ਕਰਦੇ ਹਨ, ਪਰ ਅੱਜ ਉਨ੍ਹਾਂ ਦੀ ਆਪਣੀ ਹੀ ਮੱਤ ਮਾਰੀ ਗਈ ਹੈ। ਉਨ੍ਹਾਂ ਪੰਜਾਬ ਦੇ ਸਾਰੇ ਵਰਗਾਂ ਅਤੇ ਮੀਡੀਆ ਨੂੰ ਅਪੀਲ ਕੀਤੀ ਕਿ ਪੰਜਾਬ ਸਾਡਾ ਸਭ ਦਾ ਹੈ ਅਤੇ ਸਾਡੇ ਬੱਚਿਆਂ ਦਾ ਭਵਿੱਖ ਇਸ ਨਾਲ ਜੁੜਿਆ ਹੋਇਆ ਹੈ, ਇਸ ਲਈ ਸਭ ਨੂੰ ਮਿਲ ਕੇ ਪੰਜਾਬ ਦੀ ਆਵਾਜ਼ ਬੁਲੰਦ ਕਰਨੀ ਪਵੇਗੀ।

 

Leave a Comment