Join WhatsApp

Join Now

ਭਗਵੰਤ ਮਾਨ ਸਰਕਾਰ ਦਾ ਅਧਿਆਪਕ ਵਿਰੋਧੀ ਚੇਹਰਾ ਬੇਨਕਾਬ; ਕੱਚੇ ਟੀਚਰਾਂ ਨਾਲ ਮੀਟਿੰਗ ਫ਼ਿਰ ਮੁਲਤਵੀ!

On: November 5, 2026 8:51 AM

 

ਭਗਵੰਤ ਮਾਨ ਸਰਕਾਰ ਦਾ ਅਧਿਆਪਕ ਵਿਰੋਧੀ ਚੇਹਰਾ ਬੇਨਕਾਬ; ਕੱਚੇ ਟੀਚਰਾਂ ਨਾਲ ਮੀਟਿੰਗ ਫ਼ਿਰ ਮੁਲਤਵੀ!

ਪੰਜਾਬ ਨੈੱਟਵਰਕ, ਚੰਡੀਗੜ੍ਹ

ਆਈ.ਈ.ਏ.ਟੀ ਅਧਿਆਪਕਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਮੀਟਿੰਗ ਇੱਕ ਵਾਰ ਫਿਰ ਮੁਲਤਵੀ ਕਰ ਦਿੱਤੀ ਗਈ। ਜਾਣਕਾਰੀ ਦੇ ਮੁਤਾਬਕ ਅੱਜ 5 ਨਵੰਬਰ ਨੂੰ ਪੰਜਾਬ ਸਰਕਾਰ ਦੇ ਨਾਲ ਇਹਨਾਂ ਅਧਿਆਪਕਾਂ ਦੀ ਮੀਟਿੰਗ ਹੋਣੀ ਸੀ ਪਰ ਐਨ ਮੌਕੇ ਤੇ ਆ ਕੇ ਪੰਜਾਬ ਸਰਕਾਰ ਨੇ ਮੀਟਿੰਗ ਮੁਲਤਵੀ ਕਰ ਦਿੱਤੀ। ਮੀਟਿੰਗ ਮੁਲਤਵੀ ਹੋਣ ਦੀ ਖਬਰ ਸੁਣਦਿਆਂ ਹੀ ਅਧਿਆਪਕਾਂ ਦੇ ਵਿੱਚ ਜਿੱਥੇ ਸਰਕਾਰ ਖਿਲਾਫ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਅਧਿਆਪਕਾਂ ਨੇ ਸਰਕਾਰ ਵਿਰੁੱਧ ਗੁਪਤ ਐਕਸ਼ਨ ਦੀ ਵੀ ਤਿਆਰੀ ਕਰ ਲਈ ਹੈ।

ਆਈ.ਈ.ਏ.ਟੀ ਅਧਿਆਪਕ ਜਥੇਬੰਦੀ ਦੀ ਆਗੂ ਪਰਮਜੀਤ ਕੌਰ ਪੱਖੋਵਾਲ ਨੇ ਪੰਜਾਬ ਨੈੱਟਵਰਕ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੱਕ ਪਾਸੇ ਤਾਂ ਸਰਕਾਰ ਕੱਚੇ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਦਾਅਵਾ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਉਹਨਾਂ ਦੀ ਗੱਲ ਸੁਣਨ ਲਈ ਵੀ ਸਰਕਾਰ ਤਿਆਰ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਜਿਹੜੀਆਂ ਵੀ ਮੀਟਿੰਗਾਂ ਦਾ ਸਮਾਂ ਉਹਨਾਂ ਨੂੰ ਦਿੱਤਾ ਗਿਆ ਹੈ, ਉਹ ਮੀਟਿੰਗਾਂ ਜਾਂ ਤਾਂ ਰੱਦ ਹੋ ਗਈਆਂ ਜਾਂ ਫਿਰ ਉਹਨਾਂ ਨੂੰ ਲੰਮੀ ਤਰੀਕ ਪਾ ਕੇ ਮੁਲਤਵੀ ਕਰ ਦਿੱਤਾ ਗਿਆ।

ਮੈਡਮ ਪੱਖੋਵਾਲ ਨੇ ਕਿਹਾ ਕਿ ਅੱਜ ਪੰਜ ਨਵੰਬਰ ਨੂੰ ਵੀ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ, ਪਰ ਐਨ ਮੌਕੇ ‘ਤੇ ਆ ਕੇ ਸਰਕਾਰ ਨੇ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਸਰਕਾਰ ਵਾਰ-ਵਾਰ ਮੀਟਿੰਗਾਂ ਤੋਂ ਭੱਜ ਕੇ ਅਧਿਆਪਕਾਂ ਦੀ ਪੀੜਾ ਸਮਝਣ ਦੀ ਬਜਾਏ, ਉਹਨਾਂ ਨੂੰ ਖੱਜਲ ਖੁਆਰ ਕਰ ਰਹੀ ਹੈ। ਮੈਡਮ ਪੱਖੋਵਾਲ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਸਰਕਾਰ ਸਾਡਾ ਸਮਾਂ ਬਰਬਾਦ ਕਰ ਰਹੀ ਹੈ। ਸਰਕਾਰ ਨੂੰ ਆਪਣੇ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਨੇ ਪਰ ਸਰਕਾਰ ਨੇ ਸਾਨੂੰ ਮੀਟਿੰਗਾਂ ਅਤੇ ਲਾਰਿਆਂ ਵਿੱਚ ਹੀ ਪਿਛਲੇ ਕਰੀਬ ਸਾਢੇ ਚਾਰ ਸਾਲਾਂ ਤੋਂ ਰੱਖਿਆ ਹੈ।

ਉਹਨਾਂ ਨੇ ਕਿਹਾ ਕਿ ਜਿਹੜੀ ਸਰਕਾਰ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰਕੇ ਪੰਜਾਬ ਦੀ ਸੱਤਾ ਵਿੱਚ ਆਈ ਸੀ, ਉਹ ਸਰਕਾਰ ਅੱਜ ਹਰ ਫਰੰਟ ‘ਤੇ ਫੇਲ੍ਹ ਹੁੰਦੀ ਵਿਖਾਈ ਦੇ ਰਹੀ ਹੈ। ਮੈਡਮ ਪੱਖੋਵਾਲ ਨੇ ਇਹ ਵੀ ਕਿਹਾ ਕਿ ਸਰਕਾਰ ਮੀਟਿੰਗਾਂ ਦੇ ਕੇ ਫਿਰ ਮੀਟਿੰਗਾਂ ਤੋਂ ਭੱਜ ਜਾਂਦੀ ਹੈ ਸਾਡਾ ਸਮਾਂ ਬਰਬਾਦ ਕਰ ਰਹੀ ਹੈ ਅਤੇ ਆਪਣੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ ਸਾਨੂੰ ਸਹੀ ਤਰੀਕੇ ਨਾਲ ਰੈਗੂਲਰ ਨਹੀਂ ਕੀਤਾ ਗਿਆ, ਜਿਸ ਕਾਰਨ ਸਾਡੇ ਅਧਿਆਪਕ ਸਾਥੀਆਂ ਵਿੱਚ ਭਾਰੀ ਰੋਸ ਹੈ।

ਮੈਡਮ ਪਰਮਜੀਤ ਕੌਰ ਪੱਖੋਵਾਲ ਨੇ ਕਿਹਾ ਕਿ ਸਾਡੇ ਨਾਲ 36000 ਤਨਖਾਹ ਦੇਣ ਦਾ ਵਾਅਦਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ, ਪਰ ਸਾਡੇ ਵਿੱਚ ਕੁੱਝ ਸਾਥੀਆਂ ਨੂੰ ਸਿਰਫ 15000, ਕੁਝ ਨੂੰ 18000, ਜਦੋਂ ਕਿ ਕਈ ਅਧਿਆਪਕਾਂ ਨੂੰ ਸਰਕਾਰ ਦੇ ਵੱਲੋਂ 23500 ਰੁਪਏ ਦੇ ਕੇ ਸਾਨੂੰ ਆਪਸ ਵਿੱਚ ਵੰਡਣ ਦਾ ਕੰਮ ਕੀਤਾ ਹੈ, ਹਾਲਾਂਕਿ ਸਾਡੀ ਸਾਰਿਆਂ ਦੀ ਯੋਗਤਾ ਇੱਕੋ ਬਰਾਬਰ ਹੈ।

ਪੱਖੋਵਾਲ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਸਰਕਾਰ ਨੇ ਜੇਕਰ ਜਲਦ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਅਤੇ ਮੁੱਖ ਮੰਤਰੀ ਤੋਂ ਇਲਾਵਾ ਸਿੱਖਿਆ ਮੰਤਰੀ ਨੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਉਹ ਆਉਂਦੇ ਦਿਨਾਂ ਦੇ ਅੰਦਰ ਗੁਪਤ ਐਕਸ਼ਨ ਕਰਨ ਲਈ ਮਜਬੂਰ ਹੋਣਗੇ। ਉਹਨਾਂ ਨੇ ਕਿਹਾ ਕਿ ਐਕਸ਼ਨ ਦੇ ਦੌਰਾਨ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਸਿੱਧੇ ਤੌਰ ‘ਤੇ ਪੰਜਾਬ ਸਰਕਾਰ ਇਸ ਦੀ ਜਿੰਮੇਵਾਰ ਹੋਵੇਗੀ।

 

Leave a Comment