ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ: ਸਾਬਕਾ ਵਿਧਾਇਕ ਸਮੇਤ 450 ਡੈਲੀਗੇਟਾਂ, ਸਰਕਲ ਪ੍ਰਧਾਨਾਂ ਅਤੇ SGPC ਮੈਂਬਰਾਂ ਨੇ ਛੱਡੀ ਪਾਰਟੀ
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਫੈਸਲੇ ਨਾਲ ਖੜ੍ਹਿਆ ਸਨੌਰ ਹਲਕਾ, ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਸਮੇਤ ਸੈਂਕੜੇ ਅਹੁਦੇਦਾਰਾਂ ਨੇ ਅਕਾਲੀ ਦਲ ਪੁਨਰ ਸੁਰਜੀਤ ਤੋਂ ਤੋੜਿਆ ਨਾਤਾ
“ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨਾਲ ਵਿਚਾਰ ਅਤੇ ਕਾਰਜਸ਼ੈਲੀ ਮੇਲ ਨਹੀਂ ਖਾ ਰਹੀ ਸੀ”: ਸਨੌਰ ਤੋਂ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦਿੱਤਾ ਅਸਤੀਫ਼ਾ, ਪੰਥਕ ਏਕਤਾ ਦਾ ਦਿੱਤਾ ਸੁਨੇਹਾ
ਪਟਿਆਲਾ / ਸਨੌਰ 5 ਨਵੰਬਰ 2026- ਵਿਧਾਨ ਸਭਾ ਹਲਕਾ ਸਨੌਰ ਤੋਂ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਇੱਕ ਅਹਿਮ ਪ੍ਰੈੱਸ ਕਾਨਫ਼ਰੰਸ ਕਰਦਿਆਂ ਅਕਾਲੀ ਦਲ ਪੁਨਰ ਸੁਰਜੀਤ ਨਾਲੋਂ ਆਪਣੇ ਸਾਰੇ ਨਾਤੇ ਤੋੜਨ ਦਾ ਵੱਡਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦੇ ਨਾਲ ਹੀ ਹਲਕਾ ਸਨੌਰ ਦੇ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਢਾਂਚੇ, ਬਲਾਕ ਮੈਂਬਰਾਂ, ਜ਼ਿਲ੍ਹਾ ਤੇ ਸੂਬਾ ਪੱਧਰੀ ਅਹੁਦੇਦਾਰਾਂ, ਸਰਕਲ ਪ੍ਰਧਾਨਾਂ, ਲਗਭਗ 450 ਡੈਲੀਗੇਟਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਮੈਂਬਰ ਜਰਨੈਲ ਸਿੰਘ ਕਰਤਾਰਪੁਰ ਸਮੇਤ ਸਮੁੱਚੀ ਟੀਮ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਪਾਰਟੀ ਤੋਂ ਵੱਖ ਹੋਣ ਦਾ ਐਲਾਨ ਕੀਤਾ।
ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਦੋਂ ਪਾਰਟੀ ਨਾਲ ਵਿਚਾਰ ਅਤੇ ਕਾਰਜਸ਼ੈਲੀ ਹੀ ਮੇਲ ਨਾ ਖਾ ਰਹੀ ਹੋਵੇ, ਤਾਂ ਅਜਿਹੇ ਮਾਹੌਲ ਵਿੱਚ ਮਨ ਉੱਤੇ ਭਾਰ ਰੱਖ ਕੇ ਨਾਲ ਚੱਲਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ, “ਅਸੀਂ ਆਪਣੇ ਮਨ ਤੋਂ ਵੀ ਭਾਰ ਲਾਉਣਾ ਚਾਹੁੰਦੇ ਹਾਂ ਅਤੇ ਪਾਰਟੀ ਹਾਈਕਮਾਂਡ ਦੇ ਮਨ ਤੋਂ ਵੀ ਭਾਰ ਲਾਉਣਾ ਚਾਹੁੰਦੇ ਹਾਂ।” ਇਸੇ ਕਾਰਨ ਬੀਤੇ ਦਿਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਅਲੱਗ ਹੋਣ ਦਾ ਫੈਸਲਾ ਲਿਆ ਗਿਆ ਸੀ, ਜਿਸ ਦਾ ਅੱਜ ਸਨੌਰ ਹਲਕੇ ਦੀ ਸਮੁੱਚੀ ਸੰਗਤ ਅਤੇ ਆਗੂਆਂ ਨੇ ਪੂਰਨ ਤੌਰ ‘ਤੇ ਸਮਰਥਨ ਕੀਤਾ ਹੈ।
ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਹਲਕਾ ਸਨੌਰ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਦੱਸਿਆ ਕਿ 1977 ਦੀ ਲਹਿਰ ਦੌਰਾਨ ਇਹ ਹਲਕਾ ਡਕਾਲਾ ਵਜੋਂ ਜਾਣਿਆ ਜਾਂਦਾ ਸੀ। ਸਾਲ 1985 ਵਿੱਚ ਹਲਕੇ ਦੇ ਲੋਕਾਂ ਨੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਬਹੁਤ ਛੋਟੀ ਉਮਰ ਵਿੱਚ ਵਿਧਾਇਕ ਬਣਾ ਕੇ ਵਿਧਾਨ ਸਭਾ ਭੇਜਿਆ ਸੀ। ਇਸ ਤੋਂ ਬਾਅਦ ਲਗਾਤਾਰ ਤਿੰਨ ਦਹਾਕਿਆਂ ਤੋਂ ਪਾਰਟੀ ਦੀ ਹਾਰ ਹੁੰਦੀ ਰਹੀ ਸੀ, ਪਰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਤੂਫ਼ਾਨ ਦੇ ਬਾਵਜੂਦ ਸਨੌਰ ਦੀ ਜਨਤਾ ਨੇ ਆਪਣਾ ਵਿਸ਼ਵਾਸ ਜਤਾਉਂਦੇ ਹੋਏ ਉਨ੍ਹਾਂ ਨੂੰ ਜਿੱਤ ਦਿਵਾਈ। ਉਨ੍ਹਾਂ ਕਿਹਾ ਕਿ ਚੰਦੂਮਾਜਰਾ ਪਰਿਵਾਰ ਦਾ ਇਸ ਇਲਾਕੇ ਨਾਲ ਸਿਰਫ਼ ਰਾਜਨੀਤਿਕ ਹੀ ਨਹੀਂ, ਸਗੋਂ ਗੂੜ੍ਹਾ ਪਰਿਵਾਰਕ ਤੇ ਭਾਵਨਾਤਮਕ ਰਿਸ਼ਤਾ ਹੈ।
ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਜਦੋਂ ਪ੍ਰੋ. ਚੰਦੂਮਾਜਰਾ ਦਾ ਫੈਸਲਾ ਸਾਹਮਣੇ ਆਇਆ, ਤਾਂ ਇਲਾਕੇ ਦੇ ਵਰਕਰਾਂ ਅਤੇ ਆਗੂਆਂ ਦੇ ਵੱਡੀ ਗਿਣਤੀ ਵਿੱਚ ਫ਼ੋਨ ਆਉਣੇ ਸ਼ੁਰੂ ਹੋ ਗਏ। ਇਸ ਤੋਂ ਬਾਅਦ ਇਲਾਕੇ ਦੇ ਪ੍ਰਮੁੱਖ ਆਗੂਆਂ ਦੀ ਇੱਕ ਵਿਸ਼ੇਸ਼ ਬੈਠਕ ਬੁਲਾਈ ਗਈ। ਬੈਠਕ ਵਿੱਚ ਸਾਰਿਆਂ ਨੇ ਇੱਕਸੁਰ ਹੋ ਕੇ ਮੰਨਿਆ ਕਿ ਪਿਛਲੇ ਲੰਬੇ ਸਮੇਂ ਤੋਂ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਅਤੇ ਲੋਕ-ਵਿਰੋਧੀ ਨੀਤੀਆਂ ਖ਼ਿਲਾਫ਼ ਜਿਵੇਂ ਮੈਦਾਨ ਵਿੱਚ ਉੱਤਰ ਕੇ ਵਿਰੋਧ ਕਰਨਾ ਚਾਹੀਦਾ ਸੀ, ਉਹ ਭੂਮਿਕਾ ਪਾਰਟੀ ਵਿੱਚ ਰਹਿ ਕੇ ਨਹੀਂ ਨਿਭਾਈ ਜਾ ਰਹੀ ਸੀ। ਪਾਰਟੀ ਦੀ ਗਤੀਵਿਧੀ ਕੇਵਲ ਸੋਸ਼ਲ ਮੀਡੀਆ ਅਤੇ ਅਖ਼ਬਾਰੀ ਬਿਆਨਬਾਜ਼ੀ ਤੱਕ ਹੀ ਸੀਮਤ ਹੋ ਕੇ ਰਹਿ ਗਈ ਸੀ।
ਉਨ੍ਹਾਂ ਕਿਹਾ ਕਿ ਜਿਹੜੇ ਆਗੂ ਤੇ ਜਰਨੈਲ ਹਮੇਸ਼ਾ ਲੋਕਾਂ ਦੀ ਆਵਾਜ਼ ਬਣ ਕੇ ਮੈਦਾਨਾਂ ਵਿੱਚ ਗੂੰਜਦੇ ਸਨ, ਉਹ ਪਾਰਟੀ ਦੀ ਮੌਜੂਦਾ ਕਾਰਜਸ਼ੈਲੀ ਕਾਰਨ ਆਪਣੇ ਆਪ ਨੂੰ ਘਰਾਂ ਵਿੱਚ ਬੈਠੇ ਮਹਿਸੂਸ ਕਰ ਰਹੇ ਸਨ ਅਤੇ ਸ਼ਰਮਿੰਦਗੀ ਮਹਿਸੂਸ ਕਰ ਰਹੇ ਸਨ।
ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਸਮੁੱਚੀ ਪੰਥਕ ਧਿਰਾਂ ਨੂੰ ਇੱਕ ਪਲੇਟਫ਼ਾਰਮ ਅਤੇ ਇੱਕ ਝੰਡੇ ਹੇਠ ਇਕੱਠੇ ਹੋਣ ਦੀ ਜੋ ਅਪੀਲ ਕੀਤੀ ਗਈ ਹੈ, ਸਨੌਰ ਹਲਕਾ ਉਸ ਦਾ ਪੂਰਨ ਸਮਰਥਨ ਕਰਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਕਾਲੀ ਦਲ ਪੁਨਰ ਸੁਰਜੀਤ ਤੋਂ ਵੱਖ ਹੋਣ ਦਾ ਇਹ ਫੈਸਲਾ ਪੰਥਕ ਏਕਤਾ ਅਤੇ ਪੰਜਾਬ ਦੇ ਭਲੇ ਹਿੱਤ ਲਿਆ ਗਿਆ ਹੈ।
















