Join WhatsApp

Join Now

Japan Earthquake: ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ! 22 ਲੋਕ ਜ਼ਖ਼ਮੀ

On: November 8, 2026 10:37 AM

 

Japan Earthquake: ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ! 22 ਲੋਕ ਜ਼ਖ਼ਮੀ

ਜਪਾਨ ਵਿੱਚ 5.7 ਤੀਬਰਤਾ ਦਾ ਭੂਚਾਲ, 22 ਲੋਕ ਜ਼ਖ਼ਮੀ; ਕਈ ਇਲਾਕਿਆਂ ਵਿੱਚ ਦਹਿਸ਼ਤ, ਸੁਨਾਮੀ ਦਾ ਖ਼ਤਰਾ ਨਹੀਂ

ਟੋਕੀਓ 8 ਨਵੰਬਰ 2026

ਜਾਪਾਨ ਵਿੱਚ ਐਤਵਾਰ ਸਵੇਰੇ ਇੱਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕਿਆਂ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 5.7 ਮਾਪੀ ਗਈ। ਝਟਕੇ ਇੰਨੇ ਜ਼ੋਰਦਾਰ ਸਨ ਕਿ ਕਈ ਇਮਾਰਤਾਂ ਦੀਆਂ ਖਿੜਕੀਆਂ ਟੁੱਟ ਗਈਆਂ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਘਰਾਂ, ਦਫ਼ਤਰਾਂ ਅਤੇ ਹੋਰ ਇਮਾਰਤਾਂ ਵਿੱਚੋਂ ਬਾਹਰ ਨਿਕਲਣ ਲੱਗੇ। ਇਸ ਦੌਰਾਨ ਮਚੀ ਭੱਜ-ਦੌੜ ਵਿੱਚ 22 ਵਿਅਕਤੀ ਜ਼ਖ਼ਮੀ ਹੋ ਗਏ।

ਰਾਹਤ ਦੀ ਗੱਲ ਇਹ ਰਹੀ ਕਿ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕਰਨ ਦੀ ਲੋੜ ਨਹੀਂ ਪਈ। ਜਾਪਾਨ ਦੇ ਮੌਸਮ ਵਿਗਿਆਨ ਵਿਭਾਗ (ਜੇਐੱਮਏ) ਅਨੁਸਾਰ ਭੂਚਾਲ ਸਥਾਨਕ ਸਮੇਂ ਮੁਤਾਬਕ ਐਤਵਾਰ ਸਵੇਰੇ 1 ਵੱਜ ਕੇ 4 ਮਿੰਟ ’ਤੇ ਆਇਆ। ਇਸ ਦਾ ਕੇਂਦਰ ਮੱਧ ਜਾਪਾਨ ਦੇ ਸ਼ਿਜ਼ੂਓਕਾ ਸੂਬੇ ਦੇ ਪੱਛਮੀ ਹਿੱਸੇ ਵਿੱਚ ਧਰਤੀ ਤੋਂ ਲਗਭਗ 40 ਕਿਲੋਮੀਟਰ ਹੇਠਾਂ ਸੀ।

ਦੂਜੇ ਪਾਸੇ, ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂਐੱਸਜੀਐੱਸ) ਨੇ ਇਸ ਭੂਚਾਲ ਦੀ ਤੀਬਰਤਾ 5.5 ਦਰਜ ਕੀਤੀ ਹੈ। ਭੂਚਾਲ ਦੇ ਝਟਕੇ ਆਇਚੀ, ਨਾਗਾਨੋ ਅਤੇ ਗਿਫੂ ਸੂਬਿਆਂ ਦੇ ਕਈ ਇਲਾਕਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਆਇਚੀ ਸੂਬੇ ਦੇ ਚਿਤਾ ਇਲਾਕੇ ਵਿੱਚ ਜਾਪਾਨ ਦੇ ਭੂਚਾਲੀ ਤੀਬਰਤਾ ਮਾਪਦੰਡ ਅਨੁਸਾਰ ਝਟਕਿਆਂ ਦੀ ਤੀਬਰਤਾ ਪੰਜ ਤੋਂ ਵੱਧ ਦਰਜ ਕੀਤੀ ਗਈ।

ਇਸ ਤੋਂ ਇਲਾਵਾ ਕਈ ਹੋਰ ਇਲਾਕਿਆਂ ਵਿੱਚ ਵੀ ਭੂਚਾਲ ਤੋਂ ਬਾਅਦ ਦੇ ਝਟਕੇ ਮਹਿਸੂਸ ਕੀਤੇ ਗਏ।

ਸਰਕਾਰ ਵੱਲੋਂ ਐਮਰਜੈਂਸੀ ਪ੍ਰਬੰਧ, ਬਚਾਅ ਦਲ ਚੌਕਸ

ਭੂਚਾਲ ਤੋਂ ਬਾਅਦ ਜਾਪਾਨ ਸਰਕਾਰ ਨੇ ਹਾਲਾਤ ’ਤੇ ਨਜ਼ਰ ਰੱਖਣ ਅਤੇ ਰਾਹਤ ਕਾਰਜਾਂ ਵਿੱਚ ਤਾਲਮੇਲ ਬਣਾਉਣ ਲਈ ਵਿਸ਼ੇਸ਼ ਐਮਰਜੈਂਸੀ ਦਫ਼ਤਰ ਸਥਾਪਤ ਕੀਤਾ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਬਚਾਅ ਦਲਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸੰਭਾਵਿਤ ਹੋਰ ਝਟਕਿਆਂ ਨੂੰ ਧਿਆਨ ਵਿੱਚ ਰੱਖਦਿਆਂ ਸੁਰੱਖਿਆ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਭੂਚਾਲ ਤੋਂ ਬਾਅਦ ਦੇ ਝਟਕਿਆਂ ਦੀਆਂ ਸੰਭਾਵਨਾਵਾਂ ਕਾਰਨ ਪ੍ਰਭਾਵਿਤ ਇਲਾਕਿਆਂ ਵਿੱਚ ਨਿਗਰਾਨੀ ਜਾਰੀ ਹੈ।

ਕਿਉਂ ਆਉਂਦੇ ਹਨ ਜਾਪਾਨ ਵਿੱਚ ਵਾਰ-ਵਾਰ ਭੂਚਾਲ?

ਜਾਪਾਨ ਵਿੱਚ ਵਾਰ-ਵਾਰ ਭੂਚਾਲ ਆਉਣ ਦਾ ਮੁੱਖ ਕਾਰਨ ਇਸ ਦੀ ਭੂਗੋਲਿਕ ਸਥਿਤੀ ਹੈ। ਇਹ ਦੇਸ਼ ਪ੍ਰਸ਼ਾਂਤ ਮਹਾਸਾਗਰ ਦੇ ਅਖੌਤੀ ‘ਅੱਗ ਦੇ ਘੇਰੇ’ (ਰਿੰਗ ਆਫ਼ ਫਾਇਰ) ਵਿੱਚ ਸਥਿਤ ਹੈ, ਜਿੱਥੇ ਚਾਰ ਪ੍ਰਮੁੱਖ ਭੂਗਰਭੀ ਪਲੇਟਾਂ ਪ੍ਰਸ਼ਾਂਤ, ਫਿਲੀਪੀਨ ਸਾਗਰ, ਯੂਰੇਸ਼ੀਅਨ ਅਤੇ ਉੱਤਰੀ ਅਮਰੀਕੀ ਪਲੇਟਾਂ ਆਪਸ ਵਿੱਚ ਮਿਲਦੀਆਂ ਅਤੇ ਟਕਰਾਉਂਦੀਆਂ ਹਨ।

ਇਨ੍ਹਾਂ ਪਲੇਟਾਂ ਦੀ ਹਿਲਜੁਲ ਅਤੇ ਇੱਕ ਪਲੇਟ ਦਾ ਦੂਜੀ ਦੇ ਹੇਠਾਂ ਧਸਣਾ, ਜਿਸ ਨੂੰ ਭੂਗਰਭੀ ਵਿਗਿਆਨ ਵਿੱਚ ‘ਸਬਡਕਸ਼ਨ’ ਕਿਹਾ ਜਾਂਦਾ ਹੈ, ਧਰਤੀ ਦੇ ਅੰਦਰ ਭਾਰੀ ਦਬਾਅ ਪੈਦਾ ਕਰਦਾ ਹੈ। ਜਦੋਂ ਇਹ ਦਬਾਅ ਅਚਾਨਕ ਮੁਕਤ ਹੁੰਦਾ ਹੈ ਤਾਂ ਊਰਜਾ ਦੀਆਂ ਤਰੰਗਾਂ ਪੈਦਾ ਹੁੰਦੀਆਂ ਹਨ, ਜਿਨ੍ਹਾਂ ਕਾਰਨ ਧਰਤੀ ਹਿੱਲਣ ਲੱਗਦੀ ਹੈ ਅਤੇ ਭੂਚਾਲ ਆਉਂਦਾ ਹੈ।

 

Leave a Comment