ਵੱਡੀ ਖ਼ਬਰ: ਪੰਜਾਬ ਆਉਣਗੇ ਪ੍ਰਿਯੰਕਾ ਗਾਂਧੀ! 50 ਉਮੀਦਵਾਰਾਂ ਦੀ ਲਿਸਟ ਫਾਈਨਲ ਹੋਣ ਦੇ ਚਰਚੇ
ਪੰਜਾਬ ਚੋਣਾਂ ਲਈ ਕਾਂਗਰਸ ਦੀ ਵੱਡੀ ਤਿਆਰੀ: ਦੋਆਬਾ ‘ਚ ਵਿਸ਼ਾਲ ਰੈਲੀ ਨੂੰ ਕਰਨਗੇ ਸੰਬੋਧਨ- ਸੰਗਰੂਰ ਵਿੱਚ ਰਾਹੁਲ ਗਾਂਧੀ ਅਤੇ ਖੜਗੇ ਦੇ ਧਮਾਕੇ ਤੋਂ ਬਾਅਦ ਹੁਣ ਪ੍ਰਿਯੰਕਾ ਗਾਂਧੀ ਸੰਭਾਲਣਗੇ ਚੋਣ ਪ੍ਰਚਾਰ ਦੀ ਕਮਾਨ
ਚੰਡੀਗੜ੍ਹ 7 ਨਵੰਬਰ 2026- ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਸੂਬੇ ਦਾ ਸਿਆਸੀ ਪਾਰਾ ਲਗਾਤਾਰ ਚੜ੍ਹਦਾ ਜਾ ਰਿਹਾ ਹੈ। ਇਸੇ ਸਿਲਸਿਲੇ ਵਿੱਚ ਕਾਂਗਰਸ ਪਾਰਟੀ ਵੱਲੋਂ ਇੱਕ ਬਹੁਤ ਹੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਤੋਂ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ, ਕਾਂਗਰਸ ਦੀ ਸੀਨੀਅਰ ਆਗੂ & MP ਪ੍ਰਿਯੰਕਾ ਗਾਂਧੀ ਜਲਦ ਹੀ ਪੰਜਾਬ ਦੇ ਦੌਰੇ ‘ਤੇ ਆ ਰਹੇ ਹਨ।
ਪ੍ਰਿਯੰਕਾ ਗਾਂਧੀ ਪੰਜਾਬ ਦੇ ਮਹੱਤਵਪੂਰਨ ਖੇਤਰ ਦੋਆਬਾ ਵਿਖੇ ਇੱਕ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ। ਸੂਤਰਾਂ ਦੇ ਹਵਾਲੇ ਨਾਲ ਇਹ ਵੀ ਵੱਡੀ ਜਾਣਕਾਰੀ ਮਿਲ ਰਹੀ ਹੈ ਕਿ ਕਾਂਗਰਸ ਹਾਈਕਮਾਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਪਹਿਲੇ 50 ਉਮੀਦਵਾਰਾਂ ਦੀ ਲਿਸਟ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਹਨ।
ਪਾਰਟੀ ਅੰਦਰ ਚੱਲ ਰਹੀਆਂ ਬੈਠਕਾਂ ਤੋਂ ਬਾਅਦ ਲਗਭਗ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਇਹ ਸੂਚੀ ਅਧਿਕਾਰਤ ਤੌਰ ‘ਤੇ ਜਾਰੀ ਕਰ ਦਿੱਤੀ ਜਾਵੇਗੀ। ਇਸ ਕਦਮ ਨਾਲ ਕਾਂਗਰਸ ਚੋਣ ਮੈਦਾਨ ਵਿੱਚ ਬਾਕੀ ਵਿਰੋਧੀ ਧਿਰਾਂ ਨਾਲੋਂ ਅੱਗੇ ਨਿਕਲਣ ਦੀ ਰਣਨੀਤੀ ਬਣਾ ਰਹੀ ਹੈ।
ਰਾਹੁਲ ਗਾਂਧੀ ਅਤੇ ਮੱਲਿਕਾਰਜੁਨ ਖੜਗੇ ਦੇ ਦੌਰੇ ਤੋਂ ਬਾਅਦ ਨਵਾਂ ਉਤਸ਼ਾਹ
ਜ਼ਿਕਰਯੋਗ ਹੈ ਕਿ ਇਸੇ ਮਹੀਨੇ ਦੀ 4 ਤਰੀਕ ਨੂੰ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੰਗਰੂਰ ਦਾ ਦੌਰਾ ਕੀਤਾ ਸੀ। ਉੱਥੇ ਉਨ੍ਹਾਂ ਨੇ ਵਰਕਰਾਂ ਵਿੱਚ ਨਵਾਂ ਰੂਹਾਨੀ ਜੋਸ਼ ਭਰਿਆ ਸੀ ਅਤੇ ਇੱਕ ਵੱਡੀ ਰੈਲੀ ਰਾਹੀਂ ਵਿਰੋਧੀ ਪਾਰਟੀਆਂ ਨੂੰ ਕਰਾਰਾ ਜਵਾਬ ਦਿੱਤਾ ਸੀ। ਸੰਗਰੂਰ ਦੌਰੇ ਤੋਂ ਬਾਅਦ ਹੁਣ ਪ੍ਰਿਯੰਕਾ ਗਾਂਧੀ ਦਾ ਦੋਆਬਾ ਆਉਣਾ ਪਾਰਟੀ ਲਈ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।
ਸਿਆਸੀ ਮਾਹਿਰਾਂ ਅਨੁਸਾਰ ਪੰਜਾਬ ਦੀ ਸਿਆਸਤ ਵਿੱਚ ਦੋਆਬਾ ਖੇਤਰ ਹਮੇਸ਼ਾ ਹੀ ਫ਼ੈਸਲਾਕੁੰਨ ਭੂਮਿਕਾ ਨਿਭਾਉਂਦਾ ਰਿਹਾ ਹੈ। ਪ੍ਰਿਯੰਕਾ ਗਾਂਧੀ ਦੀ ਇਸ ਰੈਲੀ ਰਾਹੀਂ ਕਾਂਗਰਸ ਨਾ ਸਿਰਫ਼ ਦੋਆਬੇ ਦੇ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰੇਗੀ, ਸਗੋਂ ਪੂਰੇ ਸੂਬੇ ਵਿੱਚ ਪਾਰਟੀ ਵਰਕਰਾਂ ਨੂੰ ਚੋਣਾਂ ਲਈ ਪੂਰੀ ਤਰ੍ਹਾਂ ਸਰਗਰਮ ਕਰੇਗੀ।
ਪਾਰਟੀ ਦੇ ਸਥਾਨਕ ਆਗੂਆਂ ਨੇ ਇਸ ਰੈਲੀ ਨੂੰ ਸਫ਼ਲ ਬਣਾਉਣ ਲਈ ਜ਼ਮੀਨੀ ਪੱਧਰ ‘ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਾਂਗਰਸ ਵੱਲੋਂ ਜਲਦ ਹੀ ਪ੍ਰਿਯੰਕਾ ਗਾਂਧੀ ਦੇ ਪੰਜਾਬ ਆਉਣ ਦੀ ਪੱਕੀ ਤਾਰੀਖ਼ ਅਤੇ ਰੈਲੀ ਦੇ ਸਥਾਨ ਦਾ ਅਧਿਕਾਰਤ ਐਲਾਨ ਕੀਤਾ ਜਾਵੇਗਾ। ਪਾਰਟੀ ਵਰਕਰਾਂ ਵਿੱਚ ਇਸ ਦੌਰੇ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
















