Join WhatsApp

Join Now

AAP ਪੰਜਾਬ ਨੂੰ ਝਟਕਾ: ਸੀਨੀਅਰ ਲੀਡਰ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਛੱਡੀ ਪਾਰਟੀ, ਦਿੱਤਾ ਅਸਤੀਫ਼ਾ

On: November 8, 2026 12:12 PM

 

AAP Punjab ਨੂੰ ਝਟਕਾ: ਸੀਨੀਅਰ ਲੀਡਰ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਛੱਡੀ ਪਾਰਟੀ- ਦਿੱਤਾ ਅਸਤੀਫ਼ਾ

ਹੁਸ਼ਿਆਰਪੁਰ, 8 ਨਵੰਬਰ 2026: ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੁਸ਼ਿਆਰਪੁਰ ਦੀ ਸਿਆਸਤ ਵਿੱਚ ਨਵਾਂ ਘਟਨਾਕ੍ਰਮ ਸਾਹਮਣੇ ਆਇਆ ਹੈ। ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਦੇ ਮੈਂਬਰ ਕੁਲਜੀਤ ਸਿੰਘ ਬਜਵਾੜਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਖ਼ੁਦ ਪਾਰਟੀ ਛੱਡਣ ਦੀ ਪੁਸ਼ਟੀ ਕਰਦਿਆਂ ਇਸ ਫ਼ੈਸਲੇ ਪਿੱਛੇ ਘਰੇਲੂ ਜ਼ਿੰਮੇਵਾਰੀਆਂ ਨੂੰ ਕਾਰਨ ਦੱਸਿਆ ਹੈ। ਹਾਲਾਂਕਿ, ਉਨ੍ਹਾਂ ਦੇ ਅਚਾਨਕ ਲਏ ਗਏ ਇਸ ਫ਼ੈਸਲੇ ਨੇ ਜ਼ਿਲ੍ਹੇ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।

ਦਰਅਸਲ, ਕੁਲਜੀਤ ਸਿੰਘ ਬਜਵਾੜਾ ਨੂੰ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਉਹ ਲੰਮੇ ਸਮੇਂ ਤੋਂ ਇਸ ਹਲਕੇ ਵਿੱਚ ਆਪਣੀ ਸਿਆਸੀ ਸਰਗਰਮੀ ਵਧਾ ਰਹੇ ਸਨ ਅਤੇ ਪਾਰਟੀ ਅੰਦਰ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਦੌਰਾਨ ਪਾਰਟੀ ਹਾਈਕਮਾਂਡ ਵੱਲੋਂ ਮੌਜੂਦਾ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੂੰ ਮੁੜ ਹੁਸ਼ਿਆਰਪੁਰ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ।

ਇਸ ਐਲਾਨ ਤੋਂ ਕੁਝ ਦਿਨਾਂ ਬਾਅਦ ਹੀ ਬਜਵਾੜਾ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਛੱਡਣ ਦੇ ਫ਼ੈਸਲੇ ਨੇ ਸਿਆਸੀ ਹਲਕਿਆਂ ਵਿੱਚ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਿਆਸੀ ਮਾਹਿਰਾਂ ਅਤੇ ਸਥਾਨਕ ਹਲਕਿਆਂ ਵਿੱਚ ਇਹ ਚਰਚਾ ਵੀ ਚੱਲ ਰਹੀ ਹੈ ਕਿ ਕੀ ਬਜਵਾੜਾ ਦਾ ਅਸਤੀਫ਼ਾ ਟਿਕਟ ਨਾ ਮਿਲਣ ਕਾਰਨ ਪੈਦਾ ਹੋਈ ਨਾਰਾਜ਼ਗੀ ਦਾ ਨਤੀਜਾ ਹੈ। ਹਾਲਾਂਕਿ, ਬਜਵਾੜਾ ਨੇ ਆਪਣੇ ਬਿਆਨ ਵਿੱਚ ਟਿਕਟ ਨੂੰ ਲੈ ਕੇ ਕਿਸੇ ਕਿਸਮ ਦੀ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ ਅਤੇ ਨਾ ਹੀ ਪਾਰਟੀ ਛੱਡਣ ਪਿੱਛੇ ਕਿਸੇ ਸਿਆਸੀ ਕਾਰਨ ਦੀ ਪੁਸ਼ਟੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਬ੍ਰਹਮ ਸ਼ੰਕਰ ਜਿੰਪਾ ਨੂੰ ਮੁੜ ਉਮੀਦਵਾਰ ਐਲਾਨੇ ਜਾਣ ਨਾਲ ਹੁਸ਼ਿਆਰਪੁਰ ਹਲਕੇ ਵਿੱਚ ਪਾਰਟੀ ਦੀ ਟਿਕਟ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਨੂੰ ਵਿਰਾਮ ਲੱਗਿਆ ਸੀ, ਪਰ ਹੁਣ ਬਜਵਾੜਾ ਦੇ ਅਸਤੀਫ਼ੇ ਨੇ ਨਵੇਂ ਸਿਆਸੀ ਸਮੀਕਰਨਾਂ ਬਾਰੇ ਚਰਚਾ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕੁਲਜੀਤ ਸਿੰਘ ਬਜਵਾੜਾ ਕਿਸੇ ਹੋਰ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣਗੇ ਜਾਂ ਕੁਝ ਸਮੇਂ ਲਈ ਸਰਗਰਮ ਸਿਆਸਤ ਤੋਂ ਦੂਰੀ ਬਣਾਉਣਗੇ।

ਉਨ੍ਹਾਂ ਦੇ ਅਗਲੇ ਸਿਆਸੀ ਕਦਮ ਬਾਰੇ ਵੀ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਹੁਣ ਦੇਖਣਾ ਹੋਵੇਗਾ ਕਿ ਬਜਵਾੜਾ ਦੇ ਇਸ ਫ਼ੈਸਲੇ ਦਾ ਹੁਸ਼ਿਆਰਪੁਰ ਵਿੱਚ ਆਮ ਆਦਮੀ ਪਾਰਟੀ ਦੀ ਸਿਆਸੀ ਸਰਗਰਮੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ’ਤੇ ਕੀ ਅਸਰ ਪੈਂਦਾ ਹੈ।

 

Leave a Comment