Join WhatsApp

Join Now

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀਆਂ ਵਧੀਆਂ ਮੁਸ਼ਕਲਾਂ; ਵਿਜੀਲੈਂਸ ਜਾਂਚ ਨਵੇਂ ਤੱਥ ਆਏ ਸਾਹਮਣੇ, ਵਿੱਤੀ ਗੜਬੜੀਆਂ ਦਾ ਦੋਸ਼!

On: November 11, 2026 7:16 PM

 

Chief Election Commissioner: ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀਆਂ ਵਧੀਆਂ ਮੁਸ਼ਕਲਾਂ; ਵਿਜੀਲੈਂਸ ਜਾਂਚ ਤੱਥ ਨਵੇਂ ਆਏ ਸਾਹਮਣੇ, ਵਿੱਤੀ ਗੜਬੜੀਆਂ ਦਾ ਦੋਸ਼!

ਐਮ.ਸੀ. ਰੋਡ ਪ੍ਰੋਜੈਕਟ ‘ਚ ਭ੍ਰਿਸ਼ਟਾਚਾਰ ਦੇ ਦੋਸ਼: ਕੇਰਲ ਸਰਕਾਰ ਵੱਲੋਂ ਗਿਆਨੇਸ਼ ਕੁਮਾਰ ਵਿਰੁੱਧ ਬਿਨਾਂ ਸਿਆਸੀ ਦਖ਼ਲ ਤੋਂ ਜਾਂਚ ਦਾ ਭਰੋਸਾ- ਮੁੱਖ ਚੋਣ ਕਮਿਸ਼ਨਰ ‘ਤੇ 2 ਕਰੋੜ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ; ਰਮੇਸ਼ ਚੇਨਿਥਲਾ ਬੋਲੇ- ਕਾਨੂੰਨ ਮੁਤਾਬਕ ਹੋਵੇਗੀ ਕਾਰਵਾਈ

ਤਿਰੂਵਨੰਤਪੁਰਮ 11 ਨਵੰਬਰ 2026- ਕੇਰਲ ਦੇ ਗ੍ਰਹਿ ਮੰਤਰੀ ਰਮੇਸ਼ ਚੇਨਿਥਲਾ ਨੇ 11 ਨਵੰਬਰ ਨੂੰ ਇੱਕ ਅਹਿਮ ਬਿਆਨ ਦਿੰਦਿਆਂ ਦੱਸਿਆ ਕਿ ਦੇਸ਼ ਦੇ ਮੁੱਖ ਚੋਣ ਕਮਿਸ਼ਨਰ (Chief Election Commissioner) ਗਿਆਨੇਸ਼ ਕੁਮਾਰ ਵਿਰੁੱਧ ਲੱਗੇ ਕਥਿਤ ਭ੍ਰਿਸ਼ਟਾਚਾਰ ਅਤੇ ਗੜਬੜੀਆਂ ਦੇ ਦੋਸ਼ਾਂ ਦੀ ਜਾਂਚ ਦੌਰਾਨ ਨਵੇਂ ਤੱਥ ਸਾਹਮਣੇ ਆ ਰਹੇ ਹਨ। ਇਹ ਮਾਮਲਾ ਉਸ ਵੇਲੇ ਨਾਲ ਸਬੰਧਤ ਹੈ ਜਦੋਂ ਗਿਆਨੇਸ਼ ਕੁਮਾਰ ਕੇਰਲ ਦੇ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਦੇ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਸਨ।

ਗ੍ਰਹਿ ਮੰਤਰੀ ਨੇ ਸਪੱਸ਼ਟ ਕੀਤਾ ਕਿ ਰਾਜ ਦੀ ਵਿਜੀਲੈਂਸ ਅਤੇ ਐਂਟੀ-ਕਰੱਪਸ਼ਨ ਬਿਊਰੋ (ਵੀ.ਏ.ਸੀ.ਬੀ.) ਨੂੰ ਬਿਨਾਂ ਕਿਸੇ ਸਿਆਸੀ ਦਬਾਅ ਜਾਂ ਦਖ਼ਲਅੰਦਾਜ਼ੀ ਦੇ ਨਿਰਪੱਖਤਾ ਨਾਲ ਇਸ ਮਾਮਲੇ ਦੀ ਜਾਂਚ ਕਰਨ ਦਿੱਤੀ ਜਾਣੀ ਚਾਹੀਦੀ ਹੈ। ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਰਮੇਸ਼ ਚੇਨਿਥਲਾ ਨੇ ਦੱਸਿਆ ਕਿ ਗਿਆਨੇਸ਼ ਕੁਮਾਰ ਦੇ ਕੇਰਲ ਵਿਚਲੇ ਕਾਰਜਕਾਲ ਦੌਰਾਨ ਹੋਈਆਂ ਵਿੱਤੀ ਅਨਿਯਮਤਤਾਵਾਂ ਅਤੇ ਧਾਂਦਲੀਆਂ ਦੇ ਸਬੰਧ ਵਿੱਚ ਕਈ ਸ਼ਿਕਾਇਤਾਂ ਅਤੇ ਪਟੀਸ਼ਨਾਂ ਪ੍ਰਾਪਤ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਪੂਰੀ ਜਾਂਚ ਕਾਨੂੰਨੀ ਪ੍ਰਕਿਰਿਆ ਦੇ ਦਾਇਰੇ ਵਿੱਚ ਰਹਿ ਕੇ ਹੀ ਕੀਤੀ ਜਾਵੇਗੀ ਅਤੇ ਸਰਕਾਰ ਜਾਂ ਕੋਈ ਹੋਰ ਸੰਸਥਾ ਵਿਜੀਲੈਂਸ ਏਜੰਸੀ ਦੇ ਕੰਮਕਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਹੀਂ ਪਾਵੇਗੀ। ਜ਼ਿਕਰਯੋਗ ਹੈ ਕਿ 4 ਨਵੰਬਰ ਨੂੰ ਰਮੇਸ਼ ਚੇਨਿਥਲਾ ਨੇ ਐਲਾਨ ਕੀਤਾ ਸੀ ਕਿ ਕੇਰਲ ਸਰਕਾਰ ਨੇ ਗਿਆਨੇਸ਼ ਕੁਮਾਰ ਵਿਰੁੱਧ ਲੱਗੇ ਦੋਸ਼ਾਂ ਦੀ ਵੀ.ਏ.ਸੀ.ਬੀ. ਤੋਂ ਜਾਂਚ ਕਰਵਾਉਣ ਦੀ ਮੰਜ਼ੂਰੀ ਦੇ ਦਿੱਤੀ ਹੈ।

ਇਹ ਫ਼ੈਸਲਾ ਕਾਨੂੰਨੀ ਮਾਹਰਾਂ ਦੀ ਸਲਾਹ ਲੈਣ ਤੋਂ ਬਾਅਦ ਅਤੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕਰਨ ਉਪਰੰਤ ਲਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ਿਕਾਇਤਾਂ ਤਿਰੂਵਨੰਤਪੁਰਮ ਅਤੇ ਅੰਗਮਾਲੀ ਨੂੰ ਜੋੜਨ ਵਾਲੇ ਪ੍ਰਮੁੱਖ ‘ਮੇਨ ਸੈਂਟਰਲ ਰੋਡ’ ਪ੍ਰੋਜੈਕਟ ਨਾਲ ਜੁੜੀਆਂ ਹੋਈਆਂ ਹਨ, ਜਿਸ ਵਿੱਚ ਠੇਕੇਦਾਰਾਂ ਦੇ ਬਿੱਲ ਪਾਸ ਕਰਨ ਬਦਲੇ ਵੱਡੀਆਂ ਗੜਬੜੀਆਂ ਕੀਤੀਆਂ ਗਈਆਂ ਸਨ। ਇਸ ਸੜਕੀ ਪ੍ਰੋਜੈਕਟ ਲਈ ਏਸ਼ੀਅਨ ਡਿਵੈਲਪਮੈਂਟ ਬੈਂਕ (ਏ.ਡੀ.ਬੀ.) ਵੱਲੋਂ ਫੰਡ ਮੁਹੱਈਆ ਕਰਵਾਇਆ ਗਿਆ ਸੀ।

ਇਸ ਮਾਮਲੇ ਵਿੱਚ ਸਾਜਨ ਨਾਮੀ ਵਿਅਕਤੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਗਿਆਨੇਸ਼ ਕੁਮਾਰ ਨੇ ਬਕਾਇਆ ਭੁਗਤਾਨ ਪਾਸ ਕਰਨ ਦੇ ਇਵਜ਼ ਵਿੱਚ 2 ਕਰੋੜ ਰੁਪਏ ਦੀ ਵੱਢੀ ਮੰਗੀ ਸੀ। ਇਸ ਤੋਂ ਇਲਾਵਾ, ਇਸ ਜਾਂਚ ਵਿੱਚ ਲੀ ਸੀ ਬੀਨ ਦੀ ਖ਼ੁਦਕੁਸ਼ੀ ਨਾਲ ਜੁੜੇ ਸਵਾਲ ਵੀ ਸ਼ਾਮਲ ਕੀਤੇ ਗਏ ਹਨ। ਲੀ ਸੀ ਬੀਨ ਸੜਕ ਪ੍ਰੋਜੈਕਟ ਕੰਸੋਰਟੀਅਮ ਵਿੱਚ ਸ਼ਾਮਲ ਇੱਕ ਮਲੇਸ਼ੀਆਈ ਕੰਪਨੀ ਦਾ ਪ੍ਰੋਜੈਕਟ ਅਧਿਕਾਰੀ ਸੀ।

ਗ੍ਰਹਿ ਮੰਤਰੀ ਨੇ ਸਪੱਸ਼ਟ ਕੀਤਾ ਕਿ ਵਿਜੀਲੈਂਸ ਵੱਲੋਂ ਰਸਮੀ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ‘ਭ੍ਰਿਸ਼ਟਾਚਾਰ ਰੋਕੂ ਐਕਟ’ ਦੀ ਧਾਰਾ 17-ਏ ਤਹਿਤ ਰਾਜ ਸਰਕਾਰ ਦੀ ਪ੍ਰਵਾਨਗੀ ਲੈਣੀ ਜ਼ਰੂਰੀ ਸੀ, ਜੋ ਕਿ ਪੂਰੀ ਕਰ ਲਈ ਗਈ ਹੈ। ਇਸ ਦੇ ਨਾਲ ਹੀ ਕੇਰਲ ਦੇ ਗ੍ਰਹਿ ਮੰਤਰੀ ਨੇ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਦੀ ਨਵੀਂ ਕਿਤਾਬ ‘ਬਿਲੌਂਗਿੰਗ: ਅ ਜਰਨੀ ਆਫ਼ ਲਵ’ ਦੀ ਭਰਪੂਰ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਇਹ ਪੁਸਤਕ ਸੋਨੀਆ ਗਾਂਧੀ ਦੇ ਜੀਵਨ, ਉਨ੍ਹਾਂ ਦੀ ਸਾਦਗੀ, ਵਚਨਬੱਧਤਾ ਅਤੇ ਇਮਾਨਦਾਰੀ ਦਾ ਇੱਕ ਵਧੀਆ ਵੇਰਵਾ ਪੇਸ਼ ਕਰਦੀ ਹੈ। ਭਾਜਪਾ ਵੱਲੋਂ ਇਸ ਕਿਤਾਬ ‘ਤੇ ਕੀਤੀ ਜਾ ਰਹੀ ਨੁਕਤਾਚੀਨੀ ਦਾ ਜਵਾਬ ਦਿੰਦਿਆਂ ਚੇਨਿਥਲਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਵਜ੍ਹਾ ਆਲੋਚਨਾ ਕਰਨ ਦੀ ਬਜਾਏ ਇਸ ਪੁਸਤਕ ਦੀ ਸ਼ਲਾਘਾ ਕਰਨੀ ਚਾਹੀਦੀ ਹੈ।

 

Leave a Comment