Join WhatsApp

Join Now

Chandigarh: AAP ਵੱਲੋਂ 14 ਮੈਂਬਰੀ ਚੋਣ ਮੈਨੀਫੈਸਟੋ ਕਮੇਟੀ ਦਾ ਐਲਾਨ, ਪੜ੍ਹੋ ਲਿਸਟ

On: November 19, 2026 3:42 PM

 

Chandigarh: AAP ਵੱਲੋਂ 14 ਮੈਂਬਰੀ ਚੋਣ ਮੈਨੀਫੈਸਟੋ ਕਮੇਟੀ ਦਾ ਐਲਾਨ, ਪੜ੍ਹੋ ਲਿਸਟ

ਨਿਗਮ ਚੋਣਾਂ ਦੀ ਤਿਆਰੀ ਵਿੱਚ ਜੁਟੀ ਆਮ ਆਦਮੀ ਪਾਰਟੀ, ਜੇ.ਡੀ. ਘਈ ਬਣੇ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ- 14 ਸੀਨੀਅਰ ਆਗੂਆਂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ

ਚੰਡੀਗੜ੍ਹ 19 ਨਵੰਬਰ, 2026- ਆਗਾਮੀ ਚੰਡੀਗੜ੍ਹ ਨਗਰ ਨਿਗਮ (MC) ਚੋਣਾਂ ਨੂੰ ਮੁੱਖ ਰੱਖਦਿਆਂ ਆਮ ਆਦਮੀ ਪਾਰਟੀ (AAP) ਦੀ ਚੰਡੀਗੜ੍ਹ ਇਕਾਈ ਨੇ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਲੀਡਰਸ਼ਿਪ ਵੱਲੋਂ ਚੋਣਾਂ ਲਈ ਲੋਕ ਪੱਖੀ ਏਜੰਡਾ ਅਤੇ ਚੋਣ ਮਨੋਰਥ ਪੱਤਰ (ਮੈਨੀਫੈਸਟੋ) ਤਿਆਰ ਕਰਨ ਵਾਸਤੇ ਤੁਰੰਤ ਪ੍ਰਭਾਵ ਨਾਲ 14 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।

ਪਾਰਟੀ ਦੇ ਚੰਡੀਗੜ੍ਹ ਇੰਚਾਰਜ ਜਰਨੈਲ ਸਿੰਘ, ਸੂਬਾ ਪ੍ਰਧਾਨ ਵਿਜੇ ਪਾਲ ਸਿੰਘ ਅਤੇ ਜਨਰਲ ਸਕੱਤਰ ਓਮਕਾਰ ਸਿੰਘ ਔਲਖ ਦੇ ਸਾਂਝੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਅਧਿਕਾਰਤ ਪੱਤਰ ਰਾਹੀਂ ਇਨ੍ਹਾਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ ਹੈ।

May be an image of ticket stub and text

ਜਾਣਕਾਰੀ ਅਨੁਸਾਰ, ਚੰਡੀਗੜ੍ਹ ਸ਼ਹਿਰ ਦੇ ਵਸਨੀਕਾਂ ਦੀਆਂ ਸਮੱਸਿਆਵਾਂ, ਬੁਨਿਆਦੀ ਸਹੂਲਤਾਂ ਅਤੇ ਵਿਕਾਸ ਕਾਰਜਾਂ ਨੂੰ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕਰਨ ਲਈ ਵੱਖ-ਵੱਖ ਵਰਗਾਂ ਅਤੇ ਵਿੰਗਾਂ ਦੇ ਤਜਰਬੇਕਾਰ ਆਗੂਆਂ ਨੂੰ ਇਸ ਕਮੇਟੀ ਵਿੱਚ ਥਾਂ ਦਿੱਤੀ ਗਈ ਹੈ। ਪਾਰਟੀ ਦੇ ਖ਼ਜ਼ਾਨਚੀ ਜੇ.ਡੀ. ਘਈ ਨੂੰ ਇਸ ਅਹਿਮ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਅਗਵਾਈ ਹੇਠ ਕਮੇਟੀ ਦੇ ਬਾਕੀ 13 ਮੈਂਬਰ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਲੋਕਾਂ ਦੇ ਸੁਝਾਅ ਇਕੱਤਰ ਕਰਨਗੇ।

ਕਮੇਟੀ ਦੇ ਨਵ-ਨਿਯੁਕਤ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਪੂਰਾ ਵੇਰਵਾ

  1. ਜੇ.ਡੀ. ਘਈ (ਖ਼ਜ਼ਾਨਚੀ): ਚੇਅਰਮੈਨ
  2. ਐਡਵੋਕੇਟ ਅਨੂ ਚਤਰਥ (ਸਾਬਕਾ ਮੇਅਰ): ਮੈਂਬਰ
  3. ਜਗਪਾਲ ਸਿੰਘ ਜੱਗਾ (ਦਿਹਾਤੀ ਪ੍ਰਧਾਨ): ਮੈਂਬਰ
  4. ਐਡਵੋਕੇਟ ਗੌਰਵ (ਕਾਨੂੰਨੀ ਵਿੰਗ): ਮੈਂਬਰ
  5. ਕੌਸ਼ਲ ਸਿੰਘ (ਸੂਬਾ ਸਕੱਤਰ): ਮੈਂਬਰ
  6. ਪੀ.ਪੀ. ਘਈ (ਕੋਰ ਕਮੇਟੀ ਮੈਂਬਰ): ਮੈਂਬਰ
  7. ਐਡਵੋਕੇਟ ਦੇਵਕ ਸੋਨੀ (ਯੂਥ ਪ੍ਰਧਾਨ): ਮੈਂਬਰ
  8. ਐਡਵੋਕੇਟ ਪੁਨੀਤ ਛਾਬੜਾ (ਯੂਥ ਸਹਿ-ਪ੍ਰਧਾਨ): ਮੈਂਬਰ
  9. ਸਾਹਿਲ ਦੂਬੇ (ਸਹਿ-ਮੀਡੀਆ ਇੰਚਾਰਜ): ਮੈਂਬਰ
  10. ਐਡਵੋਕੇਟ ਰਵੀ ਮਨੀ (ਸੂਬਾ ਸਕੱਤਰ): ਮੈਂਬਰ
  11. ਰਵੀ ਸਿੰਘ (ਉਪ ਪ੍ਰਧਾਨ, ਐੱਸ.ਸੀ. ਵਿੰਗ): ਮੈਂਬਰ
  12. ਵਿਕਰਾਂਤ ਤੰਵਰ (ਮੀਡੀਆ ਇੰਚਾਰਜ): ਮੈਂਬਰ
  13. ਐਡਵੋਕੇਟ ਰਿੰਕੂ ਬਹਾਦੁਰੀ (ਜਨਰਲ ਸਕੱਤਰ, ਇਸਤਰੀ ਵਿੰਗ): ਮੈਂਬਰ
  14. ਕਮਲਪ੍ਰੀਤ ਜੱਜ (ਏ.ਐੱਸ.ਏ.ਪੀ. ਕੋਰ ਕਮੇਟੀ): ਮੈਂਬਰ

ਪਾਰਟੀ ਸੂਤਰਾਂ ਮੁਤਾਬਕ ਇਸ ਕਮੇਟੀ ਵਿੱਚ ਕਾਨੂੰਨੀ ਮਾਹਿਰਾਂ, ਨੌਜਵਾਨ ਆਗੂਆਂ, ਇਸਤਰੀ ਵਿੰਗ, ਦਿਹਾਤੀ ਖੇਤਰ ਦੇ ਨੁਮਾਇੰਦਿਆਂ ਅਤੇ ਸਾਬਕਾ ਮੇਅਰ ਨੂੰ ਸ਼ਾਮਲ ਕਰਕੇ ਸਮਾਜ ਦੇ ਹਰ ਤਬਕੇ ਦੀ ਨੁਮਾਇੰਦਗੀ ਯਕੀਨੀ ਬਣਾਉਣ ਦਾ ਯਤਨ ਕੀਤਾ ਗਿਆ ਹੈ। ਇਹ ਕਮੇਟੀ ਜਲਦੀ ਹੀ ਆਪਣੀ ਪਹਿਲੀ ਬੈਠਕ ਕਰਕੇ ਸ਼ਹਿਰ ਵਾਸੀਆਂ, ਵਪਾਰਕ ਜਥੇਬੰਦੀਆਂ ਅਤੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਨਾਲ ਰਾਬਤਾ ਕਾਇਮ ਕਰਨ ਦੀ ਰੂਪ-ਰੇਖਾ ਉਲੀਕੇਗੀ।

ਇਸ ਅਧਿਕਾਰਤ ਨਿਯੁਕਤੀ ਪੱਤਰ ਦੀ ਇੱਕ-ਇੱਕ ਨਕਲ ਸੂਚਨਾ ਹਿੱਤ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਕੌਮੀ ਸਕੱਤਰ ਨੂੰ ਵੀ ਭੇਜ ਦਿੱਤੀ ਗਈ ਹੈ ਤਾਂ ਜੋ ਚੋਣ ਤਿਆਰੀਆਂ ਸਬੰਧੀ ਕੇਂਦਰੀ ਲੀਡਰਸ਼ਿਪ ਨੂੰ ਜਾਣੂ ਕਰਵਾਇਆ ਜਾ ਸਕੇ। ਚੰਡੀਗੜ੍ਹ ਇਕਾਈ ਦੇ ਆਗੂਆਂ ਅਨੁਸਾਰ, ਪਾਰਟੀ ਪੂਰੀ ਮਜ਼ਬੂਤੀ ਨਾਲ ਨਿਗਮ ਚੋਣਾਂ ਦੇ ਮੈਦਾਨ ਵਿੱਚ ਉਤਰੇਗੀ ਅਤੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਵਾਲਾ ਚੋਣ ਮਨੋਰਥ ਪੱਤਰ ਪੇਸ਼ ਕਰੇਗੀ।

 

Leave a Comment