ਲਾਭ ਸਿੰਘ ਨੂੰ ਹੋ ਗਈ ‘ਹਾਨੀ’: ਮੱਝਾਂ ‘ਤੇ ਕਰਜ਼ਾ ਦਿਵਾਉਣ ਦੇ ਬਹਾਨੇ ਠੱਗ ਲੈ ਗਏ ਖਾਲੀ ਚੈੱਕ

 

ਗਰੀਬ ਕਿਸਾਨ ਨੂੰ ਮੱਝਾਂ ਲਈ ਕਰਜ਼ਾ ਦੇਣ ਬਹਾਨੇ ਖਾਲੀ ਚੈੱਕਾਂ ‘ਤੇ ਦਸਤਖ਼ਤ ਕਰਵਾ ਕੇ ਲੈ ਗਏ ਠੱਗ

ਕਿਸਾਨ ਵੱਲੋਂ ਥਾਣਾ ਮਮਦੋਟ ਵਿਖੇ ਸ਼ਿਕਾਇਤ ਦੇ ਕੇ ਠੱਗਾਂ ਖਿਲਾਫ਼ ਕਾਰਵਾਈ ਕਰਨ ਅਤੇ ਚੈੱਕ ਵਾਪਸ ਕਰਵਾਉਣ ਦੀ ਮੰਗ ਕੀਤੀ ਗਈ।

ਜਸਬੀਰ ਸਿੰਘ ਕੰਬੋਜ

ਫਿਰੋਜ਼ਪੁਰ 11 ਫਰਵਰੀ 2026- ਸਰਹੱਦੀ ਅਤੇ ਪੱਛੜੇ ਖੇਤਰ ਜਿੱਥੇ ਆਮ ਤੌਰ ‘ਤੇ ਘੱਟ ਪੜ੍ਹੇ-ਲਿਖੇ ਜਾਂ ਅਨਪੜ੍ਹ ਗਰੀਬ ਮਜ਼ਦੂਰ ਅਤੇ ਕਿਸਾਨ ਰਹਿੰਦੇ ਹਨ, ਉਹਨਾਂ ਖੇਤਰਾਂ ਵਿੱਚ ਠੱਗਾਂ ਦੇ ਗਿਰੋਹ ਆਮ ਹੀ ਸਰਗਰਮ ਰਹਿੰਦੇ ਹਨ, ਅਤੇ ਕਈ ਵਾਰ ਠੱਗੀਆਂ ਮਾਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਭੰਮਾ ਹਾਜੀ ਵਿਖੇ ਠੱਗੀ ਦਾ ਇੱਕ ਅਨੋਖਾ ਹੀ ਮਾਮਲਾ ਸਾਹਮਣੇ ਆਇਆ ਹੈ।

ਪਿੰਡ ਭੰਮਾ ਹਾਜੀ ਦੇ ਗਰੀਬ ਕਿਸਾਨ ਲਾਭ ਸਿੰਘ ਪੁੱਤਰ ਨਛੱਤਰ ਸਿੰਘ ਨੇ ਆਪਣੀ ਵਿਥਿਆ ਸੁਣਾਉਂਦਿਆ ਦੱਸਿਆ ਕਿ ਉਸਦੇ ਪਰਿਵਾਰ ਕੋਲ ਕਾਫ਼ੀ ਦੁਧਾਰੂ ਮੱਝਾਂ ਹਨ ਅਤੇ ਉਹ ਬਾਣੀ ਡੇਅਰੀ ‘ਤੇ ਦੁੱਧ ਪਾਉਂਦਾ ਹੈ। ਕੁਝ ਦਿਨ ਪਹਿਲਾਂ ਉਸਨੂੰ ਮੋਬਾਈਲ ‘ਤੇ ਇੱਕ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਤੇ ਕਹਿੰਦਾ ਕਿ ਫਾਇਨਾਂਸ ਕੰਪਨੀ ਮੋਗਾ ਤੋਂ ਬੋਲ ਰਿਹਾ ਹਾਂ, ਮੈਂ ਆਪਣੀ ਕੰਪਨੀ ਤੋਂ ਤੁਹਾਨੂੰ ਡੇਅਰੀ ਲਈ ਕਰਜ਼ਾ ਦਿਵਾ ਦਿਆਂਗਾ, ਜਿਸ ‘ਤੇ ਕਿਸਾਨ ਨੇ ਦੱਸਿਆ ਕਿ ਮੈਂ ਅਣਸੁਣਿਆ ਕਰਕੇ ਉਸਨੂੰ ਜਵਾਬ ਦੇ ਦਿੱਤਾ, ਕੁਝ ਦਿਨਾਂ ਬਾਅਦ ਫਿਰ ਮੈਨੂੰ ਮੋਬਾਈਲ ਤੋਂ ਕਾਲ ਆਈ ਤੇ ਫਿਰ ਉਸਨੇ ਪਹਿਲਾਂ ਦੀ ਤਰ੍ਹਾਂ ਡੇਅਰੀ ਲਈ ਕਰਜ਼ਾ ਕਰਵਾਉਣ ਲਈ ਕਿਹਾ, ਮੈਂ ਉਸਦੀਆਂ ਗੱਲਾਂ ਵਿੱਚ ਆ ਗਿਆ, ਜਿਸ ਤੋਂ ਬਾਅਦ ਉਹ ਵਿਅਕਤੀ ਸਾਥੀਆਂ ਸਮੇਤ ਸਾਡੇ ਘਰ ਆਇਆ ਅਤੇ ਦੁਧਾਰੂ ਪਸ਼ੂਆਂ ਦੀਆਂ ਫੋਟੋਆਂ ਖਿੱਚ ਕੇ ਕਰਜ਼ੇ ਦੇ ਕਾਗਜ਼ ਤਿਆਰ ਕਰਨ ਲੱਗ ਪਿਆ। ਮੈਂ ਆਪਣੀ ਨੂੰਹ ਮਨਪ੍ਰੀਤ ਕੌਰ ਪਤਨੀ ਨਵਦੀਪ ਸਿੰਘ ਦੇ ਨਾਮ ‘ਤੇ ਫਾਈਲ ਤਿਆਰ ਕਰਵਾਈ।

ਜਿਸ ਤੋਂ ਬਾਅਦ ਉਕਤ ਵਿਅਕਤੀ ਮੇਰੇ ਅਤੇ ਮੇਰੀ ਨੂੰਹ ਦੇ 5 ਖਾਲੀ ਚੈੱਕ ਦਸਤਖ਼ਤ ਕਰਵਾ ਕੇ ਕਰਜ਼ੇ ਦੀ ਸਕਿਉਰਟੀ ਅਤੇ ਗਰੰਟੀ ਦੇ ਤੌਰ ‘ਤੇ ਲੈ ਗਏ, ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਫੋਨ ਬੰਦ ਕਰ ਲਏ, ਤੇ ਇੱਕ ਚੈੱਕ ਬੈਂਕ ਵਿੱਚ ਲਗਾ ਦਿੱਤਾ, ਜਿਸਦਾ ਮੈਸੇਜ ਵੇਖ ਕੇ ਉਸਨੂੰ ਸਮਝ ਆ ਗਈ ਕਿ ਉਹਨਾਂ ਨਾਲ ਠੱਗੀ ਵੱਜ ਗਈ ਹੈ।

ਕਿਸਾਨ ਨੇ ਦੱਸਿਆ ਕਿ ਜਦੋਂ ਉਕਤ ਠੱਗ ਕਿਸਮ ਦੇ ਵਿਅਕਤੀ ਉਸਦੇ ਘਰ ਆਏ ਤਾਂ ਉਹਨਾਂ ਨੇ ਆਪਣੇ ਫੋਨ ‘ਤੇ ਉਹਨਾਂ ਦੀਆਂ ਫੋਟੋਆਂ ਅਤੇ ਵੀਡੀਓ ਬਣਾ ਲਈਆਂ ਸਨ। ਕਿਸਾਨ ਲਾਭ ਸਿੰਘ ਵੱਲੋਂ ਪੁਲਿਸ ਥਾਣਾ ਮਮਦੋਟ ਵਿਖੇ ਸ਼ਿਕਾਇਤ ਦੇ ਕੇ ਠੱਗੀ ਮਾਰਨ ਵਾਲਿਆਂ ਖਿਲਾਫ਼ ਕਾਰਵਾਈ ਅਤੇ ਆਪਣੇ ਪਰਿਵਾਰ ਦੇ ਖਾਲੀ ਚੈੱਕ ਵਾਪਸ ਕਰਵਾਉਣ ਦੀ ਗੁਹਾਰ ਲਗਾਈ ਹੈ।