ਕਰ ਲਓ ਘਿਓ ਨੂੰ ਭਾਂਡਾ! ਪੰਜਾਬ ਭਾਜਪਾ ਨੇ ਮਹਿਲਾ ਮੋਰਚੇ ਦੀ ਕਮਾਨ “ਪੁਰਸ਼” ਨੂੰ ਸੌਂਪੀ
ਪੰਜਾਬ ਭਾਜਪਾ ਦੇ ਮਹਿਲਾ ਮੋਰਚੇ ਦੀ ਕਮਾਨ ਪੁਰਸ਼ ਆਗੂ ਹੱਥ ਸੌਂਪਣ ‘ਤੇ ਛਿੜਿਆ ਸਿਆਸੀ ਵਿਵਾਦ; ਕਾਂਗਰਸ ਨੇ ਕੱਸਿਆ ਤਿੱਖਾ ਤੰਜ
Punjab News- ਪੰਜਾਬ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਮਹਿਲਾ ਮੋਰਚਾ ਦੇ ਸੂਬਾਈ ਇੰਚਾਰਜ ਵਜੋਂ ਇੱਕ ਪੁਰਸ਼ ਆਗੂ ਦੀ ਨਿਯੁਕਤੀ ਕੀਤੇ ਜਾਣ ਤੋਂ ਬਾਅਦ ਸੂਬੇ ਦੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ।
ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਜਾਰੀ ਕੀਤੀ ਗਈ ਨਿਯੁਕਤੀਆਂ ਦੀ ਸੂਚੀ ਨੂੰ ਲੈ ਕੇ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਭਾਜਪਾ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਨੇ ਤਨਜ਼ ਕੱਸਦਿਆਂ ਕਿਹਾ ਹੈ ਕਿ ਦੇਸ਼ ਭਰ ਵਿੱਚ ਔਰਤਾਂ ਦੇ ਸਿਆਸੀ ਸਸ਼ਕਤੀਕਰਨ ਦੀ ਵਕਾਲਤ ਕਰਨ ਵਾਲੀ ਭਾਜਪਾ ਨੂੰ ਸਭ ਤੋਂ ਪਹਿਲਾਂ ਆਪਣੇ ਘਰ ਯਾਨੀ ਆਪਣੀ ਹੀ ਪਾਰਟੀ ਦੇ ਅੰਦਰ ਮਹਿਲਾ ਰਾਖਵਾਂਕਰਨ ਲਾਗੂ ਕਰਨਾ ਚਾਹੀਦਾ ਹੈ।
ਭਾਜਪਾ ਵੱਲੋਂ ਜਾਰੀ ਅਧਿਕਾਰਤ ਸੂਚੀ ਮੁਤਾਬਕ ਸੀਨੀਅਰ ਆਗੂ ਅਨਿਲ ਸਰੀਨ ਨੂੰ ਮਹਿਲਾ ਮੋਰਚਾ ਦਾ ਸੂਬਾਈ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਪਾਰਟੀ ਵੱਲੋਂ ਪਹਿਲਾਂ ਹੀ ਬੀਬਾ ਜੈ ਇੰਦਰ ਕੌਰ ਨੂੰ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਜਿਹੇ ਵਿੱਚ ਮਹਿਲਾ ਵਿੰਗ ਦੀ ਪ੍ਰਧਾਨਗੀ ਇੱਕ ਮਹਿਲਾ ਆਗੂ ਕੋਲ ਹੋਣ ਦੇ ਬਾਵਜੂਦ ਇਸ ਮੋਰਚੇ ਦਾ ਇੰਚਾਰਜ ਇੱਕ ਪੁਰਸ਼ ਆਗੂ ਨੂੰ ਲਾਇਆ ਜਾਣਾ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਦਰਅਸਲ, ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਪੰਜਾਬ ਵਿੱਚ ਪਾਰਟੀ ਦੇ ਕੁੱਲ ਛੇ ਵੱਖ-ਵੱਖ ਮੋਰਚਿਆਂ ਲਈ ਨਵੇਂ ਇੰਚਾਰਜਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸੂਚੀ ਵਿੱਚ ਪਰਮਿੰਦਰ ਸਿੰਘ ਬਰਾੜ ਨੂੰ ਯੁਵਾ ਮੋਰਚਾ, ਅਨਿਲ ਸਰੀਨ ਨੂੰ ਮਹਿਲਾ ਮੋਰਚਾ, ਜੀਵਨ ਗਰਗ ਨੂੰ ਕਿਸਾਨ ਮੋਰਚਾ, ਰਜਨੀਸ਼ ਧੀਮਾਨ ਨੂੰ ਅਨੁਸੂਚਿਤ ਜਾਤੀ ਮੋਰਚਾ, ਰਾਜੇਸ਼ ਬਾਗਾ ਨੂੰ ਪੱਛੜੀਆਂ ਸ਼੍ਰੇਣੀਆਂ ਮੋਰਚਾ ਅਤੇ ਰਾਕੇਸ਼ ਰਾਠੌਰ ਨੂੰ ਘੱਟ ਗਿਣਤੀ ਮੋਰਚੇ ਦਾ ਇੰਚਾਰਜ ਥਾਪਿਆ ਗਿਆ ਹੈ। ਭਾਜਪਾ ਲੀਡਰਸ਼ਿਪ ਅਨੁਸਾਰ ਇਨ੍ਹਾਂ ਨਿਯੁਕਤੀਆਂ ਦਾ ਮੁੱਖ ਮੰਤਵ ਸੂਬੇ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨਾ ਹੈ।
ਦੂਜੇ ਪਾਸੇ, ਕਾਂਗਰਸ ਨੇ ਇਸ ਫ਼ੈਸਲੇ ਨੂੰ ਭਾਜਪਾ ਦੀ ਦੋਹਰੀ ਨੀਤੀ ਕਰਾਰ ਦਿੱਤਾ ਹੈ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33 ਫ਼ੀਸਦ ਰਾਖਵਾਂਕਰਨ ਲਾਗੂ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਪਰ ਪੰਜਾਬ ਵਿੱਚ ਪਾਰਟੀ ਕੋਲ ਮਹਿਲਾ ਮੋਰਚੇ ਦਾ ਇੰਚਾਰਜ ਲਾਉਣ ਲਈ ਕੋਈ ਯੋਗ ਮਹਿਲਾ ਆਗੂ ਨਹੀਂ ਮਿਲੀ।
ਕਾਂਗਰਸ ਨੇ ਨਸੀਹਤ ਦਿੱਤੀ ਕਿ ਭਾਜਪਾ ਦੂਜੀਆਂ ਪਾਰਟੀਆਂ ਨੂੰ ਮਹਿਲਾ ਸਸ਼ਕਤੀਕਰਨ ਦਾ ਪਾਠ ਪੜ੍ਹਾਉਣ ਦੀ ਬਜਾਏ ਪਹਿਲਾਂ ਆਪਣੇ ਸੰਗਠਨ ਵਿੱਚ ਔਰਤਾਂ ਨੂੰ ਬਣਦੀ ਨੁਮਾਇੰਦਗੀ ਦੇਵੇ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਇਨ੍ਹੀਂ ਦਿਨੀਂ 33 ਫ਼ੀਸਦ ਮਹਿਲਾ ਰਾਖਵਾਂਕਰਨ ਅਤੇ ਸੰਵਿਧਾਨਕ ਸੋਧਾਂ ਨੂੰ ਲੈ ਕੇ ਭਖਵੀਂ ਬਹਿਸ ਚੱਲ ਰਹੀ ਹੈ, ਜਿਸ ਦਰਮਿਆਨ ਪੰਜਾਬ ਭਾਜਪਾ ਦੇ ਇਸ ਕਦਮ ਨੇ ਵਿਰੋਧੀਆਂ ਨੂੰ ਬੈਠੇ-ਬਿਠਾਏ ਇੱਕ ਨਵਾਂ ਸਿਆਸੀ ਮੁੱਦਾ ਦੇ ਦਿੱਤਾ ਹੈ।
















