Punjab News: ਸਪੈਸ਼ਲ ਕਾਡਰ ਅਧਿਆਪਕਾਂ ‘ਤੇ ਪੁਲਿਸ ਦਾ ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾਂ

 

Punjab News: ਸਪੈਸ਼ਲ ਕਾਡਰ ਅਧਿਆਪਕਾਂ ‘ਤੇ ਪੁਲਿਸ ਦਾ ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾਂ

Punjab Network

ਚੰਡੀਗੜ੍ਹ, 2 ਮਾਰਚ 2026- ਪੰਜਾਬ ਦੇ ਸਪੈਸ਼ਲ ਕਾਡਰ ਅਧਿਆਪਕ ਫਰੰਟ ਵੱਲੋਂ ਅੱਜ ਮੋਹਾਲੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਉਸ ਸਮੇਂ ਹਿੰਸਕ ਰੂਪ ਧਾਰਨ ਕਰ ਗਿਆ ਜਦੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੂਚ ਕਰ ਰਹੇ ਅਧਿਆਪਕਾਂ ਨੂੰ ਰੋਕਣ ਲਈ ਪੁਲਿਸ ਨੇ ਸਖ਼ਤ ਰੁਖ਼ ਅਪਣਾਇਆ।

ਚੰਡੀਗੜ੍ਹ ਬਾਰਡਰ ‘ਤੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਅਧਿਆਪਕਾਂ ਨੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਅਧਿਆਪਕਾਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਪੁਲਿਸ ਨੇ ਹਲਕੇ ਬਲ ਦਾ ਇਸਤੇਮਾਲ ਕਰਦਿਆਂ ਅਧਿਆਪਕਾਂ ‘ਤੇ ਲਾਠੀਚਾਰਜ ਕੀਤਾ।

ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਅਧਿਆਪਕਾਂ ਵਿਚਾਲੇ ਤਿੱਖੀ ਖਿੱਚ-ਧੂ ਹੋਈ ਅਤੇ ਕਈ ਅਧਿਆਪਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਅਧਿਆਪਕਾਂ ਨੇ ਵੀ ਹਿੱਸਾ ਲਿਆ, ਜਿਨ੍ਹਾਂ ਨਾਲ ਪੁਲਿਸ ਦੀ ਖਿੱਚ-ਧੂ ਹੋਣ ਦੀਆਂ ਖ਼ਬਰਾਂ ਹਨ।

ਅਧਿਆਪਕਾਂ ਦੀਆਂ ਮੁੱਖ ਮੰਗਾਂ

ਯੂਨੀਅਨ ਆਗੂ ਦਵਿੰਦਰ ਸਿੰਘ ਸੰਧੂ, ਮਨਪ੍ਰੀਤ ਸਿੰਘ ਮੋਗਾ, ਗੁਰਲਾਲ ਸਿੰਘ, ਅਨੁਭਵ ਗੁਪਤਾ, ਵੀਰਪਾਲ ਕੌਰ ਸਿਧਾਣਾ ਅਤੇ ਹਰਪ੍ਰੀਤ ਕੌਰ ਜਲੰਧਰ ਨੇ ਦੱਸਿਆ ਕਿ 12,710 ਸਪੈਸ਼ਲ ਕਾਡਰ ਅਧਿਆਪਕਾਂ ‘ਤੇ ਤੁਰੰਤ ਪੂਰਾ ‘ਪੇ-ਸਕੇਲ’ (Pay Scale) ਲਾਗੂ ਕੀਤਾ ਜਾਵੇ।

ਆਗੂਆਂ ਅਨੁਸਾਰ, 28 ਜੁਲਾਈ 2023 ਨੂੰ ਨਿਯੁਕਤੀ ਪੱਤਰ ਦੇਣ ਵੇਲੇ ਸਰਕਾਰ ਨੇ ਇੱਕ ਸਾਲ ਵਿੱਚ ਸਾਰੇ ਲਾਭ ਦੇਣ ਦਾ ਵਾਅਦਾ ਕੀਤਾ ਸੀ, ਜੋ ਅਜੇ ਤੱਕ ਵਫ਼ਾ ਨਹੀਂ ਹੋਇਆ। ਅਧਿਆਪਕਾਂ ਵਿੱਚ ਇਸ ਗੱਲ ਦਾ ਰੋਸ ਹੈ ਕਿ ਸਿੱਖਿਆ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਦੇ ਕੇ ਐਨ ਮੌਕੇ ‘ਤੇ ਰੱਦ ਕਰ ਦਿੱਤਾ ਜਾਂਦਾ ਹੈ।

ਬਾਰਡਰ ‘ਤੇ ਭਾਰੀ ਬੈਰੀਕੇਡਿੰਗ ਕਾਰਨ ਅਧਿਆਪਕਾਂ ਨੇ ਉੱਥੇ ਹੀ ਧਰਨਾ ਮਾਰ ਦਿੱਤਾ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਅਧਿਆਪਕ ਆਗੂਆਂ ਨੇ ਸਪੱਸ਼ਟ ਕੀਤਾ ਕਿ ‘ਆਪ’ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਲਾਗੂ ਕਰਵਾਉਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।